ਅਸ਼ੋਕ ਵਰਮਾ, ਬਠਿੰਡਾ, 23 ਨਵੰਬਰ 2023
ਦੋ ਦਿਨ ਪਹਿਲਾਂ ਨਿਯੁਕਤ ਕੀਤੇ ਗਏ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਅਹੁਦਾ ਸੰਭਾਲਦਿਆਂ ਹੀ ਪੁਲਿਸ ਪ੍ਰਸ਼ਾਸ਼ਨ ਨੂੰ ਆਮ ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰਨ ਵਾਲਾ ਬਨਾਉਣ ਅਤੇ ਸੁਰੱਖਿਆ ਨੂੰ ਸਖਤ ਕਰਨ ਦੇ ਮੱਦੇਨਜ਼ਰ ਪ੍ਰਬੰਧਾਂ ਦੀ ਢਿੱਲੀ ਹੋਈ ਚੂੜੀ ਕਸ ਦਿੱਤੀ ਹੈ। ਬੁੱਧਵਾਰ ਦੇਰ ਰਾਤ ਨੂੰ ਅਹਿਮ ਫੈਸਲਾ ਲੈਂਦਿਆਂ ਪੁਲਿਸ ਦਾ ਐਂਟੀ ਨਾਰਕੋਟਿਕਸ ਸੈਲ, ਸਪੈਸ਼ਲ ਸਟਾਫ, ਪੀਓ ਸਟਾਫ ਅਤੇ ਜਿਲ੍ਹੇ ਦੇ ਵੱਖ ਵੱਖ ਸ਼ਹਿਰਾਂ ’ਚ ਕੰਮ ਕਰ ਰਹੇ ਟਰੈਫਿਕ ਵਿੰਗ ਭੰਗ ਕਰ ਦਿੱਤੇ ਹਨ। ਇੰਨ੍ਹਾਂ ਨੂੰ ਹੁਣ ਪੀਸੀਆਰ ਸਟਾਫ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ਹਿਰ ਵਾਸੀਆਂ ਨੇ ਆਸ ਪ੍ਰਗਟ ਕੀਤੀ ਹੈ ਕਿ ਹੁਣ ‘ਸਟਰੀਟ ਕ੍ਰਾਈਮ’ ਤੇ ਕਾਫੀ ਹੱਦ ਤੱਕ ਲਗਾਮ ਲੱਗ ਸਕੇਗੀ। ਖਾਸ ਤੌਰ ਤੇ ਨਵੀਂਆਂ ਕਲੋਨੀਆਂ ਬਣਨ ਤੋਂ ਇਲਾਵਾ ਏਮਜ਼ ਹਸਪਤਾਲ ਵਰਗਾ ਵੱਡਾ ਪ੍ਰਜੈਕਟ ਲੱਗਣ ਕਾਰਨ ਸ਼ਹਿਰ ਦਾ ਦਾਇਰਾ ਮੋਕਲਾ ਹੋ ਗਿਆ ਸੀ ਜਦੋਂਕਿ ਪ੍ਰਬੰਧ ਨਹੀਂ ਵਧਾਏ ਗਏ ਅਤੇ ਪੁਰਾਣੇ ਹੀ ਸਨ। ਪਿਛਲੇ ਕਈ ਸਾਲਾਂ ਤਾਂ ਸ਼ਹਿਰ ਵਾਸੀਆਂ ਵੱਲੋਂ ਇਸ ਪ੍ਰਬੰਧਕੀ ਢਾਂਚੇ ਦਾ ਨਵੀਨਕਰਨ ਕੀਤੇ ਜਾਣ ਦੀ ਮੰਗ ਉਠਾਈ ਜਾ ਰਹੀ ਸੀ। ਰੌਚਕ ਪਹਿਲੂ ਹੈ ਕਿ ਐਸਐਸਪੀ ਵੱਲੋਂ ਕੀਤੀਆਂ ਤਬਦੀਲੀਆਂ ਦੀ ਮਾਰ ਹੇਠ ਕਈ ਕੰਮਚੋਰ ਪੁਲਿਸ ਮੁਲਾਜਮ ਵੀ ਆ ਗਏ ਹਨ ਜਿੰਨ੍ਹਾਂ ਨੇ ਕੋਈ ਨਾਂ ਕੋਈ ਜੁਗਾੜ ਲਾਕੇ ਖੁਦ ਨੂੰ ਘੱਟ ਕੰਮ ਜਾਂ ਫਿਰ ਅਰਾਮ ਦਾਇਕ ਥਾਵਾਂ ਤੇ ਫਿੱਟ ਕਰ ਲਿਆ ਸੀ। ਨਵੇਂ ਪ੍ਰਬੰਧਾਂ ਤਹਿਤ ਅਮਨ ਕਾਨੂੰਨ ਦੀ ਕਾਇਮੀ ਅਤੇ ਸੁਰੱਖਿਆ ਨੂੰ ਮੁੱਖ ਏਜੰਡੇ ਤੇ ਰੱਖਿਆ ਗਿਆ ਹੈ।
ਪੁਲਿਸ ਪ੍ਰਸ਼ਾਸ਼ਨ ਵਿੱਚ ਵੱਖ ਵੱਖ ਥਾਵਾਂ ਤੇ ਕੰਮ ਕਰਦੀਆਂ ਇੱਕ ਦਰਜਨ ਮਹਿਲਾ ਪੁਲਿਸ ਮੁਲਾਜਮਾਂ ਦੀ ਔਰਤਾਂ ਅਤੇ ਵਿੱਦਿਅਕ , ਅਦਾਰਿਆਂ ’ਚ ਪੜ੍ਹਦੀਆਂ ਲੜਕੀਆਂ ਦੀ ਸੁਰੱਖਿਆ ਲਈ ਬਣਾਈ ‘ਵੋਮੈਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਸਕੁਐਡ’ (ਵਾਸਪਸ) ਟੀਮ ਵਿੱਚ ਤਾਇਨਾਤੀ ਕੀਤੀ ਗਈ ਹੈ। ਹੁਣ ਸ਼ਹਿਰ ਦੀਆਂ ਸੜਕਾਂ ਤੇ ਇੱਕ ਵਾਰ ਫਿਰ ਵਾਸਪਸ ਟੀਮਾਂ ਭਲਵਾਨੀ ਗੇੜਾ ਦਿੰਦੀਆਂ ਨਜ਼ਰ ਆਉਣਗੀਆਂ। ਦੱਸਣਯੋਗ ਹੈ ਕਿ ਸਾਲ 2013 ਵਿੱਚ ਵਾਸਪਸ ਟੀਮ ’ਚ ਸ਼ਾਮਲ ਕੀਤੀਆਂ ਦੋ ਦਰਜਨ ਮਹਿਲਾ ਪੁਲੀਸ ਮੁਲਾਜ਼ਮਾਂ ਨੂੰ ਹੌਂਡਾ ਐਕਟਿਵਾ ਸਕੂਟਰਾਂ ਤੇ ਗਸ਼ਤ ਕਰਕੇ ਅਪਰਾਧਿਕ ਤੇ ਗੁੰਡਾ ਅਨਸਰਾਂ ਖਿਲਾਫ ਕਾਰਵਾਈ ਦਾ ਜਿੰਮਾਂ ਦਿੱਤਾ ਗਿਆ ਸੀ। ਇਸ ਮਹਿਲਾ ਦਸਤੇ ਵਾਸਤੇ ਯੂਰਪੀਨ ਦੇਸ਼ਾਂ ਦੀ ਪੁਲਿਸ ਤਰਜ਼ ਤੇ ਡਰੈਸ ਬਣਾਈ ਗਈ ਸੀ।
ਮਹਿਲਾ ਕਾਂਸਟੇਬਲਾਂ ਦੇ ਇਸ ਦੋ ਮੈਂਬਰੀ ਗਰੁੱਪ ’ਚ ਸਕੂਟਰ ਦੇ ਪਿੱਛੇ ਬੈਠੀ ਕਾਂਸਟੇਬਲ ਨੂੰ ਪਿਸਟਲ, ਵਾਕੀ ਟਾਕੀ ਵਾਇਰਲੈਸ ਸੈਟ, ਖਾਸ ਕਿਸਮ ਦਾ ‘ਪੈਪਰ ਸਪਰੇਅ’ ਅਤੇ ਹੱਥਕੜੀ ਦਿੱਤੀ ਗਈ ਸੀ। ਇਹ ਸਪਰੇਅ ਛਿੜਕਣ ਤੋਂ ਬਾਅਦ ਸਾਹਮਣੇ ਵਾਲੇ ਵਿਅਕਤੀ ਦੀਆਂ ਅੱਖਾਂ ਤੇ ਅਸਰ ਪਾਉਂਦਾ ਹੈ ਜਿਸ ਨੂੰ ਪਿੱਛੋਂ ਅਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ। ਇਸ ਟੀਮ ’ਚ 5 ਫੁੱਟ 6 ਇੰਚ ਤੋਂ ਲੈ ਕੇ 5 ਫੁੱਟ 8 ਇੰਚ ਤੱਕ ਕੱਦ ਵਾਲੀਆਂ ਲੜਕੀਆਂ ਸ਼ਾਮਲ ਕੀਤੀਆਂ ਗਈਆਂ ਸਨ ਜੋ ਕੱਦਾਵਰ ਤੇ ਸ਼ਰੀਰਕ ਪੱਖੋਂ ਤਕੜੇ ਜੁੱਸੇ ਵਾਲੀਆਂ ਅਤੇ ਇੰਨ੍ਹਾਂ ਦੀ ਲੜਾਕੂ ਦਿੱੱਖ ਹੋਣ ਕਰਕੇ ਵਧੀਆ ਨਤੀਜ਼ੇ ਆਏ ਸਨ। ਲੰਮਾਂ ਸਮਾਂ ਵਾਸਪਸ ਟੀਮਾਂ ਦੀ ਬਠਿੰਡਾ ਦੀਆਂ ਸੜਕਾਂ ਤੇ ਤਾਇਨਾਤੀ ਰਹੀ ਪਰ ਹੌਲੀ ਹੌਲੀ ਸੁਰੱਖਿਆ ਦਾ ਇਹ ਢਾਂਚਾ ਲੱਗਭਗ ਖਤਮ ਵਾਂਗ ਹੀ ਹੋ ਗਿਆ ਸੀ।
ਸੂਤਰ ਦੱਸਦੇ ਹਨ ਕਿ ਕੁੱਝ ਮਹਿਲਾ ਮੁਲਾਜਮਾਂ ਨੇ ਵਿਆਹ ਹੋਣ ਕਾਰਨ ਬਦਲੀਆਂ ਕਰਾ ਲਈਆਂ ਜਦੋਂਕਿ ਕਈਆਂ ਨੇ ਹੋਰਨਾਂ ਥਾਵਾਂ ਤੇ ਤਾਇਨਾਤੀ ਕਰਵਾ ਲਈ ਜਿਸ ਦਾ ਅਸਰ ਵਾਸਪਸ ਟੀਮਾਂ ਤੇ ਪਿਆ। ਪੁਲਿਸ ਅਫਸਰਾਂ ਨੂੰ ਉਮੀਦ ਹੈ ਕਿ ਪਹਿਲਾਂ ਦੀ ਤਰਾਂ ਬਠਿੰਡਾ ’ਚ ਹੁਣ ਰਾਹ ਜਾਂਦੀਆਂ ਲੜਕੀਆਂ ਤੇ ਫਿਕਰੇ ਕਸਣ , ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਸੜਕ ਛਾਪ ਮਜਨੂੰਆਂ ਨੂੰ ਨੱਥ ਪਾਉਣ ਲਈ ‘ਵਾਸਪਸ’ ਟੀਮ ਨੂੰ ਸੜਕਾਂ ਤੇ ਉਤਾਰਨ ਦਾ ਫੈਸਲਾ ਵਧੀਆ ਰੰਗ ਦਿਖਾਏਗਾ। ‘ਵਾਸਪਸ’ ਸ਼ਬਦ ਦਾ ਪੰਜਾਬੀ ਅਰਥ ‘ ਭਰਿੰਡਾਂ ’ ਹੈ ਜਿਸ ਤੋਂ ਅੰਦਾਜਾ ਲੱਗਦਾ ਹੈ ਕਿ ਜੇਕਰ ਇਸ ਟੀਮ ਨੂੰ ਅਧੁਨਿਕ ਸਿਖਲਾਈ ਅਤੇ ਜਰੂਰਤ ਅਨੁਸਾਰ ਸਮਾਨ ਮੁਹੱਈਆ ਕਰਵਾਇਆ ਜਾਏ ਤਾਂ ਸੁਰੱਖਿਆ ਦੇ ਮਾਮਲੇ ’ਚ ਇਹ ਟੀਮਾਂ ਕਾਰਗਰ ਅਤੇ ਅਪਰਾਧੀਆਂ ਖਿਲਾਫ ਖਤਰਨਾਕ ਸਾਬਤ ਹੋ ਸਕਦੀਆਂ ਹਨ।
ਦਰਅਸਲ ਇੰਨ੍ਹਾਂ ਟੀਮਾਂ ਦੀ ਅਣਹੋਂਦ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਸ਼ਹਿਰ ਵਿੱਚ ਔਰਤਾਂ ਕੋਲੋਂ ਮੋਬਾਇਲ ਖੋਹਣ ਤੇ ਸੋਨੇ ਦੀਆਂ ਚੇਨਾਂ ਅਤੇ ਵਾਲੀਆਂ ਆਦਿ ਝਪਟਣ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਸੀ। ਇਹੋ ਕਾਰਨ ਹੈ ਕਿ ਹੁਣ ਨਵੇਂ ਐਸਐਸਪੀ ਨੇ ਸੁਰੱਖਿਆ ਨੂੰ ਪੁਖਤਾ ਬਨਾਉਣ ਦੇ ਮਾਮਲੇ ਵਿੱਚ ਇਹ ਨਵੀਆਂ ਪਹਿਲ ਕਦਮੀਆਂ ਕੀਤੀਆਂ ਹਨ। ਹਾਲਾਂਕਿ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੇ ਕਿਸੇ ਅਹਿਮ ਮੀਟਿੰਗ ਵਿੱਚ ਰੁੱਝੇ ਹੋਣ ਕਾਰਨ ਨਵੇਂ ਫੈਸਲੇ ਸਬੰਧੀ ਪ੍ਰਤੀਕਿਰਿਆ ਤਾਂ ਹਾਸਲ ਨਹੀਂ ਕੀਤੀ ਜਾ ਸਕੀ ਪਰ ਤਾਜਾ ਪ੍ਰਬੰਧਾਂ ਨੂੰ ਆਸ ਦੀ ਕਿਰਨ ਵਜੋਂ ਦੇਖਿਆ ਜਾ ਰਿਹਾ ਹੈ।
ਸ਼ਲਾਘਾਯੋਗ ਫੈਸਲਾ: ਐਡਵੋਕੇਟ ਬਹਿਲ
ਸਾਂਝੀ ਸੰਘਰਸ਼ ਕਮੇਟੀ ਬਠਿੰਡਾ ਦੇ ਕਨਵੀਨਰ ਐਡਵੋਕੇਟ ਐਮ ਐਮ ਬਹਿਲ ਦਾ ਕਹਿਣਾ ਸੀ ਕਿ ਐਸਐਸਪੀ ਹਰਮਨਬੀਰ ਸਿੰਘ ਗਿੱਲ ਵੱਲੋਂ ਚੁੱਕੇ ਕਦਮ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰੜੀ ਕਰਨ ਲਈ ਇਹ ਪ੍ਰਬੰਧ ਵਕਤ ਦੀ ਜਰੂਰਤ ਹਨ। ਉਨ੍ਹਾਂ ਕਿਹਾ ਕਿ ਅਪਰਾਧਿਕ ਵਾਰਦਾਤਾਂ ਕਾਰਨ ਸ਼ਹਿਰ ਵਿੱਚ ਦਹਿਸ਼ਤ ਅਤੇ ਡਰ ਵਾਲਾ ਮਹੌਲ ਬਣਿਆ ਸੀ ਜੋ ਪੁਲਿਸ ਦੀ ਤਾਇਨਾਤੀ ਨਾਲ ਖਤਮ ਨਹੀਂ ਤਾਂ ਕਾਫੀ ਹੱਦ ਤੱਕ ਘੱਟ ਕੀਤਾ ਜਾ ੋਸਕੇਗਾ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਵਾਸਪਸ ਟੀਮਾਂ ਨੂੰ ਤਾਇਨਾਤ ਕਰਨ ਨਾਲ ਔਰਤਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ।