ਬਿੱਟੂ ਜਲਾਲਾਬਾਦੀ, ਫ਼ਿਰੋਜ਼ਪੁਰ, 6 ਨਵੰਬਰ 2023
ਜ਼ਿਲ੍ਹੇ ਅੰਦਰ ਪੈਂਦੀਆਂ ਸਬ ਡਵੀਜ਼ਨ ਫਿਰੋਜ਼ਪੁਰ, ਜ਼ੀਰਾ ਅਤੇ ਗੁਰੂਹਰਸਹਾਏ ਦੇ ਏਰੀਏ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਫੀਲਡ ਵਿੱਚ ਉਤਰੇ ਹੋਏ ਹਨ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਜੇਕਰ ਕਿਸੇ ਖੇਤਰ ਵਿੱਚ ਅੱਗ ਲੱਗੀ ਹੈ ਤਾਂ ਉਸ ਨੂੰ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਬੁਝਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਖੇਤੀਬਾੜੀ ਤੇ ਹੋਰ ਵਿਭਾਗਾਂ ਦੀਆਂ ਟੀਮਾਂ ਵੱਖ-ਵੱਖ ਪਿੰਡਾਂ ਵਿੱਚ ਅੱਗ ਵਾਲੀਆਂ ਥਾਵਾਂ ਮੌਕੇ ‘ਤੇ ਪਹੁੰਚ ਕੇ ਅਤੇ ਫਾਇਰ ਬ੍ਰਿਗੇਡ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਖੇਤਾਂ ਵਿੱਚ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਪਰਾਲੀ ਨੂੰ ਲੱਗੀ ਅੱਗ ਬੁਝਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਣ ਦੀਆਂ ਘਟਨਾਵਾਂ ਉਤੇ ਕਾਬੂ ਪਾਉਣ ਲਈ ਪਰਾਲੀ ਪ੍ਰਬੰਧਨ ਲਈ ਵੱਡੀ ਪੱਧਰ ‘ਤੇ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਬੇਲਰਾਂ ਰਾਹੀਂ ਖੇਤਾਂ ਵਿੱਚੋਂ ਪਰਾਲੀ ਦੀਆਂ ਗੱਠਾਂ ਬਣਾਈਆਂ ਜਾ ਰਹੀਆਂ ਹਨ ਅਤੇ ਪਰਾਲੀ ਪ੍ਰਬੰਧਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਪਰਾਲੀ ਪ੍ਰਬੰਧਨ ਲਈ ਅਤਿ-ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਬੇਲਰ ਜਾਂ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਨਹੀਂ ਪਹੁੰਚੀ, ਲੋੜਵੰਦ ਕਿਸਾਨ ਨੇੜੇ ਦੇ ਖੇਤੀਬਾੜੀ ਦਫ਼ਤਰ ਜਾਂ ਐਸ.ਡੀ.ਐਮ. ਦਫ਼ਤਰ ਨਾਲ ਸੰਪਰਕ ਕਰਨ।
ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨ ਹੁਣ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਨ ਪਰ ਕੁਝ ਕਿਸਾਨ ਜੋ ਅਜੇ ਵੀ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਵਿੱਚ ਹਨ ਉਹ ਇਸ ਵਾਰ ਅੱਗ ਨਾ ਲਗਾਉਣ ਅਤੇ ਅਗਲੇ ਸੀਜ਼ਨ ਵਿੱਚ ਦੇਖਣਗੇ ਕਿ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੱਧੀ ਹੈ ਅਤੇ ਫ਼ਸਲ ਦਾ ਝਾੜ ਵੀ ਵਧਿਆ ਹੈ।