ਰਿਚਾ ਨਾਗਪਾਲ ਪਟਿਆਲਾ, 28 ਨਵੰਬਰ 2023
ਪੰਜਾਬ ਵਿਧਾਨ ਸਭਾ ਦਾ 2 ਰੋਜ਼ਾ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਇਸ ਸੈਸ਼ਨ ਵਿਚ ਪੰਜਾਬ ਦੇ ਵਿਧਾਇਕਾਂ ਨੇ ਆਪੋ ਆਪਣੇ ਇਲਾਕੇ ਦੇ ਵੱਡੇ ਮਸਲੇ ਸਰਕਾਰ ਸਾਹਮਣੇ ਰੱਖੇ ਅਤੇ ਸਵਾਲ ਜਵਾਬ ਕੀਤੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੁਰਾਣੇ ਬੱਸ ਅੱਡੇ ਦਾ ਮੁੱਦਾ ਉਠਾਇਆ। ਇਸ ਦੌਰਾਨ ਵਿਧਾਇਕ ਨੇ ਵਿਧਾਨ ਸਭਾ ਹਾਊਸ ਸਾਹਮਣੇ ਮੁੱਦਾ ਉਠਾਉਂਦਿਆਂ ਕਿਹਾ ਕੇ ਸਰਕਾਰ ਨੇ ਪਟਿਆਲਾ ਨੂੰ ਨਵਾਂ ਬੱਸ ਅੱਡਾ ਸਪੁਰਦ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ, ਪਰ ਇਸ ਦੇ ਨਾਲ ਹੀ ਪੁਰਾਣੇ ਬੱਸ ਅੱਡੇ ਦੇ ਆਲੇ ਦੁਆਲੇ ਦੁਕਾਨਾਂ, ਹੋਟਲ, ਰੇਹੜੀਆਂ ਅਤੇ ਫੜੀਆਂ ਲਾਉਣ ਵਾਲੇ ਲੋਕਾਂ ਦੇ ਰੁਜ਼ਗਾਰ ਬਾਰੇ ਕੋਈ ਕਦਮ ਉਠਾਉਣ ਦੀ ਲੋੜ ਹੈ। ਇਸ ਮਾਮਲੇ ਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਵਿਸ਼ਵਾਸ ਦਿਵਾਇਆ ਕੇ ਆਮ ਲੋਕਾਂ ਨੂੰ ਕਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ ਅਤੇ ਜਲਦੀ ਹੀ ਮਸਲਾ ਹੱਲ ਕੀਤਾ ਜਾਏਗਾ।
ਵਿਧਾਇਕ ਕੋਹਲੀ ਨੇ ਵਿਧਾਨ ਸਭਾ ਵਿਚ ਬੋਲਦਿਆਂ ਕਿਹਾ ਕੇ ਇਨ੍ਹਾਂ ਦੁਕਾਨਦਾਰਾ ਦੇ ਰੁਜ਼ਗਾਰ ਦੇ ਨਾਲ ਨਾਲ ਕਰੀਬ 40 ਕਿਲੋਮੀਟਰ ਦੇ ਘੇਰੇ ਤੋਂ ਆਉਣ ਵਾਲੇ ਲੋਕਾਂ ਲਈ ਵੀ ਬਹੁਤ ਮੁਸ਼ਕਿਲ ਸ਼ੁਰੂ ਹੋ ਗਈ ਹੈ। ਵਿਧਾਇਕ ਨੇ ਮੁੱਦਾ ਉਠਾਇਆ ਕੇ ਪੁਰਾਣਾ ਬੱਸ ਅੱਡਾ ਦੇ ਕੋਲ ਇਤਿਹਾਸਕ ਗਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ, ਪ੍ਰਾਚੀਨ ਮੰਦਰ ਸ੍ਰੀ ਕਾਲੀ ਦੇਵੀ, ਕਚਹਿਰੀਆਂ, ਹਸਪਤਾਲ ਅਤੇ ਬਾਜ਼ਾਰ ਹਨ। ਉਨ੍ਹਾਂ ਕਿਹਾ ਕੇ ਇਹ ਲੋਕ ਰੋਜ਼ਾਨਾ ਆਪਣੇ ਕਾਰੋਬਾਰ ਜਾਂ ਡਿਊਟੀ ਅਤੇ ਆਪਣੇ ਹੋਰ ਕੰਮਕਾਜਾਂ ਲਈ ਪਟਿਆਲਾ ਆਉਂਦੇ ਹਨ, ਜਿਸ ਕਰਕੇ ਇਨ੍ਹਾਂ ਨੂੰ ਪਹਿਲਾਂ ਪਟਿਆਲਾ ਦੇ ਨਵੇਂ ਬੱਸ ਤੇ ਉਤਰਨਾ ਪੈਦਾ ਹੈ, ਜਦਕਿ ਫਿਰ ਉੱਥੋਂ ਪੁਰਾਣੇ ਬੱਸ ਅੱਡੇ ਆਉਣਾ ਪੈਦਾ ਹੈ ਅਤੇ ਫਿਰ ਅੱਗੋਂ ਕਿਸੇ ਸਾਧਨ ਰਾਹੀਂ ਪੈਸੇ ਖਰਚ ਕੇ ਆਪਣੇ ਨਿਰਧਾਰਿਤ ਸਥਾਨ ਤੇ ਜਾਣਾ ਪੈਦਾ ਹੈ, ਜਦਕਿ ਫਿਰ ਵਾਪਸੀ ਲਈ ਵੀ ਇਹੀ ਤਰੀਕਾ ਹੈ। ਜਿਸ ਕਰਕੇ ਇਹ ਲੋਕਾਂ ਨੂੰ ਦੋਹਰੀ ਤੀਹਰੀ ਵਾਰ ਪੈਸੇ ਲਗਾਉਣੇ ਪੈਂਦੇ ਹਨ। ਵਿਧਾਇਕ ਨੇ ਵਿਧਾਨ ਸਭਾ ਹਾਊਸ ਨੂੰ ਦੱਸਿਆ ਕੇ ਇਸ ਮਸਲੇ ਦਾ ਢਕਵਾ ਹੱਲ ਜਲਦੀ ਕੀਤਾ ਜਾਵੇ ਤਾਂ ਕੇ ਸੈਂਕੜੇ ਦੁਕਾਨਦਾਰਾਂ, ਰੇਹੜੀ ਫੜੀ ਵਾਲਿਆਂ ਸਮੇਤ ਆਮ ਲੋਕਾਂ ਦੀ ਪ੍ਰੇਸ਼ਾਨੀ ਦੂਰ ਕੀਤੀ ਜਾ ਸਕੇ।