ਅਸ਼ੋਕ ਵਰਮਾ, ਬਠਿੰਡਾ, 26 ਅਕਤੂਬਰ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਬਠਿੰਡਾ ਸ਼ਹਿਰ ਨਾਲ ਸਬੰਧਤ ਪੈਰੋਕਾਰਾਂ ਨੇ ਮੈਡੀਕਲ ਖੋਜਾਂ ਲਈ ਸ਼ਰੀਰਦਾਨ ਕਰਨ ਦੇ ਮਾਮਲੇ ’ਚ ਸੈਂਕੜਾ ਮੁਕੰਮਲ ਕਰ ਲਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਬਠਿੰਡਾ ਖ਼ੂਨਦਾਨ ਦੇ ਖੇਤਰ ’ਚ ਪੰਜਾਬ ਭਰ ’ਚ ਮੋਹਰੀ ਜਾਣਿਆ ਜਾਂਦਾ ਸੀ ਪਰ ਡੇਰਾ ਪ੍ਰੇਮੀਆਂ ਦੀ ਪਹਿਲਕਦਮੀ ਹੁਣ ਸ਼ਰੀਰਦਾਨ ਦੇ ਖੇਤਰ ਵਿਚ ਵੀ ਨਵੇਂ ਰਿਕਾਰਡ ਬਨਾਉਣ ਵੱਲ ਵਧਣ ਲੱਗੀ ਹੈ। ਇਸੇ ਮੁਹਿੰਮ ਤਹਿਤ ਅੱਜ ਇੱਥੋਂ ਦੇ ਲਾਈਨੋਂਪਾਰ ਵਸਦੇ ਜੋਗੀ ਨਗਰ ਦੀ ਮਹਿਲਾ ਸ਼ਰਧਾਲੂ ਜਗੀਰ ਕੌਰ ਇੰਸਾਂ ਨੇ 100ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਡੇਰਾ ਪੈਰੋਕਾਰ ਆਖਦੇ ਹਨ ਕਿ ਉਹ ਮਾਨਵਾਤਾਭਲਾਈ ਦਾ ਕਾਰਜ ਆਪਣੇ ਗੁਰੂ ਡਾ.ਸੰਤ ਗੁਰਮੀਤ ਰਾਮ ਰਹੀ ਸਿੰਘ ਜੋ ਡੇਰਾ ਸਿਰਸਾ ਦੇ ਮੁਖੀ ਵੀ ਹਨ,ਦੇ ਦਿਸ਼ਾ ਨਿਰਦੇਸ਼ਾਂ ਅਤੇ ਉਨ੍ਹਾਂ ਵੱਲੋਂ ਦਿੱਤੀ ਜਾ ਰਹੀ ਸਿੱਖਿਆ ਤਹਿਤ ਸ਼ਰੀਰਦਾਨ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਵੇਰਵਿਆਂ ਅਨੁਸਾਰ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਏ ਦੀ ਸੇਵਾਦਾਰ ਮਾਤਾ ਜਗੀਰ ਕੌਰ ਇੰਸਾਂ (90) ਦਾ ਦੇਹਾਂਤ ਹੋ ਗਿਆ ਸੀ। ਇਸ ਮੌਕੇ ਮਾਤਾ ਦੇ ਪੁੱਤਰਾਂ ਅਵਤਾਰ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਫੈਸਲਾ ਲਿਆ ਕਿ ਉਹ ਆਪਣੀ ਮਾਂ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨਗੇ। ਆਪਣੇ ਇਸ ਫੈਸਲੇ ਤੇ ਪਹਿਰਾ ਦਿੰਦਿਆਂ ਪ੍ਰੀਵਾਰ ਨੇ ਦੁੱਖ ਦੀ ਇਸ ਘੜੀ ਦੇ ਬਾਵਜੂਦ ਆਪਣੀ ਮਾਤਾ ਦਾ ਸ਼ਰੀਰ ਵਰਲਡ ਕਾਲਜ ਆਫ ਮੈਡੀਕਲ ਸਾਇੰਸਜ਼, ਰਿਸਰਚ ਐਂਡ ਹਸਪਤਾਲ ਗੁਰਾਵਰ ਰੋਡ, ਜੱਝਰ (ਹਰਿਆਣਾ) ਨੂੰ ਦਾਨ ਕਰ ਦਿੱਤਾ।
ਮਾਤਾ ਦੀ ਮ੍ਰਿਤਕ ਦੇਹ ਨੂੰ ਰਵਾਨਾ ਕਰਨ ਵੇਲੇ ਡੇਰਾ ਸ਼ਰਧਾਲੂਆਂ ਦਾ ਵੱਡਾ ਇਕੱਠ ਹਾਜ਼ਰ ਸੀ।ਡੇਰਾ ਪ੍ਰੇਮੀਆਂ ਨੇ ਮਾਤਾ ਜਗੀਰ ਕੌਰ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਜਗੀਰ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਜਗਜੀਤ ਸਿੰਘ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਕਮਲੇਸ਼ ਇੰਸਾਂ ਨੇ ਦੱਸਿਆ ਕਿ ਬੀਤੀ ਰਾਤ ਮਾਤਾ ਜਗੀਰ ਕੌਰ ਇੰਸਾਂ ਕੈਂਸਰ ਤੋਂ ਪੀੜਿਤ ਸਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਾਤਾ ਨੇ ਜਿਉਂਦੇ ਜੀਅ ਆਪਣੀ ਮੌਤ ਉਪਰੰਤ ਸ਼ਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ, ਜਿਸ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।
ਇਸ ਮੌਕੇ ਸੇਵਾਦਾਰ ਭੈਣ ਰਮਾ ਇੰਸਾਂ ਨੇ ਦੱਸਿਆ ਕਿ ਮਾਤਾ ਜਗੀਰ ਕੌਰ ਇੰਸਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਉਹ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ। ਇਸ ਮੌਕੇ ਪ੍ਰੇਮੀ ਸੰਮਤੀ ਏਰੀਆ ਪਰਸ ਰਾਮ ਨਗਰ-ਏ ਦੇ ਸੇਵਾਦਾਰ ਗੁਰਮਨਪ੍ਰੀਤ ਇੰਸਾਂ, ਰੌਕੀ ਇੰਸਾਂ, ਅਮਨਪ੍ਰੀਤ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀ ਅਤੇ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ।
ਬਠਿੰਡਾ ਲਈ ਮਾਣ ਵਾਲੀ ਗੱਲ:ਪ੍ਰਬੰਧਕ
ਡੇਰਾ ਸਿਰਸਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਡੇਰਾ ਸੱਚਾ ਸੌਦਾ ਵੱਲੋਂ ਪਿਛਲੇ ਲਗਭਗ 14-15 ਸਾਲਾਂ ਤੋਂ ਸ਼ਰੀਰਦਾਨ ਦੀ ਮੁਹਿੰਮ ਨੂੰ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਹੈ ਜਿਸ ਵਿਚ ਬਠਿੰਡਾ ਦੀ ਸਾਧ ਸੰਗਤ ਵੀ ਆਪਣਾ ਸਹਿਯੋਗ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਏ ਦੀ ਸੇਵਾਦਾਰ ਮਾਤਾ ਜਗੀਰ ਕੌਰ ਇੰਸਾਂ ਨੂੰ ਬਲਾਕ ਬਠਿੰਡਾ ਦੇ 100ਵੇਂ ਸ਼ਰੀਰਦਾਨੀ ਬਣੇ ਹਨ ਜੋ ਬਠਿੰਡਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਸ਼ਰੀਰਦਾਨ ਕਰਨ ਦੀ ਮੁਹਿੰਮ ਦੇ ਸਿਹਰਾ ਡੇਰਾ ਸਿਰਸਾ ਮੂੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤਾ ਹੈ।
ਸ਼ਰੀਰਦਾਨ ਮੁਹਿੰਮ ਸ਼ਲਾਘਾਯੋਗ : ਸਿਵਲ ਸਰਜਨ
ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਨੇ ਸ਼ਰੀਰਦਾਨ ਮੁਹਿੰਮ ਤਹਿਤ 100ਵਾਂ ਸਰੀਰਦਾਨ ਹੋਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮ੍ਰਿਤਕ ਦੇਹ ’ਤੇ ਖੋਜ਼ਾਂ ਕਰਕੇ ਮੈਡੀਕਲ ਵਿਦਿਆਰਥੀ ਹੋਰ ਵੀ ਬਿਹਤਰ ਢੰਗ ਨਾਲ ਸਿੱਖਿਆ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮੌਤ ਉਪਰੰਤ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਸ਼ਰੀਰਦਾਨ ਕਰਨ ਤੇ ਜਰੂਰਤਮੰਦ ਨੂੰ ਮ੍ਰਿਤਕ ਦਾ ਅੰਗ ਲਗਾਇਆ ਜਾ ਸਕਦਾ ਹੈ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਇਸ ਰਸਤੇ ਤੇ ਚੱਲਣ ਦੀਅਪੀਲ ਕੀਤੀ ਤਾਂ ਜੋ ਭਵਿੱਖ ਦੇ ਡਾਕਟਰ ਆਉਣ ਤੇ ਮੌਜੂਦਾ ਮੈਡੀਕਲ ਵਿਦਿਆਰਥੀ ਮ੍ਰਿਤਕ ਦੇਹਾਂ ਤੇ ਖੋਜਾਂ ਕਰਕੇ ਭਿਆਨਕ ਬਿਮਾਰੀਆਂ ਦੇ ਹੱਲ ਲੱਭ ਸਕਣ।