ਅਸ਼ੋਕ ਵਰਮਾ, ਬਠਿੰਡਾ 25 ਨਵੰਬਰ 2023
ਕਰੀਬ ਦੋ ਸਾਲ ਪਹਿਲਾਂ ਬਠਿੰਡਾ ਹਵਾਈ ਅੱਡੇ ਤੋਂ ਫਿਰੋਜ਼ਪੁਰ ਜਾਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉਨ੍ਹਾਂ ਦੇ ਕਾਫਲੇ ਦੇ ਰਾਹ ਵਿੱਚ ਫਸਣ ਦੇ ਮਾਮਲੇ ਨੂੰ ਸੁਰੱਖਿਆ ਕੋਤਾਹੀ ਮੰਨਦਿਆਂ ਐਸ ਪੀ (ਹੈਡਕੁਆਟਰ) ਬਠਿੰਡਾ ਗੁਰਵਿੰਦਰ ਸਿੰਘ ਸੰਘਾ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਦੋਂ ਇਹ ਘਟਨਾ ਵਾਪਰੀ ਉਸ ਵਕਤ ਗੁਰਵਿੰਦਰ ਸਿੰਘ ਸੰਘਾ ਫਿਰੋਜ਼ਪੁਰ ’ਚ ਐਸ ਪੀ ਓਪਰੇਸ਼ਨ ਵਜੋਂ ਤਾਇਨਾਤ ਸਨ। ਜਿਸ ਸੜਕੀ ਰੂਟ ਰਾਹੀਂ ਪ੍ਰਧਾਨ ਮੰਤਰੀ ਨੇ ਲੰਘਣਾ ਹੁੰਦਾ ਹੈ ਉਸ ਨੂੰ ਪੂਰੀ ਤਰਾਂ ਖਾਲੀ ਰੱਖਣ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੁੰਦੀ ਹੈ ਪਰ ਅਫਸਰ ਇਸ ਕੰਮ ’ਚ ਪੂਰੀ ਤਰਾਂ ਫੇਲ੍ਹ ਰਹੇ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਇਸ ਮਾਮਲੇ ਦੀ ਪੜਤਾਲ ਲਈ ਬਕਾਇਦਾ ਕਮੇਟੀ ਵੀ ਬਣਾਈ ਗਈ ਸੀ।
ਡੀਜੀਪੀ ਪੰਜਾਬ ਵੱਲੋਂ ਪੰਜਾਬ ਸਰਕਾਰ ਨੂੰ ਪੇਸ਼ ਰਿਪੋਰਟ ਵਿੱਚ ਐਸ ਪੀ ਗੁਰਿਵੰਦਰ ਸਿੰਘ ਨੂੰ ਆਪਣੀ ਡਿਊਟੀ ਸਹੀ ਢੰਗ ਨਾਲ ਨਾਂ ਨਿਭਾਉਣ ਦਾ ਦੋਸ਼ੀ ਪਾਇਆ ਗਿਆ ਸੀ। ਮਾਮਲੇ ਨੂੰ ਵਿਚਾਰਨ ਉਪਰੰਤ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਵਲੀ 1970 ਤਹਿਤ ਰਾਜਪਾਲ ਪੰਜਾਬ ਦੇ ਹੁਕਮਾਂ ਤਹਿਤ ਐਸ ਪੀ ਗੁਰਵਿੰਦਰ ਸਿੰਘ ਸੰਘਾ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮੁਅੱਤਲੀ ਦੌਰਾਨ ਐਸ ਪੀ ਸੰਘਾ ਦਾ ਹੈਡਕੁਆਟਰ ਡੀਜੀਪੀ ਪੰਜਾਬ ਚੰਡੀਗੜ੍ਹ ਦਾ ਦਫਤਰ ਹੋਵੇਗਾ। ਇਸ ਸਬੰਧ ਵਿੱਚ ਜਾਰੀ ਹੁਕਮਾਂ ਅਨੁਸਾਰ ਮੁਅੱਤਲ ਐਸ ਪੀ ਨੂੰ ਸਮਰੱਥ ਅਧਿਕਾਰੀ ਦੀ ਪਹਿਲਾਂ ਪ੍ਰਵਾਨਗੀ ਤੋਂ ਬਿਨਾਂ ਆਪਣਾ ਹੈਡਕੁਆਟਰ ਨਹੀਂ ਛੱਡ ਸਕੇਗਾ। ਮੁਅੱਤਲੀ ਦੇ ਸਮੇਂ ਦੌਰਾਨ ਐਸ ਪੀ ਸੰਘਾ ਨੂੰ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਰੋਜ਼ਪੁਰ ਵਿਖੇ ਪੀਜੀਆਈ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਪ੍ਰਧਾਨ ਮੰਤਰੀ ਬਠਿੰਡਾ ਹਵਾਈ ਅੱਡੇ ਤੇ ਪੁੱਜੇ ਸਨ।
ਅਚਾਨਕ ਮੌਸਮ ’ਚ ਆਈ ਤਬਦੀਲੀ ਕਾਰਨ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਸੜਕੀ ਰਸਤੇ ਰਾਹੀਂ ਲਿਜਾਣ ਦਾ ਪ੍ਰੋਗਰਾਮ ਬਣ ਗਿਆ। ਇਸੇ ਦੌਰਾਨ ਕਿਸਾਨ ਜੱਥੇਬੰਦੀਆਂ ਵੱਲੋਂ ਸੜਕ ਜਾਮ ਕਾਰਨ ਆਪਣੀ ਮੰਜਿਲ ਵੱਲ ਜਾਂਦਿਆਂ ਪ੍ਰਧਾਨ ਮੰਤਰੀ ਦਾ ਕਾਫਲਾ ਰਸਤੇ ਵਿੱਚ ਫਸ ਗਿਆ। ਅਚਾਨਕ ਵਾਪਰੇ ਇਸ ਘਟਨਾਕ੍ਰਮ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਦੀ ਸੁੱਰੱਖਿਆ ’ਚ ਤਾਇਨਾਤ ਕਮਾਂਡੋਜ਼ ਨੇ ਮੋਰਚਾ ਸੰਭਾਲ ਲਿਆ ਅਤੇ ਪ੍ਰਧਾਨ ਮੰਤਰੀ ਦੇ ਕਾਫਲੇ ਨੇ ਵਾਪਿਸ ਬਠਿੰਡਾ ਵੱਲ ਚਾਲੇ ਪਾ ਦਿੱਤੇ ਜਿੱਥੋਂ ਉਹ ਦਿੱਲੀ ਲਈ ਰਵਾਨਾ ਹੋ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਖਤਰੇ ਦੇ ਮੱਦੇਨਜਰ ਪੰਜਾਬ ਦੇ ਪ੍ਰਸਤਾਵਿਤ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ । ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਸੁਰੱਖਿਆ ਖਾਮੀਆਂ ਲਈ ਜਿੰਮੇਵਾਰ ਅਧਿਕਾਰੀਆਂ ਜਾਂ ਹੋਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਸੀ। ਕਾਫੀ ਸਮੇਂ ਬਾਅਦ ਹੁਣ ਐਸ ਪੀ ਗੁਰਵਿੰਦਰ ਸਿੰਘ ਸੰਘਾ ਖਿਲਾਫ ਕਾਰਵਾਈ ਕੀਤੀ ਗਈ ਹੈ।