ਅਸ਼ੋਕ ਵਰਮਾ, ਬਠਿੰਡਾ, 28 ਨਵੰਬਰ 2023
ਪੰਜਾਬ ਪੁਲੀਸ ਨੇ ਅਪਰਾਧਾਂ ਦੇ ਪੱਖ ਤੋਂ ‘ਨਾਜ਼ਕ ਜ਼ੋਨ’ ਬਣਦੇ ਜਾ ਰਹੇ ਬਠਿੰਡਾ ‘ਚ ਅਪਰਾਧੀਆਂ ਨਾਲ ਸਿੱਝਣ ਲਈ ਲੰਗੋਟ ਕਸਣੇ ਸ਼ੁਰੂ ਕਰ ਦਿੱਤੇ ਹਨ ਜਿਸ ਤਹਿਤ ਸੋਮਵਾਰ ਨੂੰ ਇੱਕ ਤਰਾਂ ਨਾਲ ਪੁਲੀਸ ਲਾਈਨ ਬਠਿੰਡਾ ‘ਚ ਅਭਿਆਸ ਕੀਤਾ ਗਿਆ ਹੈ। ਬਠਿੰਡਾ ਪੁਲੀਸ ਨੇ ਕੁੱਝ ਅਜਿਹੇ ਸਾਜੋ ਸਾਮਾਨ ਨੂੰ ਹਵਾ ਲੁਆਈ ਹੈ ਜੋ ਪਹਿਲਾਂ ਅਣਗੌਲਿਆ ਕੀਤਾ ਹੋਇਆ ਸੀ। ਪੁਲੀਸ ਅਫਸਰਾਂ ਨੇ ਇਸ ਸਾਜੋ ਸਾਮਾਨ ਦੀ ਚੈਕਿੰਗ ਵੀ ਕੀਤੀ ਅਤੇ ਨਿਰਦੇਸ਼ ਵੀ ਜਾਰੀ ਕੀਤੇ ਹਨ।ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਪੁਲਿਸ ਢਾਂਚੇ ’ਚ ਨਵੀਂ ਪਹਿਲਕਦਮੀ ਕਰਦਿਆਂ ਸ਼ਹਿਰ ’ਚ ਅਪਰਾਧ ਕਰਨ ਵਾਲਿਆਂ ,ਲੁਟੇਰਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਵੱਡੀ ਗਿਣਤੀ ਪੁਲਿਸ ਮੁਲਾਜਮਾਂ ਨੂੰ ਸੜਕਾਂ ਤੇ ਉਤਾਰ ਕੇ ਦਿਨ ਰਾਤ ਦਾ ਪਹਿਰਾ ਲਾ ਦਿੱਤਾ ਹੈ।
ਬਠਿੰਡਾ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੁਲਿਸ ਅਧਿਕਾਰੀ ਨੇ ਆਮ ਆਦਮੀ ਦੀ ਰਾਖੀ ਲਈ ਪੁਲਿਸ ਦੀ ਏਨੀ ਵੱਡੀ ਨਫਰੀ ਨੂੰ ਮੈਦਾਨ ’ਚ ਲਿਆਂਦਾ ਹੋਵੇ। ਨਹੀਂ ਤਾ ਇਸ ਤੋਂ ਪਹਿਲਾਂ ਬਠਿੰਡਾ ਪੁਲਿਸ ਤੇ ਵੀਆਈਪੀ ਲੋਕਾਂ ਦੀ ਰਾਖੀ ਦਾ ਹੀ ਠੱਪਾ ਲੱਗਿਆ ਹੋਇਆ ਸੀ। ਐਸਐਸਪੀ ਵੱਲੋਂ ਸ਼ਹਿਰ ਵਿੱਚ ਪਹਿਲਾਂ ਤੋਂ ਹੀ ਚੱਲ ਰਹੇ ਪੀਸੀਆਰ ਪ੍ਰਜੈਕਟ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨਾਲ ਹੁਣ ਸ਼ਹਿਰ ਵਿੱਚ ਚੱਪੇ ਚੱਪੇ ਤੇ ਨਜ਼ਰ ਰੱਖੀ ਜਾ ਸਕੇਗੀ। ਨਵੇਂ ਪ੍ਰਬੰਧਾਂ ਤਹਿਤ ਪੁਲਿਸ ਦੇ 252 ਮੁਲਾਜਮ ਸ਼ਿਫਟ ਵਾਈਜ਼ ਡਿਊਟੀ ਦਿੰਦੇ ਹੋਏ ਸ਼ਹਿਰ ਵਿੱਚ ਹੁੰਦੀ ਹਰ ਹਲਚਲ ਤੇ ਨਜ਼ਰ ਰੱਖਣਗੇ। ਇੰਨ੍ਹਾਂ ਟੀਮਾਂ ਵਿੱਚ ਪੁਲਿਸ ਦੇ ਵਾਸਪਸ ਦਸਤੇ ਨੂੰ ਵੀ ਥਾਂ ਦਿੱਤੀ ਗਈ ਹੈ।
ਇੰਨ੍ਹਾਂ ਦਸਤਿਆਂ ਦਾ ਮੁੱਖ ਕੰਮ ਔਰਤਾਂ ਦੀ ਰਾਖੀ ਕਰਨਾ ਅਤੇ ਮਨਚਲਿਆਂ ਦੀ ਨਕਲੋ ਹਰਕਤ ਨੂੰ ਰੋਕਣਾ ਹੈ। ਐਸਐਸਪੀ ਨੇ ਨਵੀਆਂ ਟੀਮਾਂ ਨੂੰ ਸ਼ਹਿਰ ਤੇ ਪਿੰਡਾਂ ਵੱਲ ਰਵਾਨਾ ਕਰਨ ਤੋਂ ਪਹਿਲਾਂ ਹਰੀ ਝੰਡੀ ਦਿੱਤੀ ਹੈ। ਇਸ ਮੌਕੇ ਉਨ੍ਹਾਂ ਪੁਲਿਸ ਮੁਲਾਜਮਾਂ ਨੂੰ ਡਿਊਟੀ ਦੇ ਢੰਗ ਤਰੀਕਿਆਂ ਅਤੇ ਬਰੀਕੀਆਂ ਬਾਰੇ ਵੀ ਸਮਝਾਇਆ ਅਤੇ ਹਦਾਇਤਾਂ ਵੀ ਦਿੱਤੀਆਂ। ਐਸਐਸਪੀ ਨੇ ਪੁਲਿਸ ਮੁਲਾਜਮਾਂ ਨੂੰ ਡਿਊਟੀ ਦੌਰਾਨ ਆਮ ਲੋਕਾਂ ਨਾਲ ਪਿਆਰ ਦੀ ਭਾਸ਼ਾ ਵਰਤਣ ਲਈ ਕਿਹਾ। ਪੁਲਿਸ ਦੇ ਇਸ ਬੇੜੇ ਵਿੱਚ ਪੀਸੀਆਰ ਦੇ 24 ਮੋਟਰਸਾਈਕਲ, 7ਵਿਕਟਰ ਗੱਡੀਆਂ,ਵਾਸਪਸ ਟੀਮ ਦੀਆਂ 10 ਐਕਟਿਵਾ ਅਤੇ 8 ਰੈਪਿਡ ਰੂਰਲ ਗੱਡੀਆਂ ਸ਼ਾਮਲ ਕੀਤੀਆਂ ਗਈਆਂ ਹਨ ਜਿੰਨ੍ਹਾਂ ਨੂੰ 24 ਬੀਟਾਂ ਵਿੱਚ ਵੰਡਿਆ ਗਿਆ ਹੈ।
ਇੰਨ੍ਹਾਂ 49 ਗੱਡੀਆਂ ਤੇ 200 ਪੁਲਿਸ ਮੁਲਾਜਮ ਤਾਇਨਾਤ ਕੀਤੇ ਗਏ ਹਨ ਜੋ ਰਾਤ ਨੂੰ 8 ਵਜੇ ਤੋਂ ਸਵੇਰੇ 8 ਵਜੇ ਤੱਕ ਅਤੇ ਸਵੇਰ ਵਕਤ 8 ਵਜੇ ਤੋਂ ਦੇਰ ਸ਼ਾਮ 8 ਵਜੇ ਤੱਕ 24 ਘੰਟੇ ਸ਼ਿਫਟਾਂ ਵਿੱਚ ਤਾਇਨਾਤ ਰਹਿਣਗੇ। ਇੰਨ੍ਹਾਂ ਟੀਮਾਂ ਨੂੰ ਸਿਆਸੀ ਲੋਕਾਂ, ਧਾਰਮਿਕ ਸਥਾਨਾਂ, ਸ਼ਹਿਰ ਦੇ ਕੌਂਸਲਰਾਂ,ਵਿਧਾਇਕਾਂ ਅਤੇ ਅਧਿਕਾਰੀਆਂ ਬਾਰੇ ਵੀ ਡੂੰਘਾਈ ਨਾਲ ਜਾਣਕਾਰੀ ਦਿੱਤੀ ਗਈ ਹੈ। ਐਸਐਸਪੀ ਨੇ 8 ਰੂਰਲ ਰੈਪਿਡ ਗੱਡੀਆਂ ਨੂੰ ਵੀ ਥਾਣਿਆਂ ਨਾਲ ਲੋੜ ਪੈਣ ਤੇ ਪਿੰਡਾਂ ਵਿੱਚ ਪੁੱਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਗੱਡੀਆਂ ਰਾਤ ਵਕਤ ਮੁੱਖ ਸੜਕਾਂ ਖਾਸ ਤੌਰ ਤੇ ਹਾਈਵੇਅ ਤੇ ਗਸ਼ਤ ਕਰਨਗੀਆਂ। ਹਾਦਸੇ ਦੌਰਾਨ ਸਥਿਤੀ ਨੂੰ ਕਾਬੂ ਕਰਨ ਅਤੇ ਜਖਮੀਆਂ ਨੂੰ ਹਸਪਤਾਲ ਪਹੰਚਾਉਣ ਦੀ ਲਈ ਵੀ ਇੰਨ੍ਹਾਂ ਟੀਮਾਂ ਨੂੰ ਹੀ ਜਿੰਮੇਵਾਰੀ ਬਣਾਇਆ ਗਿਆ ਹੈ।