ਅਸ਼ੋਕ ਵਰਮਾ,ਰਾਮਪੁਰਾ 7 ਨਵੰਬਰ 2023
ਰਾਮਪੁਰਾ ਦੇ ਇੱਕ ਨਿੱਜੀ ਸਕੂਲ ’ਚ ਮਾਂ ਬੋਲੀ ਪੰਜਾਬੀ ਦੀ ਕਥਿਤ ਤੌਰ ਤੇ ਬੇਕਦਰੀ ਖਿਲਾਫ ਸੜਕ ਤੇ ਉੱਤਰੇ ਲੱਖਾ ਸਿਧਾਣਾ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਅਤੇ ਥਾਣੇ ਲੈ ਗਈ। ਹਾਲਕਿ ਪੁਲਿਸ ਕਾਨੂੰਨੀ ਕਾਾਰਵਾਈ ਕਰਕੇ ਲੱਖਾ ਸਿਧਾਣਾ ਨੂੰ ਛੱਡਣ ਦੀ ਗੱਲ ਆਖ ਰਹੀ ਹੈ ਪਰ ਅੱਜ ਦੇ ਹਾਲਾਤਾਂ ਨੂੰ ਦੇਖਦਿਆਂ ਮਾਮਲਾ ਹੋਰ ਵੀ ਭੜਕਣ ਦੇ ਆਸਾਰ ਹਨ। ਮਾਮਲਾ ਰਾਮਪੁਰਾ ਦੇ ਇੱਕ ਨਾਮੀ ਪ੍ਰਾਈਵੇਟ ਸਕੂਲ ’ਚ ਪੰਜਾਬੀ ਭਾਸ਼ਾ ਪੜ੍ਹਾਉਣ ਨੂੰ ਲੈਕੇ ਵਿਗੜਿਆ ਹੈ। ਇਸ ਮੁੱਦੇ ਨੂੰ ਲੈਕੇ ਗੱਲਬਾਤ ਲਈ ਲੱਖਾ ਸਿਧਾਣਾ ਅਤੇ ਪਰਮਿੰਦਰ ਸਿੰਘ ਝੋਟਾ ਸੋਮਵਾਰ ਨੂੰ ਵੀ ਸਕੂਲ ਗਏ ਸਨ ਜਿੱਥੇ ਉਹ ਲਾਈਵ ਹੋ ਗਏ ਅਤੇ ਕਿਹਾ ਕਿ ਇਸ ਸਕੂਲ ’ਚ ਪੰਜਾਬੀ ਮਾਂ ਬੋਲੀ ਨਾਲ ਕਥਿਤ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਵਿਸ਼ੇਸ਼ ਵਿਚਾਰਧਾਰਾ ਵੇਲੇ ਆਗੂਆਂ ਦੀਆਂ ਤਸਵੀਰਾਂ ਲਾਕੇ ਪ੍ਰਬੰਧਕ ਮਹਾੌਲ ਖਰਾਬ ਕਰ ਰਹੇ ਹਨ। ਇਸ ਮੌਕੇ ਲੱਖਾ ਸਿਧਾਣਾ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਪੜ੍ਹਕੇ ਸੁਨਾਉਣ ਬਾਰੇ ਆਖ ਰਿਹਾ ਹੈ। ਇਸ ਮੌਕੇ ਲੱਖਾ ਸਿਧਾਣਾ ਅਤੇ ਝੌਟੇ ਦੀ ਸਕੂਲ ਪ੍ਰਬੰਧਕਾਂ ਨਾਲ ਤਿੱਖੀ ਬਹਿਸ ਵੀ ਹੋਈ। ਪ੍ਰਬੰਧਕਾਂ ਨੇ ਕਿਹਾ ਕਿ ਜੇਕਰ ਕਿਸ ਨੂੰ ਕੋਈ ਇਤਰਾਜ਼ ਹੈ ਤਾਂ ਉਹ ਲਿਖਕੇ ਦੇਣ ਉਹ ਅੱਗੇ ਸਕੂਲ ਮੈਨੇਜਮੈਂਟ ਨੂੰ ਭੇਜ ਦੇਣਗੇ। ਪ੍ਰਬੰਧਕਾਂ ਨੂੰ ਇਸ ਗੱਲ ਤੇ ਇਤਰਾਜ ਸੀ ਕਿ ਇਸ ਸਬੰਧ ’ਚ ਜੋ ਢੰਗ ਅਪਣਾਇਆ ਜਾ ਰਿਹਾ ਹੈ ਉਹ ਸਹੀ ਨਹੀਂ ਹੈ। ਮਾਮਲਾ ਤਣ ਪੱਤਣ ਨਾਂ ਲੱਗਦਾ ਦੇਖ ਲੱਖਾ ਸਿਧਾਣਾ ਨੇ ਅੱਜ ਮਾਪਿਆਂ ਅਤੇ ਹੋਰਨਾਂ ਲੋਕਾਂ ਦੇ ਸਹਿਯੋਗ ਨਾਲ ਧਰਨਾ ਲਾਉਣ ਦਾ ਐਲਾਨ ਕੀਤਾ ਸੀ।
ਇਸ ਮੌਕੇ ਲੱਖਾ ਸਿਧਾਣਾ ਆਪਣੇ ਸਾਥੀਆਂ ਸਮੇਤ ਪੁੱਜਿਆ ਹੋਇਆ ਸੀ ।ਇਸ ਮੌਕੇ ਡੀ ਐਸ ਪੀ ਫੂਲ ਮੋਹਿਤ ਅੱਗਰਵਾਲ ਦੀ ਅਗਵਾਈ ਹੇਠ ਕਿਸੇ ਅਣਸੁਖਾਵੀ ਘਟਨਾਂ ਨੂੰ ਦੇਖਦਿਆਂ ਪੁਲਿਸ ਦੀ ਤਾਇਨਾਤੀ ਕੀਤੀ ਗਈ ਸੀ। ਇਸ ਮੌਕੇ ਲੱਖਾ ਸਿਧਾਣਾ ਅਤੇ ਡੀਐਸਪੀ ਵਿਚਕਾਰ ਪੰਜਾਬੀ ਭਾਸ਼ਾ ਦੇ ਮੁੱਦੇ ਤੇ ਕਾਫੀ ਤਿੱਖੀ ਬਹਿਸ ਹੋਈ। ਲੱਖਾ ਸਿਧਾਣਾ ਦੀ ਦਲੀਲ ਸੀ ਕਿ ਇਸ ਪ੍ਰਾਈਵੇਟ ਸਕੂਲ ’ਚ ਪੰਜਾਬੀ ਮਾਤ ਭਾਸ਼ਾ ਨਾਲ ਵਿਤਕਰਾ ਹੋ ਰਿਹਾ ਹੈ। ਡੀਐਸਪੀ ਮੋਹਿਤ ਅੱਗਰਵਾਲ ਨੇ ਕਿਹਾ ਕਿ ਮਾਪਿਆਂ ਨੂੰ ਕੋਈ ਦਿੱਕਤ ਹੈ ਤਾਂ ਉਹ ਆਪਣਾ ਮੰਗ ਪੱਤਰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਮਤਲਬ ਤੋਂ ਸਕੂਲ ਦਾ ਮਹੌਲ ਖਰਾਬ ਕੀਤਾ ਜਾ ਰਿਹਾ ਹੈ ਜੋ ਪੁਲਿਸ ਬਰਦਾਸ਼ਤ ਨਹੀਂ ਕਰੇਗੀ।
ਲੱਖਾ ਸਿਧਾਣਾ ਨੇ ਇਸ ਮੌਕੇ ਆਖਿਆ ਕਿ ਕੀ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਪੰਜਾਬੀ ਮਾਂ ਬੋਲੀ ਖਤਮ ਹੋ ਜਾਏ। ਉਨ੍ਹਾਂ ਕਿਹਾ ਕਿ ਜਿਹੜੀ ਦੁਰਦਸ਼ਾ ਪੰਜਾਬੀ ਦੀ ਪੰਜਾਬ ’ਚ ਹੋ ਰਹੀ ਹੈ ਉਹ ਕਿਸੇ ਹੋਰ ਭਾਸ਼ਾ ਦੀ ਕਿਧਰੇ ਵੀ ਨਹੀਂ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਮਾਂ ਬੋਲੀ ਦੇ ਮੁੱਦੇ ਤੇ ਜੇਲ੍ਹ ਕੱਟ ਕੇ ਆਏ ਹਨ ਅਤੇ ਉਹ ਹੁਣ ਵੀ ਪੁਲਿਸ ਦੀਆਂ ਡਾਂਗਾਂ ਖਾਣ ਲਈ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਕੂਲ ਵਿੱਚੋਂ 10-10ਸਾਲ ਪੁਰਾਣੇ ਮੁਲਾਜਮਾਂ ਨੂੰ ਕੱਢਣ ਦਾ ਕਾਰਨ ਵੀ ਇਹੋ ਹੈ। ਲੱਖਾ ਸਿਧਾਣਾ ਨੇ ਮਾਪਿਆਂ ਨੂੰ ਕਿਹਾ ਕਿ ਕਿਸੇ ਤੋਂ ਡਰਨ ਦੀ ਲੋੜ ਨਹੀਂ ਉਹ ਉਨ੍ਹਾਂ ਦੇ ਨਾਲ ਖੜ੍ਹਨਗੇ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਨੇ ਲੱਖਾ ਸਿਧਾਣਾ ਨਾਲ ਗੱਲਬਾਤ ਕੀਤੀ ਪਰ ਜਦੋਂ ਮਸਲਾ ਨਾਂ ਸੁਲਝਿਆ ਤਾਂ ਮੌਕੇ ਤਾਇਨਾਤ ਪੁਲਿਸ ਨੇ ਲੱਖਾ ਸਿਧਾਣਾ ਨੂੰ ਜਬਰੀ ਪੁਲਿਸ ਬੱਸ ’ਚ ਬਿਠਾ ਲਿਆ ਅਤੇ ਮੌਕੇ ਤੋਂ ਲੈ ਗਈ।
ਲੱਖਾ ਸਿਧਾਣਾ ਵੱਲੋਂ ਆਰਐਸਐਸ ਤੇ ਤਵੇ
ਲੱਖਾ ਸਿਧਾਣਾ ਨੇ ਇਸ ਮਾਮਲੇ ’ਚ ਇੱਕ ਦਿਨ ਪਹਿਲਾਂ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪੰਜਾਬ ’ਚ ਵੱਡੀ ਗਿਣਤੀ ਸਕੂਲ ਹਨ ਜਿੰਨ੍ਹਾਂ ਵੱਲੋਂ ਪੰਜਾਬੀ ਮਾਂ ਬੋਲੀ ਦੀਆਂ ਜੜਾਂ ਕੁਤਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਖੁਦ ਵੀ ਕਸੂਰਵਾਰ ਹਾਂ ਜੋ ਇਸ ਤਰਫ ਧਿਆਨ ਨਹੀਂ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰਾਂ ਮਾਂ ਬੋਲੀ ਨੂੰ ਦਾਤੀ ਫੇਰੀ ਜਾ ਰਹੀ ਹੈ ਉਹ ਇੱਕ ਦਿਨ ਇਸ ਨੂੰ ਖਤਮ ਕਰ ਦੇਣਗੇ। ਉਨ੍ਹਾਂ ਮਾਪਿਆਂ ਨੂੰ ਇਸ ਪਾਸੇ ਫੌਰੀ ਧਿਆਨ ਦੇਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਕੁੱਝ ਲੋਕ ਉਨ੍ਹਾਂ ਨੂੰ ਗਰਮ ਖਿਆਲੀ ਦੱਸਦੇ ਹਨ ਪਰ ਉਹ ਪੰਜਾਬ ਵਿਰੋਧੀ ਬੰਦੇ ਨਾਲ ਮਿੱਠੇ ਤੌਰੇ ਤੇ ਗੱਲ ਕਰਨ ਨੂੰ ਤਿਆਰ ਨਹੀਂ । ਉਨ੍ਹਾਂ ਕਿਹਾ ਕਿ ਜਿਹੜੇ ਮੁਲਾਜਮ ਇਨ੍ਹਾਂ ਗੱਲਾਂ ਦਾ ਵਿਰੋਧ ਕਰਦੇ ਸਨ ਉਨ੍ਹਾਂ ਨੂੰ ਨੌਕਰੀਓਂ ਕੱਢ ਦਿੱਤਾ ਹੈ ਜੋਕਿ ਚਿੰਤਾਜਨਕ ਹੈ।
ਮਹੌਲ ਵਿਗਾੜਨ ਦੀ ਆਗਿਆ ਨਹੀਂ-ਡੀਐਸਪੀ
ਡੀਐਸਪੀ ਮੋਹਿਤ ਅਗਰਵਾਲ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਧਾਰਾ 107/51 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਦਿੱਕਤ ਹੈ ਤਾਂ ਉਹ ਯੋਗ ਢੰਗ ਨਾਲ ਆਪਣੀਆਂ ਮੰਗਾਂ ਸਬੰਧਤ ਅਧਿਕਾਰੀਆਂ ਅੱਗੇ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਮਹੌਲ ਖਰਾਬ ਕਰਨ ਜਾਂ ਸੜਕ ਵਗੈਰ ਜਾਮ ਕਰਕੇ ਲੋਕਾਂ ਲਈ ਮੁਸ਼ਕਲ ’ਚ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ।