ਪਟਾਕੇ ਅਤੇ ਛੁਰਲੀਆਂ ਚਲਾਉਣ ਦੇ ਚਾਅ ਮਲਾਰ ਅੰਦਰੋ ਅੰਦਰੀ ਦਮ ਤੋੜ ਗਏ,,,,,,,

Advertisement
Spread information
ਅਸ਼ੋਕ ਵਰਮਾ, ਬਠਿੰਡਾ 26 ਅਕਤੂਬਰ 2023 
   
        ਪਿੰਡ ਫੂਸ ਮੰਡੀ ਦੇ  ਬੱਚਿਆਂ ਦਾ ਦਰਦ ਹੈ ਕਿ ਉਨ੍ਹਾਂ ਨੂੰ ਦਿਵਾਲੀ ਮੌਕੇ ਪਟਾਕੇ ਚਲਾਉਣ ਤੋਂ ਮਹਿਰੂਮ ਰਹਿਣਾ ਪੈਂਦਾ ਹੈ। ਉਮਰ ਦੀ ਅੱਧੀ ਸਦੀ ਲੰਘਾਉਣ ਵਾਲੇ ਪਿੰਡ ਵਾਸੀਆਂ ਦੇ ਦਿਲ ਦੇ ਕਿਸੇ ਕੋਨੇ ’ਚ ਵੀ ਇਹ ਰੀਝ ਦਬ ਕੇ ਰਹਿ ਗਈ ਹੈ। ਕਾਫੀ ਲੋਕਾਂ ਨੂੰ ਇਹੋ ਹੌਂਸਲਾ ਹੈ ਕਿ ਬਠਿੰਡਾ ਛਾਉਣੀ ਅਤੇ ਭਾਰਤੀ ਕੰਪਨੀਆਂ ਦੇ ਤੇਲ ਡਿੱਪੂ ਬਣਨ ਤੋਂ ਪਹਿਲਾਂ ਦਿਵਾਲੀ ਮੌਕੇ ਜਿਹੜੀਆਂ ਮੌਜਾਂ ਲੁੱਟਣੀਆਂ ਸਨ ਉਹ ਲੁੱਟ ਲਈਆਂ ਜਦੋਂਕਿ ਮਗਰੋਂ ਤਾਂ ਪਟਾਕੇ ਅਤੇ ਛੁਰਲੀਆਂ ਚਲਾਉਣ ਦੇ ਚਾਅ ਮਲਾਰ ਅੰਦਰੋ ਅੰਦਰੀ ਦਮ ਤੋੜ ਗਏ ਹਨ। ਬਠਿੰਡਾ ਜਿਲ੍ਹੇ ਦਾ ਪਿਡ ਫੂਸ ਮੰਡੀ ਆਪਣੇ ਨਾਮ ਮੁਤਾਬਕ ਸੱਚਮੁੱਚ ਹੀ ਫੂਸ ਦੇ ਢੇਰ ਤੇ ਬੈਠਾ ਹੈ ਜਿਸ ਨੂੰ ਜੇਕਰ ਕਦੇ ਚੰਗਿਆੜੀ ਪੈ ਗਈ ਤਾਂ ਦੂਰ  ਦੂਰ ਤੱਕ ਤਬਾਹੀ ਹੋ ਸਕਦੀ ਹੈ।        ਪਿੰਡ ਫੂਸ ਮੰਡੀ ਦੇ ਇੱਕ ਬੰਨੇ ਬਠਿੰਡਾ ਛਾਉਣੀ ਦਾ ਅਸਲਾ ਡਿਪੂ ਹੈ ਅਤੇ ਦੂਸਰੇ ਪਾਸੇ  ਤੇਲ ਦੇ ਭੰਡਾਰ ਹਨ। ਅੱਧ ਵਿਚਾਲੇ ਇਸ ਪਿੰਡ ਦੇ ਲੋਕਾਂ ਨੂੰ ਆਪਣੀ ਜਿੰਦਗੀ ਬਾਰੂਦ ਦੀ ਢੇਰੀ ’ਤੇ ਬੈਠਣ ਵਾਂਗ ਨਜ਼ਰ ਆਉਂਦੀ ਹੈ। ਇਸ ਪਿੰਡ ਦੇ ਬੱਚੇ ਦਿਵਾਲੀ ਮੌਕੇ ਪਟਾਕੇ ਜਾਂ ਫਿਰ ਆਤਿਸ਼ਬਾਜ਼ੀ ਨਹੀਂ ਚਲਾ ਸਕਦੇ ਹਨ। ਹੋਰ ਤਾਂ ਹੋਰ ਇਸ ਪਿੰਡ ਵਿੱਚ ਪਰਾਲੀ ਨੂੰ ਸਾੜਨ ਜਾਂ ਫਿਰ ਖੇਤ ਵਿੱਚ ਅੱਗ ਬਾਲਕੇ ਚਾਹ ਬਨਾਉਣ ਦੀ ਵੀ ਮਨਾਹੀ ਹੈ। ਕਈ ਨੌਜਵਾਨ ਅਜਿਹੇ ਹਨ ਜਿੰਨ੍ਹਾਂ ਨੇ ਆਪਣੇ ਪਿੰਡ ’ਚ ਦੀਵਾਲੀ ਮੌਕੇ ਕਦੇ ਪਟਾਕੇ ਚਲਾ ਕੇ ਨਹੀਂ ਦੇਖੇ ਹਨ। ਵੇਰਵਿਆਂ ਅਨੁਸਾਰ ਫੂਸ ਮੰਡੀ  ਵਾਲੇ ਪਾਸੇ ਛਾਉਣੀ ਦੀ ਉਸਾਰੀ 1975 ’ਚ ਹੀ ਹੋ ਗਈ ਸੀ ਜਦੋਂਕਿ ਕਾਫੀ ਮੁੰਡਿਆਂ ਦਾ ਜਨਮ ਇਸ ਤੋਂ ਬਾਅਦ ਦਾ ਹੈ ਜੋ ਹੁਣ ਪੁੱਤਾਂ ਧੀਆਂ ਵਾਲੇ ਹੋ ਗਏ ਹਨ।   
         ਫੂਸ ਮੰਡੀ ਦੇ ਕਈ ਨੌਜਵਾਨਾਂ ਨੇ ਕਿਹਾ ਕਿ ਇਸ ਮਾਮਲੇ ’ਚ ਰਹਿੰਦੀ ਕਸਰ ਤੇਲ ਕੰਪਨੀਆਂ ਦੇ ਡਿੱਪੂਆਂ ਨੇ ਕੱਢ ਦਿੱਤੀ ਹੈ । ਬਠਿੰਡਾ ਪ੍ਰਸ਼ਾਸਨ ਫੂਸ ਮੰਡੀ ਇਲਾਕੇ ’ਚ  ਹਰ ਸਾਲ ਧਾਰਾ 144 ਲਗਾਕੇ ਇਸ ਸਬੰਧ ਵਿੱਚ ਮਨਾਹੀਂ ਦੇ ਹੁਕਮ ਜਾਰੀ ਕਰ  ਦਿੰਦਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਛਾਉਣੀ ਦੇ ਰਾਖੇ ਵੀ ਇਨ੍ਹਾਂ ਦਿਨਾਂ ਦੌਰਾਨ ਫੂਸ ਮੰਡੀ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹਨ ਜੋ ਛਾਉਣੀ ਦੀ ਹੱਦ ਦੇ ਐਨ ਨਜ਼ਦੀਕ ਹੈ। ਪ੍ਰਸ਼ਾਸ਼ਨ ਦਲੀਲ ਦਿੰਦਾ ਹੈ ਕਿ ਪਟਾਕਿਆਂ ਆਦਿ ਕਾਰਨ ਕੋਈ ਅਣਸੁਖਾਵੀਂ ਘਟਨਾਂ ਵਾਪਰ ਸਕਦੀ ਹੈ। ਫੂਸ ਮੰਡੀ ਵਾਸੀਆਂ ਮੁਤਾਬਕ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਇਸ ਪਿੰਡ ਦੇ ਗੁਰੂ ਘਰ ‘ਚੋਂ ਪਟਾਕੇ ਨਾ ਚਲਾਉਣ ਦੀ ਮੁਨਿਆਦੀ ਕਰਾ ਦਿੱਤੀ ਜਾਂਦੀ ਹੈ।
          ਪਿੰਡ ਦੇ ਜਿਆਦਾਤਰ ਬੱਚੇ ਦਿਵਾਲੀ ਮਨਾਉਣ ਲਈ ਨਾਨਕਿਆਂ ਘਰ ਜਾਂ ਫਿਰ ਹੋਰ ਰਿਸ਼ਤੇਦਾਰੀਆਂ ’ਚ ਚਲੇ ਜਾਂਦੇ ਹਨ। ਜਿੰਨ੍ਹਾਂ ਬੱਚਿਆਂ ਤੋਂ ਕਿਸੇ ਨਾਂ ਕਿਸੇ ਕਾਰਨ ਰਿਸ਼ਤੇਦਾਰਾਂ ਕੋਲ ਜਾ ਨਹੀਂ ਹੁੰਦਾ ਉਨ੍ਹਾਂ ਨੂੰ ਮਨ ਮਸੋਸ ਕੇ ਰਹਿਣਾ ਪੈਂਦਾ ਹੈ। ਲਾਗਲੇ ਪਿੰਡਾਂ ’ਚ ਚੱਲਦੀਆਂ ਆਤਿਸ਼ਬਾਜ਼ੀਆਂ ਅਤੇ ਵੱਡੇ ਧਮਾਕੇ ਵਾਲੇ ਪਟਾਕਿਆਂ ਦੀ ਅਵਾਜ਼ ਸੁਣ ਕੇ ਇੰਨ੍ਹਾਂ ਬੱਚਿਆਂ ਦੇ ਮਨ ਵਿੱਚ ਧੂਹ ਪੈਂਦੀ ਹੈ। ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਡਰ ਡਰ ਕੇ ਦਿਨ ਕੱਟਣੇ ਪੈਂਦੇ ਹਨ ਅਤੇ ਬੱਚਿਆਂ ਨੂੰ ਵੀ ਸਮਝਾ ਬੁਝਾਕੇ ਰੱਖਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਪਿੰਡ ਦੇ ਦੁਕਾਨਦਾਰ ਵੀ ਵਿੱਕਰੀ ਲਈ ਪਟਾਕੇ ਨਹੀਂ ਲਿਆਉਂਦੇ ਬਲਕਿ ਲੋਕ ਦੀਪਮਾਲਾ ਕਰਕੇ ਤਿਉਹਾਰ ਮਨਾ ਲਿਆ ਜਾਂਦਾ ਹੈ।
           ਪਿੰਡ ਵਾਸੀ ਆਖਦੇ ਹਨ ਕਿ ਪਾਬੰਦੀਆਂ  ਕਰਕੇ ਪਿੰਡ ਦੀਆਂ ਜ਼ਮੀਨਾਂ ਦੀ ਉਹ  ਵੁੱਕਤ ਨਹੀਂ ਬਣ ਸਕੀ ਹੈ ਜਿੰਨੀਂ ਬਠਿੰਡਾ ਵਰਗੇ ਮਹੱਤਵਪੂਰਨ ਅਤੇ ਤਰੱਕੀਸ਼ੁਦਾ ਸ਼ਹਿਰ ਕਰਕੇ ਹੋਣੀ ਚਾਹੀਦੀ ਸੀ। ਇੱਕ ਨੌਜਵਾਨ ਨੇ ਦੱਸਿਆ ਕਿ ਬਠਿੰਡਾ ਖਿੱਤੇ ਦੀ ਤਰੱਕੀ ਦਾ ਇਸ ਪਿੰਡ ਨੂੰ ਪਾਹ ਨਹੀਂ ਲੱਗ ਸਕਿਆ ਹੈ ਜਦੋਂਕਿ ਆਮ ਹਾਲਾਤਾਂ ’ਚ  ਇੱਥੇ ਸਨਅਤਾਂ ਲੱਗਣੀਆਂ ਸਨ ਜਿੰਨ੍ਹਾਂ ਕਾਰਨ ਰੁਜ਼ਗਾਰ ਵੀ ਵਧਦਾ ਅਤੇ ਪੈਲੀਆਂ ਦੀਆਂ ਕੀਮਤਾਂ ਵੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ  ਨੂੰ ਚੱਤੋ ਪਹਿਰ ਡਰ ਬਣਿਆ ਰਹਿੰਦਾ ਹੈ ਕਿ ਕਿਧਰੇ ਕੋਈ ਅਨਹੋਣੀ ਵਾਪਰ ਗਈ ਤਾਂ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।
 ਵਿਕਾਸ ਤੇ ਅਸਰ: ਸਰਪੰਚ
         ਫੂਸ ਮੰਡੀ ਦੇ ਸਰਪੰਚ ਗੁਰਤੇਜ ਸਿੰਘ ਦਾ ਕਹਿਣਾ ਸੀ ਕਿ ਛਾਉਣੀ ਅਤੇ ਤੇਲ ਦੇ ਭੰਡਾਰਾਂ ਕਾਰਨ ਪਿੰਡ ਦਾ ਵਿਕਾਸ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਲ 71ਵਿਆਂ ਦੌਰਾਨ ਜੋ ਲੋਕ ਪਿੰਡ ਛੱਡਕੇ ਬਾਹਰ ਵੱਸ ਗਏ ਹਨ ਉਨ੍ਹਾਂ ਨੇ ਮਿਸਾਲੀ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ  ਛਾਉਣੀ ਪ੍ਰਸ਼ਾਸਨ ਹਰ ਸਾਲ ਮਨਾਹੀ ਦੇ ਹੁਕਮ ਜਾਰੀ ਕਰਦਾ ਹੈ ਪਰ ਹੁਣ ਤਾਂ ਲੋਕ ਇਸ ਦੇ ਆਦੀ ਹੋ ਗਏ ਹਨ।
 ਮਜਬੂਰੀ ’ਚ ਵਾਤਾਵਰਨ ਦੀ ਰਾਖੀ
      ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਸ ਮੰਡੀ ਤੇ ਭਾਗੂ ਦੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਵੇਖਣ ਤੋਂ ਜਾਪਦਾ ਹੈ ਕਿ ਕਿਸਾਨ ਵਾਤਾਵਰਨ ਪ੍ਰੇਮੀ ਹਨ ਪਰ ਉਨ੍ਹਾਂ ਨੂੰ ਇਹ ਮਜਬੂਰੀ ਦੇ ਵਾਜੇ ਵਜਾਉਣੇ ਪੈ ਰਹੇ ਹਨ ਜਿੰਨ੍ਹਾਂ ਨੂੰ ਵਜਾਉਣ ਦਾ ਫਾਲਤੂ ਖਰਚਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਛਾਉਣੀ ਪ੍ਰਸ਼ਾਸਨ ਪਰਾਲੀ ਨੂੰ ਅੱਗ ਲਾਉਣ ਨਹੀਂ ਦਿੰਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਪਰਾਲੀ ਹੋਰ ਥਾਵਾਂ ਤੇ ਛੱਡ ਕੇ ਆਉਣੀ ਪੈਂਦੀ ਜਿਸ ’ਤੇ ਉਨ੍ਹਾਂ ਨੂੰ ਵੱਖਰੇ ਤੌਰ ਤੇ ਖਰਚਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਤਾਂ ਦੂਰ ਦੀ ਗੱਲ, ਕਿਸਾਨਾਂ ਨੂੰ ਖੇਤਾਂ ਵਿੱਚ ਚਾਹ ਬਣਾਉਣ ਵਾਸਤੇ ਅੱਗ ਵੀ ਬਾਲਣ ਦੀ ਆਗਿਆ ਨਹੀਂ ਹੈ। 
Advertisement
Advertisement
Advertisement
Advertisement
Advertisement
error: Content is protected !!