ਅਸੋਕ ਧੀਮਾਨ, ਫਤਿਹਗੜ੍ਹ ਸਾਹਿਬ, 30 ਨਵੰਬਰ 2023
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਮਿਸ਼ਨ ਇੰਦਰਧਨੁੱਸ਼ ਮੁਹਿੰਮ ਦੇ ਤੀਸਰੇ ਤੇ ਆਖਰੀ ਪੜਾਅ ਦੀ ਸਮਾਪਤੀ ਹੋ ਗਈ, ਜਿਸ ਸਬੰਧੀ ਅੱਜ ਸਿਵਲ ਸਰਜਨ ਦਫਤਰ ਵਿਖੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਵੱਲੋਂ ਰੀਵਿਓ ਮੀਟਿੰਗ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਜਿਲੇ ਅਧੀਨ ਮਿਸ਼ਨ ਇੰਦਰਧਨੁੱਸ਼ ਤਹਿਤ 3 ਪੜਾਵਾਂ ਵਿਚ 0—5 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਜੋ ਟੀਕਾਕਰਣ ਤੋਂ ਕਿਸੇੇ ਕਾਰਨ ਕਰਕੇ ਵਾਂਝੇ ਰਹਿ ਗਏ ਸਨ ਦਾ ਟੀਕਾਕਰਣ ਕੀਤਾ ਗਿਆ।
ਇਸ ਮੁਹਿੰਮ ਤਹਿਤ ਤਿੰਨੇ ਪੜਾਵਾਂ ਵਿਚ 385 ਸੈਸ਼ਨ ਲਗਾਕੇ 0—5 ਸਾਲ ਦੇ ਬੱਚਿਆਂ ਦੇ ਵੱਖ—ਵੱਖ ਬੀਮਾਰੀਆਂ ਦੇ 3031 ਟੀਕੇ ਲਗਾਏ ਗਏ ਅਤੇ 785 ਟੀਕੇ ਗਰਭਵਤੀਆਂ ਨੂੰ ਲਗਾ ਕੇ ਟਾਰਗੇਟ ਪ੍ਰਾਪਤ ਕੀਤਾ ਗਿਆ।ਉਹਨਾਂ ਕਿਹਾ ਕਿ 0—5 ਸਾਲ ਦੇ ਬੱਚਿਆਂ ਦਾ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਬਹੁਤ ਜ਼ਰੂਰੀ ਹੈ ਕਿਉਂਕਿ ਟੀਕੇ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾਉਂਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ ਇਸ ਲਈ 0—5 ਸਾਲ ਦੇ ਹਰ ਬੱਚੇ ਅਤੇ ਗਰਭਵਤੀਆਂ ਔਰਤਾਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਵੇ।
ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੁਟੀਨ ਟੀਕਾਕਰਨ ਕੈਂਪਾਂ ਤੋਂ ਪਹਿਲਾਂ ਆਸ਼ਾ ਵਰਕਰਾਂ ਵੱਲੋਂ ਸਰਵੇ ਕਰਵਾ ਕੇ ਟੀਕਾਕਰਨ ਲਈ ਲਾਭਪਾਤਰੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਹਰੇਕ ਗਰਭਵਤੀ ਅਤੇ ਬੱਚੇ ਦਾ ਸਮੇਂ ਸਿਰ ਪੂਰਨ ਟੀਕਾਕਰਣ ਕਰਨਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਜਿਲ੍ਹਾ ਟੀਕਾਕਰਣ ਅਫਸਰ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸਾਲ ਦੇ ਅੰਤ ਤੱਕ ਦੇਸ਼ ਨੂੰ ਮੀਜ਼ਲ ਤੇ ਰੂਬੇਲਾ ਬੀਮਾਰੀਆਂ ਨੂੰ ਖਤਮ ਕਰਨ ਦਾ ਟੀਚਾ ਮਿਥਿਆਂ ਗਿਆ ਹੈ, ਇਸ ਟੀਚੇ ਨੂੰ ਮੁੱਖ ਰੱਖਦੇ ਹੋਏ ਮੁਹਿੰਮ ਦੌਰਾਨ ਬੱਚਿਆਂ ਨੂੰ 601 ਟੀਕੇ ਪਹਿਲੀ ਖੁਰਾਕ ਅਤੇ 428 ਟੀਕੇ ਮੀਜ਼ਲ ਰੂਬੇਲਾ ਦੀ ਦੂਜੀ ਖੁਰਾਕ ਦੇ ਲਗਾਏ ਗਏ ਹਨ, ਉਨ੍ਹਾਂ ਕਿਹਾ ਕਿ ਜਿਲ੍ਹੇ ਲਈ ਮਿਥੇ ਟੀਚੇ ਨੂੰ ਇਸ ਸਮੇਂ ਦੌਰਾਨ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਡਾ. ਰਾਜੇਸ਼ ਕੁਮਾਰ ਟੀਕਾਕਰਣ ਅਫਸਰ, ਜਿਲ੍ਹਾ ਮਾਸ ਮੀਡੀਆਂ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਡੀ.ਪੀ.ਐਮ. ਕਸੀਤਿਜ਼ ਸੀਮਾ, ਵਿੱਕੀ ਵਰਮਾਂ, ਅਨਿਲ ਸੁਨੀਲ ਕੁਮਾਰ ਤੇ ਹੋਰ ਮੌਜੂਦ ਸਨ।