ਅਸ਼ੋਕ ਵਰਮਾ, ਚੰਡੀਗੜ੍ਹ 30 ਨਵੰਬਰ 2023
ਚੰਡੀਗੜ੍ਹ ਵਿਖੇ 26 ਨਵੰਬਰ ਤੋਂ 28 ਨਵੰਬਰ 2023 ਤੱਕ ਐਸਕੇਐਮ ਦੇ ਸੱਦੇ ਤੇ ਤਿੰਨ ਰੋਜ਼ਾ ਮੋਰਚਾ ਸਮੇਂ ਤਿੰਨ ਖੇਤੀਬਾੜੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਪਾਸ ਕਰਨ ਤੋਂ ਰੱਦ ਕਰਨ ਤੱਕ ਚੱਲੇ ਇਤਿਹਾਸਕ ਕਿਸਾਨ ਸੰਘਰਸ਼ ਦੀਆਂ ਮਹੱਤਵਪੂਰਨ ਤਸਵੀਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਲਾਈ ਪ੍ਰਦਰਸ਼ਨੀ ਦੇ ਦ੍ਰਿਸ਼ ਹਰ ਉਮਰ ਵਰਗ ਦੇ ਲੋਕਾਂ ਦੀ ਖਿੱਚ੍ਹ ਦਾ ਕੇਂਦਰ ਰਹੇ। ਜਨਤਕ ਜਮਹੂਰੀ ਆਗੂ ਨਰਾਇਣ ਦੱਤ ਨੇ ਪੰਜਾਬ ਵਾਸੀਆਂ ਨੂੰ ਇਸ ਵਿਰਾਸਤੀ ਘੋਲ ਨਾਲ ਜੋੜੀ ਰੱਖਣ ਦੇ ਇਰਾਦੇ ਨਾਲ ਇੰਨ੍ਹਾਂ ਇਤਿਹਾਸਕ ਤਸਵੀਰਾਂ ਨੂੰ ਭਵਿੱਖ ਵਿੱਚ ਵੀ ਲੋਕਾਂ ਤੱਕ ਪੁੱਜਦੀ ਕਰਨ ਦਾ ਅਹਿਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਇੱਕ ਅਹਿਮ ਤੇ ਵੱਡੀ ਮੁੱਲੀ ਵਿਰਾਸਤ ਹੈ ਜਿਸ ਨੂੰ ਰਹਿੰਦੀ ਦੁਨੀਆਂ ਤੱਕ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਨੂੰ ਤਿੰਨ ਰੋਜ਼ਾ ਠਹਿਰ ਦੌਰਾਨ ਹਜ਼ਾਰਾਂ ਜੁਝਾਰੂ ਮਰਦ-ਔਰਤਾਂ ਕਿਸਾਨ ਕਾਫ਼ਲਿਆਂ ਨੇ ਤਾਂ ਵੇਖਿਆ ਹੀ, ਸਰਕਾਰੀ ਸਕੂਲ ਵਿੱਚ ਪੜ੍ਹਦੇ ਛੇ ਨੌਜਵਾਨਾਂ ਨੇ ਇਸ ਪ੍ਰਦਰਸ਼ਨੀ ਵਿੱਚ ਬੇਹੱਦ ਦਿਲਚਸਪੀ ਲਈ ਅਤੇ ਜਾਣਕਾਰੀ ਹਾਸਲ ਕੀਤੀ। ਪ੍ਰਦਰਸ਼ਨੀ ਦਾ ਸਿਖਰ ਉਦੋਂ ਹੋ ਨਿੱਬੜਿਆ ਜਦੋਂ ਰੱਦੀ ਇਕੱਠੀ ਕਰਦੇ ਦੋ ਨੌਜਵਾਨਾਂ ਨੇ ਇਨ੍ਹਾਂ ਤਸਵੀਰਾਂ ਨੂੰ ਪੂਰੇ ਗਹੁ ਨਾਲ ਵੇਖਿਆ। ਇਨ੍ਹਾਂ ਮਜ਼ਦੂਰਾਂ ਦੇ ਪੈਰਾਂ ਵਿੱਚ ਇੱਕ ਦੇ ਟੁੱਟੀਆਂ ਚੱਪਲਾਂ,ਜਦ ਕਿ ਦੂਜੇ ਦੇ ਪੈਰ ਬਿਲਕੁਲ ਨੰਗੇ ਸਨ।
ਇੰਨ੍ਹਾਂ ਬੱਚਿਆਂ ਨੇ ਅੰਧਾ ਘੰਟੇ ਤੋਂ ਵੱਧ ਸਮੇਂ ਦੀ ਠਹਿਰ ਦੌਰਾਨ ਇਤਿਹਾਸਕ ਕਿਸਾਨ ਘੋਲ ਸਬੰਧੀ ਜਾਣਕਾਰੀ ਹਾਸਲ ਕੀਤੀ। ਇੱਕ ਕਿਸਾਨ ਕਾਫ਼ਲੇ ਵਿੱਚ ਆਇਆ ਵਹਿੰਗੀ ਤੇ ਇੱਕ ਲੱਤ ਤੋਂ ਆਹਰਾ ਨੌਜਵਾਨ ਸੀ ਜੋ ਲੰਮਾਂ ਸਮਾਂ ਨੀਝ ਨਾਲ ਫੋਟੋਆਂ ਨੂੰ ਤੱਕਦਾ ਰਿਹਾ।
ਪੈਪਸੂ ਮੁਜ਼ਾਰਾ ਲਹਿਰ ਕਿਸ਼ਨਗੜ੍ਹ ਦੀ ਧਰਤੀ ਦੀਆਂ ਵਾਰਸ ਕਿਸਾਨ ਕਾਰਕੁਨਾਂ ਨੇ ਜਦ ਆਪਣੇ ਆਪ ਨੂੰ ਇਨ੍ਹਾਂ ਤਸਵੀਰਾਂ ਵਿੱਚੋਂ ਤੱਕਿਆ ਤਾਂ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ। ਵੱਡੀ ਗਿਣਤੀ ਵਿੱਚ ਪਹੁੰਚੇ ਮਰਦ-ਔਰਤਾਂ ਦੇ ਕਿਸਾਨ ਕਾਫ਼ਲਿਆਂ ਨੇ ਆਪਣੇ ਆਪ ਦੀ ਇਤਿਹਾਸਕ ਕਿਸਾਨ ਘੋਲ ਵਿੱਚ ਤਸਵੀਰਾਂ ਦੀ ਜ਼ੁਬਾਨੀ ਪਾਈ ਜਾ ਰਹੀ ਬਾਤ ਵਿੱਚ ਤਲਾਸ਼ ਕੀਤੀ।
ਇਨ੍ਹਾਂ ਤਸਵੀਰਾਂ ਰਾਹੀਂ ਕਲਮ,ਕਲਾ ਅਤੇ ਸੰਗਰਾਮ ਦੀ ਜੋਟੀ ਨੂੰ ਹੋਰ ਪੀਡਾ ਕੀਤਾ। ਹਜ਼ਾਰਾਂ ਲੋਕਾਂ ਨੇ ਇਸ ਪ੍ਰਦਰਸ਼ਨੀ ਨੂੰ ਵੇਖਦਿਆਂ ਪ੍ਰਬੰਧਕਾਂ ਦੇ ਇਸ ਵਡਮੁੱਲੇ ਉਪਰਾਲੇ ਪ੍ਰਤੀ ਸੰਗਰਾਮੀ ਮੁਬਾਰਕਬਾਦ ਦਿੱਤੀ। ਨਰਾਇਣ ਦੱਤ ਨੇ ਸੰਘਰਸ਼ਾਂ ਦੇ ਪਿੜ ਵਿੱਚ ਅਜਿਹੇ ਉਪਰਾਲੇ ਜਾਰੀ ਰਹਿਣ ਦੀ ਕਾਮਨਾ ਕੀਤੀ ਹੈ।