ਅਸ਼ੋਕ ਵਰਮਾ, ਬਠਿੰਡਾ 7 ਨਵੰਬਰ 2023
ਤਿੰਨ ਦਿਨ ਪਹਿਲਾਂ ਬਠਿੰਡਾ ਜਿਲ੍ਹੇ ਦੇ ਗੋਨਿਆਣਾ ਇਲਾਕੇ ’ਚ ਪੈਂਦੇ ਪਿੰਡ ਮਹਿਮਾ ਸਰਜਾ ਲਾਗੇ ਨੇਹੀਆਂ ਵਾਲਾ ਦੇ ਰਕਬੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਨੋਡਲ ਅਫਸਰ ਹਰਪ੍ਰੀਤ ਸਾਗਰ ਤੋਂ ਪਰਾਲੀ ਨੂੰ ਅੱਗ ਲੁਆਉਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਵੱਲੋਂ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਸਮੇਤ ਵੱਡੀ ਗਿਣਤੀ ਆਗੂਆਂ ਨੂੰ ਹਿਰਾਸਤ ’ਚ ਲੈਣ ਦ ਮਾਮਲੇ ਦਾ ਰੱਫੜ ਵਧਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਸ ਸਬੰਧ ਵਿੱਚ ਪੁਲਿਸ ਦਾ ਕੋਈ ਅਧਿਕਾਰਕ ਬਿਆਨ ਜਾਂ ਪੁਸ਼ਟੀ ਸਾਹਮਣੇ ਨਹੀਂ ਆਈ ਪਰ ਕਿਸਾਨ ਆਗੂਆਂ ਨੇ ਉਨ੍ਹਾਂ ਕੋਲ ਗ੍ਰਿਫਤਾਰੀਆਂ ਦੀ ਸੂਚੀ ਹੋਣ ਦਾ ਦਾਅਵਾ ਕੀਤਾ ਹੈ। ਕਿਸਾਨ ਜੱਥੇਬੰਦੀ ਵੱਲੋਂ ਅਗਲੀ ਰਣਨੀਤੀ ਘੜਨ ਦਾ ਐਲਾਨ ਕਰਨ ਲਈ ਸੱਦੀ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ।ਅੱਜ ਇਸ ਮਾਮਲੇ ’ਚ ਏਡੀਜੀਪੀ ਇੰਟੈਲੀਜੈਂਸ ਜਸਕਰਨ ਸਿੰਘ ,ਫਰੀਦਕੋਟ ਰੇਂਜ ਦੇ ਆਈ ਜੀ ਅਤੇ ਹੋਰ ਅਧਿਕਾਰੀਆਂ ਨੇ ਕਿਸਾਨ ਵਫਦ ਨਾਲ ਲੰਮਾਂ ਸਮਾਂ ਮੀਟਿੰਗ ਕੀਤੀ ਹੈ। ਕਿਸਾਨ ਆਗੂ ਆਖਦੇ ਹਨ ਕਿ ਮੀਟਿੰਗ ਬੇਸਿੱਟਾ ਰਹੀ ਹੈ ਜਦੋਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਲਬਾਤ ਚੱਲ ਰਹੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰ ਵਕਤ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਦੱਸਿਆ ਸੀ ਕਿ ਲੰਘੀ ਰਾਤ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਸਮੇਤ ਕਰੀਬ 7 ਦਰਜਨ ਤੋਂ ਵੱਧ ਕਿਸਾਨਾਂ ਨੂੰ ਪੁਲੀਸ ਨੇ ਚੁੱਕ ਲਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਉਹ ਕੋਲ ਲੱਗਭਗ 85 ਗ੍ਰਿਫਤਾਰੀਆਂ ਦੀ ਸੂਚੀ ਮੌਜੂਦ ਹੈ ਜੋ ਪੁਲਿਸ ਨੇ ਕੀਤੀਆਂ ਹਨ । ਉਨ੍ਹਾਂ ਦੱਸਿਆ ਕਿ ਜੱਥੇਬੰਦੀ ਕੋਲ ਪੁਲਿਸ ਵੱਲੋਂ ਆਗੂਆਂ ਨੂੰ ਚੁੱਕਣ ਸਬੰਧੀ ਲਗਾਤਾਰ ਰਿਪੋਰਟਾਂ ਆ ਰਹੀਆਂ ਹਨ। ਕਿਸਾਨ ਆਗੂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੂੰ ਮਹਿਮਾ ਸਰਜਾ ਪੁੱਜਣ ਲਈ ਕਿਹਾ ਗਿਆ ਸੀ ਪਰ ਪਿੱਛੇ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਪਹਿਲਾਂ ਹੀ ਹਿਰਾਸਤ ’ਚ ਲੈ ਲਿਆ। ਉਨ੍ਹਾਂ ਕਿਹਾ ਕਿ ਰਾਤ ਥਾਣੇ ਅੱਗੇ ਪ੍ਰਦਰਸ਼ਨ ਲਈ ਪਹੁੰਚੇ ਕਿਸਾਨਾਂ ’ਚੋਂ ਕਰੀਬ ਦੋ ਦਰਜਨ ਤੋਂ ਵੱਧ ਕਿਸਾਨ ਹਿਰਾਸਤ ’ਚ ਲੈ ਵੱਖ-ਵੱਖ ਥਾਣਿਆਂ ’ਚ ਡੱਕੇ ਹੋਏ ਹਨ।
ਬਲਾਕ ਗੋਨਿਆਣਾ ਦੇ ਸੀਨੀਅਰ ਆਗੂ ਰਾਮ ਸਿੰਘ ਦਿਉਣ ਨੇ ਦੱਸਿਆ ਕਿ ਜੱਥੇਬੰਦੀ ਦੇ ਆਗੂ ਰਣਜੀਤ ਸਿੰਘ ਜੀਦਾ, ਕੁਲਵੰਤ ਸਿੰਘ ਨਹੀਆਂ ਵਾਲਾ, ਗੁਰਦੀਪ ਸਿੰਘ ਮਹਿਮਾ ਸਰਜਾ ਅਤੇ ਗੁਰਮੀਤ ਸਿੰਘ ਹਿਰਾਸਤ ’ਚ ਲਏ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਕਾਂਡ ਦੇ ਕੇਸ ’ਚ ਕਥਿਤ ਤੌਰ ’ਤੇ ਸ਼ਾਮਲ ਦੋ ਨਾਜ਼ਮਦ ਕਿਸਾਨਾਂ ਸ਼ਿਵਰਾਜ ਸਿੰਘ ਅਤੇ ਸੁਰਜੀਤ ਸਿੰਘ ਜੋ ਯੂਨੀਅਨ ਦੀ ਪਿੰਡ ਇਕਾਈ ਦਾ ਪ੍ਰਧਾਨ ਵੀ ਹੈ, ਨੂੰ ਹਿਰਾਸਤ ’ਚ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਜਿਲ੍ਹੇ ’ਚ ਪਰਾਲੀ ਨੂੰ ਅੱਗ ਲਾਉਣ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਮਾਮਲੇ ’ਚ ਨਿਯੁਕਤ ਕੀਤੇ ਨੋਡਲ ਅਫਸਰ ਹਰਪ੍ਰੀਤ ਸਾਗਰ ਮਹਿਮਾ ਸਰਜਾ ਇਲਾਕੇ ’ਚ ਕਿਸਾਨਾਂ ਨੂੰ ਸਮਝਾਉਣ ਬੁਝਾਉਣ ਲਈ ਪੁੱਜੇ ਸਨ।
ਇਸ ਮੌਕੇ ਉਹ ਕਿਸਾਨਾਂ ਨਾਲ ਅਜੇ ਗੱਲਬਾਤ ਹੀ ਕਰ ਰਹੇ ਸਨ ਤਾਂ ਇੱਕ ਕਿਸਾਨ ਨੇ ਫੋਨ ਕਰਕੇ ਕਿਸਾਨ ਯੂਨੀਅਨ ਦੇ ਆਗੂ ਸੱਦ ਲਏ। ਕਿਸਾਨ ਆਗੂਆਂ ਨੇ ਅੱਗ ਲਾਉਣ ਵਾਲੇ ਖੇਤਾਂ ਦੀ ਨਿਸ਼ਾਨਦੇਹੀ ਕਰਨ ਗਏ ਨੋਡਲ ਅਫ਼ਸਰ ਹਰਪ੍ਰੀਤ ਸਾਗਰ ਨੂੰ ਬੰਦੀ ਬਣਾ ਕੇ ਉਸ ਨਾਲ ਅਪਮਾਨਜਨਕ ਵਿਵਹਾਰ ਕਰਨ ਤੋਂ ਇਲਾਵਾ ਉਸ ਦੇ ਹੱਥ ਮਾਚਿਸ ਫੜ੍ਹਾ ਦਿੱਤੀ। ਇਸ ਮੌਕੇ ਕਿਸਾਨ ਆਗੂਆਂ ਨੇ ਹਰਪ੍ਰੀਤ ਸਾਗਰ ਨੂੰ ਪਰਾਲੀ ਨੂੰ ਤੀਲੀ ਲਾਉਣ ਲਈ ਮਜਬੂਰ ਕੀਤਾ। ਵਾਸਤਾ ਪਾਉਣ ਦੇ ਬਾਵਜੂਦ ਜਦੋਂ ਆਗੂ ਨਾਂ ਮੰਨੇ ਤਾਂ ਆਪਣਾ ਖਹਿੜਾ ਛੁਡਵਾਉਣ ਅਤੇ ਹਾਲਾਤਾਂ ਨੂੰ ਦੇਖਦਿਆਂ ਨੋਡਲ ਅਫਸਰ ਨੂੰ ਪਰਾਲੀ ਸਾੜਨੀ ਪਈ। ਕਿਸਾਨਾਂ ਨੇ ਇਸ ਘਟਨਾਂ ਦੀ ਵੀਡੀਓ ਬਣਾ ਲਈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।
ਵੀਡੀਓ ’ਚ ਸਾਹਮਣੇ ਆਏ ਤੱਥਾਂ ਨੂੰ ਦੇਖਦਿਆਂ ਮੁੱਖ ਮੰਤਰੀ ਪੰਜਾਬ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ ਜਿੰਨ੍ਹਾਂ ਤੇ ਅਮਲ ਕਰਦਿਆਂ ਥਾਣਾ ਨੇਹੀਆਂ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਮੁੱਖ ਆਗੂ ਬਲਜੀਤ ਸਿੰਘ ਵਾਸੀ ਗੁਰਥੜੀ ਅਤੇ ਮਹਿੰਦਰ ਸਿੰਘ ਗਹਿਰੀ ਭਾਗੀ ਤੋਂ ਇਲਾਵਾ ਨੇਹੀਆਂ ਵਾਲਾ ਪਿੰਡ ਦੇ ਕਿਸਾਨਾਂ ਗੁਰਮੀਤ ਸਿੰਘ,ਸੁਰਜੀਤ ਸਿੰਘ,ਦਦਾਰਾ ਸਿੰਘ, ਬਚਿੱਤਰ ਸਿੰਘ ਮਾਸਟਰ,ਰਾਮ ਸਿੰਘ ਮਾਨ, ਹਰਸ਼ਦੀਪ ਸਿੰਘ ਉਰਫ ਬਾਬੂ ਪੁੱਤਰ ਤੇਜਾ ਸਿੰਘ ਅਤੇ ਸ਼ਿਵਰਾਜ ਸਿੰਘ ਉਰਫ ਟਾਂਡੇ ਭੰਨ ਪੁੱਤਰ ਗੁਲਜ਼ਾਰ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਰਣਨੀਤੀ ਲਈ ਮੀਟਿੰਗ ਸੱਦੀ
ਕਿਸਾਨ ਆਗੂ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਜੋ ਕਿਸੇ ਤਣ ਪੱਤਣ ਨਹੀਂ ਲੱਗੀ ਹੈ। ਉਨ੍ਹਾਂ ਕਿਹਾ ਕਿ ਹੁਣ ਧਰਨੇ ਵਾਲੀ ਥਾਂ ਤੇ ਪੁੱਜਕੇ ਵਿਚਾਰ ਵਟਾਂਦਰੇ ਪਿੱਛੋਂ ਅਗਲੀ ਰਣਨੀਤੀ ਬਾਰੇ ਫੈਸਲਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਮਾਮਲੇ ’ਚ ਰਾਹਤ ਦੇਣ ਦੀ ਥਾਂ ਗ੍ਰਿਫਤਾਰੀਆਂ ਦੇ ਰਾਹ ਪੈ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਜੱਥੇਬੰਦੀ ਕਿਸਾਨਾਂ ਖਿਲਾਫ ਕੀਤੇ ਜਾ ਰਹੇ ਧੱਕੇ ਨੂੰ ਲੈਕੇ ਸੰਘਰਸ਼ ਜਾਰੀ ਰੱਖੇਗੀ।
ਗੱਲਬਾਤ ਦਾ ਸਿਲਸਿਲਾ ਜਾਰੀ:ਏਡੀਜੀਪੀ
ਏਡੀਜੀਪੀ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਕਿਸਾਨ ਆਗੂਆਂ ਨਾਲ ਗੱਲਬਾਤ ਜਾਰੀ ਹੈ ਅਤੇ ਜਲਦੀ ਹੀ ਮਸਲੇ ਦਾ ਹੱਲ ਕੱਢ ਲਿਆ ਜਾਏਗਾ।