ਹਰਪ੍ਰੀਤ ਕੌਰ ਬਬਲੀ, ਸੰਗਰੂਰ 25 ਨਵੰਬਰ 2023
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀ ਮੰਗ ‘ਤੇ ਪਿੰਡ ਵਾਸੀਆਂ ਦੀ ਸਹੂਲਤ ਲਈ 06 ਪਾਣੀ ਦੇ ਟੈਂਕਰ ਭੇਜੇ ਗਏ ਹਨ, ਜੋ ਕਿ ਸਬੰਧਤ ਪਿੰਡ ਦੀਆਂ ਪੰਚਾਇਤਾਂ ਨੂੰ ਪਾਰਟੀ ਦੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ ਅਤੇ ਪ੍ਰਬੰਧਕੀ ਸਕੱਤਰ ਹਰਿੰਦਰ ਸਿੰਘ ਔਲਖ ਵੱਲੋਂ ਸੌਂਪੇ ਗਏ |
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਸ. ਰਾਮਪੁਰਾ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਸ. ਮਾਨ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੀ ਮੰਗ ਅਨੁਸਾਰ ਪਿੰਡ ਝਨੇਰ, ਲਿਤਾਫਪੁਰਾ, ਰੂਪਾਹੇੜੀ, ਮਿੱਠੇਵਾਲ ਅਤੇ ਧਲੇਰ ਖੁਰਦ (ਦਰਿਆਪੁਰ) ਵਾਸੀਆਂ ਦੀ ਸਹੂਲਤ ਲਈ ਲੋਹੇ ਦੇ ਪਾਣੀ ਵਾਲੇ ਟੈਂਕਰ ਦਿੱਤੇ ਗਏ ਹਨ, ਜੋ ਕਿ ਪਿੰਡਾਂ ਵਿੱਚ ਅਚਾਨਕ ਵਾਪਰਣ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਮੌਕੇ ਪਾਣੀ ਪਹੁੰਚਾਉਣ ਲਈ ਕਾਫੀ ਮੱਦਦਗਾਰ ਸਾਬਤ ਹੁੰਦੇ ਹਨ | ਇਸ ਤੋਂ ਇਲਾਵਾ ਪਾਣੀ ਦੀ ਪੂਰਤੀ ਲਈ ਵੀ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ ਪਿੰਡ ਧਨੋ ਨੂੰ ਸਟੀਲ ਵਾਲਾ ਪਾਣੀ ਦਾ ਟੈਂਕਰ ਦਿੱਤਾ ਗਿਆ ਹੈ, ਜੋ ਕਿ ਪਿੰਡ ਦੇ ਸਾਂਝੇ ਸਮਾਗਮ ਮੌਕੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਇਸਤੇਮਾਲ ਵਿੱਚ ਆਵੇਗੀ |
ਜਥੇਦਾਰ ਸ. ਰਾਮਪੁਰਾ ਨੇ ਦੱਸਿਆ ਕਿ ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਲਗਾਤਾਰ ਸੰਗਰੂਰ ਹਲਕੇ ਸਮੇਤ ਸਮੂਹ ਪੰਜਾਬ ਦੀ ਭਲਾਈ ਲਈ ਉਪਰਾਲੇ ਕੀਤੇ ਜਾ ਰਹੇ ਹਨ | ਹਲਕੇ ਦੇ ਹਰ ਵਰਗ ਦੇ ਲੋਕਾਂ ਨੂੰ ਵਿਕਾਸ ਕਾਰਜਾਂ ਲਈ ਬਿਨ੍ਹਾਂ ਪੱਖਪਾਤ ਤੋਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ | ਸ. ਮਾਨ ਨੇ ਆਪਣੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਪਿਛਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦੀ ਬਿਹਤਰੀ ਲਈ ਉਹ ਸਭ ਕੁਝ ਕਰਕੇ ਵਿਖਾਇਆ ਹੈ, ਜੋ ਇਸ ਤੋਂ ਪਹਿਲਾਂ ਰਹੇ ਐਮ.ਪੀ. ਨਹੀਂ ਕਰ ਸਕੇ | ਇਹ ਸ. ਮਾਨ ਦੀ ਚੰਗੀ ਕਾਰਗੁਜਾਰੀ ਦਾ ਹੀ ਨਤੀਜਾ ਹੈ ਕਿ 2 ਕਰੋੜ ਰੁਪਏ ਤੋਂ ਵੱਧ ਰਾਸ਼ੀ ਸਾਡੇ ਸੰਗਰੂਰ ਹਲਕੇ ਨੂੰ ਹੋਰਨਾਂ ਹਲਕਿਆਂ ਨਾਲੋਂ ਵੱਧ ਮਿਲ ਸਕੀ ਹੈ |
ਜਥੇਦਾਰ ਰਾਮਪੁਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਦੇ ਸੰਪੂਰਨ ਵਿਕਾਸ ਲਈ ਸ. ਸਿਮਰਨਜੀਤ ਸਿੰਘ ਮਾਨ ਨੂੰ ਆਉਣ ਵਾਲੀਆਂ 2024 ਦੀਆਂ ਮੈਂਬਰ ਪਾਰਲੀਮੈਂਟ ਦੀਆਂ ਚੋਣ ਾਂ ਵਿੱਚ ਇੱਕ ਹੋਰ ਮੌਕਾ ਦਿੱਤਾ ਜਾਵੇ, ਤਾਂ ਜੋ ਸਮੇਂ ਅਤੇ ਗ੍ਰਾਂਟਾਂ ਦੀ ਘਾਟ ਕਾਰਨ ਜੋ ਕੰਮ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਪੂਰਾ ਕਰਵਾ ਕੇ ਸੰਗਰੂਰ ਹਲਕੇ ਨੂੰ ਪੂਰਨ ਤੌਰ ‘ਤੇ ਖੁਸ਼ਹਾਲ ਬਣਾਇਆ ਜਾ ਸਕੇ | ਇਸ ਮੌਕੇ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਤਵੰਤਿਆਂ ਤੋਂ ਇਲਾਵਾ ਮੀਡੀਆ ਇੰਚਾਰਜ ਨਿਰਭੋਪ੍ਰੀਤ ਸਿੰਘ ਜੈਤੋ, ਕਰਨਵੀਰ ਸਿੰਘ ਸੰਗਰੂਰ ਸਮੇਤ ਐਮ.ਪੀ. ਦਫਤਰ ਸੰਗਰੂਰ ਦੀ ਸਮੁੱਚੀ ਟੀਮ ਹਾਜਰ ਸੀ |