ਗਗਨ ਹਰਗੁਣ, ਮਾਲੇਰਕੋਟਲਾ 30 ਨਵੰਬਰ 2023
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਜ਼ਿਲ੍ਹਾ ਮਾਲੇਰਕੋਟਲਾ ਦੇ ਦੌਰੇ ਦੌਰਾਨ ਵੱਖ-ਵੱਖ ਥਾਵਾਂ ‘ਤੇ ਮੀਟਿੰਗ ਕਰਕੇ ਸੰਗਤ ਦਰਸ਼ਨ ਕੀਤੇ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਤਗੜੇ ਹੋ ਕੇ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਐਮ.ਪੀ. ਸ. ਮਾਨ ਨੇ ਪਿੰਡ ਫਰਵਾਲੀ ਦੇ ਲੋਕਾਂ ਦੀ ਸਹੂਲਤ ਲਈ ਪੰਚਾਇਤ ਦੀ ਮੰਗ ‘ਤੇ ਇੱਕ ਸਟੀਲ ਵਾਲੀ ਪਾਣੀ ਦੀ ਟੈਂਕੀ ਵੀ ਭੇਂਟ ਕੀਤੀ ਗਈ | ਇੱਥੇ ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਪਿੰਡ ਫਰਵਾਲੀ ਨੂੰ ਪਾਰਟੀ ਵੱਲੋਂ ਇੱਕ ਟਰੈਕਟਰ ਵੀ ਦਿੱਤਾ ਗਿਆ ਹੈ, ਜੋ ਕਿ ਪਿੰਡ ਦੇ ਸਾਂਝੇ ਕੰਮਾਂ ਲਈ ਇਸਤੇਮਾਲ ਵਿੱਚ ਲਿਆ ਜਾ ਰਿਹਾ ਹੈ |
ਆਪਣੇ ਦੌਰੇ ਦੌਰਾਨ ਵੱਖ-ਵੱਖ ਥਾਵਾਂ ‘ਤੇ ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਉਹ ਸਮੂਹ ਹਲਕਾ ਨਿਵਾਸੀਆਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਪੰਜਾਬ ਦੀ ਸੱਤਾ ‘ਤੇ ਆਮ ਆਦਮੀ ਪਾਰਟੀ ਕਾਬਜ ਹੋਣ ਦੇ ਬਾਵਜੂਦ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਨੂੰ ਜਿਤਾ ਕੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅ) ਨੂੰ ਬਹੁਤ ਸਾਰਾ ਮਾਣ ਬਖਸ਼ਿਆ ਹੈ | ਇਸਦੇ ਬਾਵਜੂਦ ਸਾਡੀ ਪਾਰਟੀ ਦੇ ਆਗੂ ਕਹਿੰਦੇ ਹਨ ਕਿ ਅਸੀਂ ਕਰਨਾ ਤਾਂ ਬਹੁਤ ਕੁਝ ਚਾਹੁੰਦੇ ਹਾਂ ਪਰ ਸਾਨੂੰ ਸੱਤਾਧਾਰੀ ਪਾਰਟੀ ਜਾਂ ਸਬੰਧਤ ਅਫਸਰ ਕੁਝ ਕਰਨ ਨਹੀਂ ਦਿੰਦੇ | ਇਸਦਾ ਮਤਲਬ ਹੈ ਅਸੀਂ ਹਾਲੇ ਵੀ ਕਮਜੋਰ ਹਾਂ | ਜੇਕਰ ਲੋਕ ਭਲਾਈ ਦੇ ਕੰਮਾਂ ਵਿੱਚ ਕੋਈ ਵੀ ਰੁਕਾਵਟ ਪੈਦਾ ਕਰਦਾ ਹੈ ਤਾਂ ਉਸਦਾ ਵਿਰੋਧ ਕਰੋ, ਧਰਨੇ ਦਿਓ ਅਤੇ ਆਪਣੀ ਆਵਾਜ ਨੂੰ ਲੋਕਾਂ ਤੱਕ ਪਹੁੰਚਾਓ |
ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਅਤੇ ਸਿੱਖਾਂ ਨਾਲ ਮੌਕੇ ਦੀਆਂ ਸਰਕਾਰਾਂ ਵੱਲੋਂ ਬਹੁਤ ਜਿਆਦਤੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਇੱਕਜੁਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਚਾਹੀਏ ਤਾਂ ਆਪਸ ਵਿੱਚ ਮਿਲ ਕੇ ਸਭ ਕੁਝ ਕਰ ਸਕਦੇ ਹਾਂ ਅਤੇ ਆਪਣੇ ਹੱਕ ਲੈਣ ਲਈ ਸਾਨੂੰ ਮਿਲ ਜੁਲ ਕੇ ਯਤਨ ਕਰਨੇ ਵੀ ਚਾਹੀਦੇ ਹਨ | ਐਮ.ਪੀ. ਮਾਨ ਨੇ ਦੱਸਿਆ ਕਿ ਉਹ ਨਵਾਬ ਮੁਹੰਮਦ ਸ਼ੇਰ ਖਾਨ ਜੀ ਦੀ ਯਾਦ ਵਿੱਚ ਇੱਕ ਸ਼ਾਨਦਾਰ ਇਮਾਰਤ ਬਨਵਾਉਣਾ ਚਾਹੁੰਦੇ ਹਨ ਪਰ ਸਾਡੀ ਪਾਰਟੀ ਦੇ ਆਗੂ ਦੱਸ ਰਹੇ ਹਨ ਕਿ ਸੱਤਾਧਾਰੀ ਪਾਰਟੀ ਅਤੇ ਸਬੰਧਤ ਅਫਸਰ ਵਿੱਚ ਰੁਕਾਵਟਾਂ ਪਾ ਰਹੇ ਹਨ ਪਰ ਮੈਂ ਆਪਣੀ ਪਾਰਟੀ ਦੇ ਜਥੇਦਾਰ ਸਹਿਬਾਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਜੇਕਰ ਅਸੀਂ ਕੁਝ ਕਰਨ ਦਾ ਪੱਕਾ ਮਨ ਬਣਾ ਲਈਏ ਤਾਂ ਉਸ ਕੰਮ ਨੂੰ ਹੋਣ ਤੋਂ ਕੋਈ ਨਹੀਂ ਰੋਕ ਸਕਦਾ |
ਇਸ ਲਈ ਤਗੜੇ ਹੋ ਕੇ ਆਪਣੇ ਕੰਮ ਕਰਦੇ ਰਹੋ ਅਤੇ ਸਥਾਨਕ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਹਲਕੇ ਦੀ ਬਿਹਤਰੀ ਲਈ ਹੋਣ ਵਾਲੇ ਕੰਮਾਂ ਵਿੱਚ ਸਾਡੇ ਜਥੇਦਾਰਾਂ ਦਾ ਪੂਰਾ ਸਾਥ ਦਿਓ, ਤਾਂ ਜੋ ਉਨ੍ਹਾਂ ਨੂੰ ਵੀ ਹਲਕੇ ਦੀ ਬਿਹਤਰੀ ਲਈ ਕੰਮ ਕਰਨ ਲਈ ਹੋਰ ਹੱਲਾਸ਼ੇਰੀ ਮਿਲ ਸਕੇ | ਉਨ੍ਹਾਂ ਕਿਹਾ ਕਿ ਨਵੀਂ ਪਾਰਲੀਮੈਂਟ ਦੀ ਚੋਣ ਜਲਦੀ ਹੀ ਹੋਣ ਜਾ ਰਹੀ ਹੈ, ਜਿਸਦੀ ਤਿਆਰੀ ਵਿੱਚ ਸਾਨੂੰ ਹੁਣੇ ਤੋਂ ਡੱਟ ਜਾਣਾ ਚਾਹੀਦਾ ਹੈ | ਉਨ੍ਹਾਂ ਅਪੀਲ ਕੀਤੀ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦਿਓ |
ਇਸ ਮੌਕੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਹਰਦੇਵ ਸਿੰਘ ਪੱਪੂ, ਜਥੇਦਾਰ ਹਰਜੀਤ ਸਿੰਘ ਸੰਜੂਮਾਂ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਪ੍ਰਬੰਧਕੀ ਸਕੱਤਰ ਹਰਿੰਦਰ ਸਿੰਘ ਔਲਖ, ਹਾਜੀ ਅਨਵਰ ਅਹਿਮਦ ਉਰਫ ਬਿੱਟੂ ਚੌਹਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਮੈਂਬਰ ਸਹਿਬਾਨ ਹਾਜਰ ਸਨ |