7 ਸਾਲ 11 ਮਹੀਨੇ 17 ਦਿਨ ਬਾਅਦ ਆਇਆ ਅਦਾਲਤ ਦਾ ਫੈਸਲਾ ‘ਤੇ ਸਜਾ,,,,,
ਹਰਿੰਦਰ ਨਿੱਕਾ , ਬਰਨਾਲਾ 23 ਨਵੰਬਰ 2023
ਜਿਲ੍ਹਾ ‘ਤੇ ਸ਼ੈਸ਼ਨ ਜੱਜ ਦਵਿੰਦਰ ਗੁਪਤਾ ਦੀ ਮਾਨਯੋਗ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਕਰੀਬ 8 ਵਰ੍ਹਿਆਂ ਤੋਂ ਪੇਸ਼ੀਆਂ ਭੁਗਤ ਰਹੇ ਪਾਵਰਕਾੱਮ ਦੇ ਇੱਕ ਜੇ.ਈ. ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 7 ਦਸੰਬਰ 2015 ਨੂੰ ਵਿਜੀਲੈਂਸ ਬਿਊਰੋ ਦੇ ਤਤਕਾਲੀ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਪਾਵਰਕਾੱਮ ਵਿਭਾਗ ਦੇ ਧਨੌਲਾ ਵਿਖੇ ਤਾਇਨਾਤ ਜੇ.ਈ. ਨਵਲ ਕਿਸ਼ੋਰ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਸੀ। ਜਿਸ ਦੀ ਅਦਾਲਤ ਵਿੱਚ ਲੰਬਾ ਸਮਾਂ ਸੁਣਵਾਈ ਚਲਦੀ ਰਹੀ ਅਤੇ ਅੱਜ ਮਾਨਯੋਗ ਅਦਾਲਤ ਦੇ ਜਿਲ੍ਹਾ ਤੇ ਸ਼ੈਸ਼ਨ ਜੱਜ ਦਵਿੰਦਰ ਗੁਪਤਾ ਨੇ ਦੋਸ਼ੀ ਜੇ.ਈ. ਨਵਲ ਕਿਸ਼ੋਰ ਨੂੰ 4 ਸਾਲ ਦੀ ਸਖਤ ਸਜਾ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾ ਦਿੱਤੀ। ਜੇ.ਈ. ਨਵਲ ਕਿਸ਼ੋਰ ਖਿਲਾਫ ਦਰਜ ਮੁਕੱਦਮਾ ਨੰਬਰ 32/ 2015 ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਨਿਊਕੋਨ ਸਵਿੱਚ ਗੇਅਰ ਪ੍ਰਾਈਵੇਟ ਲਿਮਟਡ ਦੇ ਸਬ ਕੰਨਟੈਕਟਰ ਸੁਖਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਧਨੌਲਾ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਲਿਖਤੀ ਸ਼ਕਾਇਤ ‘ਚ ਦੱਸਿਆ ਸੀ ਕਿ ਉਸ ਦੇ ਕੰਮ ਸਬੰਧੀ ਪਾਵਰਕਾੱਮ ਦੀ ਟੀਮ ਨੇ ਚੈਕਿੰਗ ਕੀਤੀ ਸੀ। ਚੈਕਿੰਗ ਟੀਮ ਵਿੱਚ ਜੇ.ਈ. ਨਵਲ ਕਿਸ਼ੋਰ ਵੀ ਸ਼ਾਮਿਲ ਸੀੇ। ਨਵਲ ਕਿਸ਼ੋਰ ਨੇ ਕੰਮ ਦੀਆਂ ਖਾਮੀਆਂ ਗਿਣਾਉਂਦਿਆਂ ਸਹੀ ਰਿਪੋਰਟ ਕਰਵਾਉਣ ਦੇ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਪਰੰਤੂ ਸੌਦਾ 10 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ ਸੀ। ਵਿਜੀਲੈਂਸ ਬਿਊਰੋ ਨੇ ਟ੍ਰੈਪ ਲਾ ਕੇ ਦੋਸ਼ੀ ਜੇ.ਈ. ਨਵਲ ਕਿਸ਼ੋਰ ਨੂੰ ਦਤਫਰ ਦੇ ਬਾਹਰੋਂ ਸ਼ਕਾਇਤਕਰਤਾ ਸੁਖਵਿੰਦਰ ਸਿੰਘ ਤੋਂ 10 ਹਜ਼ਾਰ ਰੁਪਏ ਲੈਂਦਿਆਂ ਰੰਗੀ ਹੱਥੀਂ ਕਾਬੂ ਕਰ ਲਿਆ ਸੀ। ਦੋਸ਼ੀ ਜੇ.ਈ. ਖਿਲਾਫ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਦੇ ਥਾਣਾ ਪਟਿਆਲਾ ਵਿਖੇ ਅਧੀਨ ਜੁਰਮ 7/13(2) 1988 PC ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਨਯੋਗ ਅਦਾਲਤ ਵਿੱਚ ਇੰਸਪੈਕਟਰ ਮਨਜੀਤ ਸਿੰਘ ਸਣੇ ਹੋਰ ਮੌਕਾ ਦੇ ਗਵਾਹਾਂ ਦੀ ਅਦਾਲਤ ਵਿੱਚ ਗਵਾਹੀ ਹੋਈ। ਮਾਨਯੋਗ ਅਦਾਲਤ ਦੇ ਸਪੈਸ਼ਲ ਜੱਜ ਦਵਿੰਦਰ ਗੁਪਤਾ ਦੀ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਅਤੇ ਸਰਕਾਰੀ ਵਕੀਲ ਵੱਲੋਂ ਆਪੋ-ਆਪਣੀ ਧਿਰ ਦੇ ਪੱਖ ਵਿੱਚ ਦਲੀਲਾਂ ਦਿੱਤੀਆਂ ਗਈਆਂ। ਪਰੰਤੂ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਨਯੋਗ ਅਦਾਲਤ ਨੇ ਦੋਸ਼ੀ ਜੇ.ਈ. ਨਵਲ ਕਿਸ਼ੋਰ ਨੂੰ ਚਾਰ ਸਾਲ ਦੀ ਸਖਤ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾ ਦਿੱਤੀ।