ਅਸ਼ੋਕ ਵਰਮਾ, ਬਠਿੰਡਾ, 25 ਅਕਤੂਬਰ 2023
ਕਰੀਬ ਪੰਜ ਦਿਨ ਪਹਿਲਾਂ ਬਠਿੰਡਾ ਜਿਲ੍ਹੇ ਦੇ ਪਿੰਡ ਮਾਈਸਰਖਾਨਾ ਵਿਖ਼ੇ ਇੱਕ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦਾ ਕਾਰਨ ਮੁੰਡਿਆਂ ਦੇ ਦੋ ਗਰੁੱਪਾਂ ਵਿਚਕਾਰ ਮਾਮੂਲੀ ਤਕਰਾਰ ਪਿੱਛੋਂ ਅਚਾਨਕ ਹੋਈ ਛੋਟੀ ਜਿਹੀ ਲੜਾਈ ਹੋਣ ਦੇ ਤੌਰ ਤੇ ਸਾਹਮਣੇ ਆਇਆ ਹੈ। ਬਠਿੰਡਾ ਪੁਲਿਸ ਦੀ ਜਾਂਚ ਟੀਮ ਨੇ ਇਸ ਕਤਲ ਮਾਮਲੇ ਨੂੰ ਗੰਭੀਰਤਾ ਨਾਲ ਸੁਲਝਾਉਂਦਿਆਂ ਵਾਰਦਾਤ ਵਿੱਚ ਸ਼ਾਮਲ ਅੱਧੀ ਦਰਜਨ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਬਾਕੀਆਂ ਦੀ ਤਲਾਸ਼ ਵਿੱਚ ਪੁਲਿਸ ਛਾਪੇਮਾਰੀ ਕੀਤੀ ਜਾ ਰਹੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕਤਲ ‘ਚ ਸ਼ਾਮਲ ਮੁੰਡਿਆਂ ਦੀ ਉਮਰ 20-22 ਸਾਲ ਦੀ ਹੈ ਜਿਨਾਂ ਵਿੱਚੋਂ ਇੱਕ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਅੱਜ ਇਹ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਮਾਈਸਰਖਾਨਾ ਦੇ ਦੁਰਗਾ ਮੰਦਿਰ ਵਿਖੇ ਨਰਾਤਿਆ ਦਾ ਮੇਲਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 20 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਨੌਜਵਾਨਾਂ ਨੇ ਮਨਦੀਪ ਸਿੰਘ ਉਰਫ ਨਿੱਕਾ ਪੁੱਤਰ ਜਗਸੀਰ ਸਿੰਘ ਵਾਸੀ ਮਾਇਸਰਖਾਨਾ ਦਾ ਕਤਲ ਕਰ ਦਿੱਤਾ ਅਤੇ ਉਸਦੇ ਸਾਥੀ ਰਣਜੀਤ ਸਿੰਘ ਪੁੱਤਰ ਭੋਲਾ ਰਾਮ ਵਾਸੀ ਆਲੀਕੇ ਜਿਲ੍ਹਾ ਫਤਿਆਬਾਦ ਹਰਿਆਣਾ ਦੇ ਸੱਟਾਂ ਮਾਰੀਆ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਥਾਣਾ ਕੋਟਫੱਤਾ ਵਿਖੇ ਗੁਰਦੀਪ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਾਇਸਰਖਾਨਾ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਦੀ ਗੁੱਥੀ ਸੁਲਝਾਉਣ ਲਈ ਐਸਪੀਡੀ ਅਜੇ ਗਾਂਧੀ ਤੇ ਡੀ ਐਸ ਪੀ ਦਿਹਾਤੀ ਹਿਨਾ ਗੁਪਤਾ ਦੀ ਅਗਵਾਈ ਹੇਠ ਸੀ. ਆਈ .ਏ.-1 ਬਠਿੰਡਾ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਅਤੇ ਥਾਣਾ ਕੋਟ ਫੱਤਾ ਦੇ ਮੁੱਖ ਥਾਣਾ ਅਫਸਰ ਸਬ-ਇੰਸਪੈਕਟਰ ਬਲਤੇਜ ਸਿੰਘ ਦੀ ਟੀਮ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਟੀਮ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਦਿਆਂ ਪਾਇਆ ਕਿ ਮਨਦੀਪ ਸਿੰਘ ਉਰਫ ਨਿੱਕਾ ਆਪਣੇ ਸਾਥੀਆਂ ਨਾਲ ਮਾਇਸਰਖਾਨਾ ਮੇਲਾ ਦੇਖਣ ਗਿਆ ਸੀ ਜਿੱਥੇ ਉਸ ਦੀ ਜਗਦੀਪ ਸਿੰਘ ਉਰਫ ਦੀਪ ਪੁੱਤਰ ਮੱਘਰ ਸਿੰਘ ਵਾਸੀ ਭੁੱਚੋ ਮੰਡੀ ਨਾਲ ਕਿਸੇ ਗੱਲ ਨੂੰ ਲੈ ਕੇ ਤਰਕਾਰ ਹੋ ਗਈ ਅਤੇ ਇਹ ਲੋਕ ਆਪਸ ਵਿੱਚ ਗੁੱਥਮ ਗੁੱਥਾ ਹੋ ਗਏ ਪਰ ਮੌਕੇ ‘ਤੇ ਹਾਜ਼ਰ ਲੋਕਾਂ ਨੇ ਲੜਾਈ ਨੂੰ ਖ਼ਤਮ ਕਰਵਾ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਜਗਦੀਪ ਸਿੰਘ ਗਰੁੱਪ ਨੇ ਇਸਨੂੰ ਅਪਣੀ ਬੇਇੱਜਤੀ ਮੰਨਦਿਆਂ ਰੰਜਿਸ਼ ਤਹਿਤ ਜਗਦੀਪ ਸਿੰਘ ਉਰਫ ਦੀਪ ਪੁੱਤਰ ਮੱਘਰ ਸਿੰਘ ਨੇ ਆਪਣੇ ਸਾਥੀਆਂ ਮੋਹਿਤ ਕੁਮਾਰ ਪੁੱਤਰ ਪ੍ਰੇਮ ਕੁਮਾਰ, ਰੁਪਿੰਦਰ ਸਿੰਘ ਉਰਫ ਰਵੀ ਪੁੱਤਰ ਜਗਦੀਸ਼ ਸਿੰਘ ਵਾਸੀਆਨ ਭੁੱਚੋ ਮੰਡੀ, ਦੀਪਕ ਸਿੰਘ ਉਰਫ ਸੱਪ ਪੁੱਤਰ ਜਗਤਾਰ ਸਿੰਘ ਵਾਸੀ ਭੁੱਚੋ ਖੁਰਦ, ਦੇਸ਼ ਪ੍ਰੇਮ ਉਰਫ ਕਾਲੀ ਪੁੱਤਰ ਗੁਰਜੰਟ ਸਿੰਘ ਵਾਸੀ ਮਾਇਸਰਖਾਨਾ, ਸੰਦੀਪ ਸਿੰਘ ਉਰਫ ਢਿੱਲੋ ਪੁੱਤਰ ਗੁਰਤੇਜ਼ ਸਿੰਘ ਵਾਸੀ ਸਿਵੀਆ, ਸੁਖਵਿੰਦਰ ਸਿੰਘ ਉਰਫ ਤੋੜੀ ਪੁੱਤਰ ਬਲਵੰਤ ਸਿੰਘ, ਸ਼ੈਕੀ ਪੁੱਤਰ ਨਾ-ਮਾਲੂਮ, ਬਾਲੀ ਪੁੱਤਰ ਨਾ-ਮਾਲੂਮ, ਕਾਲ ਪੁੱਤਰ ਨਾ-ਮਾਲੂਮ ਵਾਸੀਆਨ ਭੁੱਚੋ ਮੰਡੀ ਨਾਲ ਮਿਲ ਕੇ ਮਨਦੀਪ ਸਿੰਘ ਉਰਫ ਨਿੱਕਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਨਿੱਕੇ ਦੇ ਸਾਥੀ ਰਣਜੀਤ ਸਿੰਘ ਪੁੱਤਰ ਭੋਲਾ ਰਾਮ ਵਾਸੀ ਆਲੀਕੇ ਜਿਲ੍ਹਾ ਫਤਿਆਬਾਦ ਹਰਿਆਣਾ ਦੇ ਗੰਭੀਰ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਬਾਅਦ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਮੁਕੱਦਮੇ ਵਿੱਚ ਦੋਸ਼ੀ ਵਜੋਂ ਨਾਮਜਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਗਦੀਪ ਸਿੰਘ ਉਰਫ ਦੀਪ , ਸੁਖਵਿੰਦਰ ਸਿੰਘ ਉਰਫ ਤੋਤੀ ,ਅਕਾਸ਼ ਉਰਫ ਕਾਲੂ , ਮੋਹਿਤ ਕੁਮਾਰ , ਪ੍ਰਦੀਪ ਕੁਮਾਰ ਉਰਫ ਬਾਲੀ ਵਾਸੀਅਨ ਭੁੱਚੋ ਮੰਡੀ ਅਤੇ ਸੰਦੀਪ ਸਿੰਘ ਉਰਫ ਢਿੱਲੋਂ ਵਾਸੀ ਸਿਵੀਆ ਨੂੰ ਗ੍ਰਿਫਤਾਰ ਕਰ ਲਿਆ ਹੈ ।
ਉਨ੍ਹਾਂ ਦੱਸਿਆ ਕਿ ਰੁਪਿੰਦਰ ਸਿੰਘ ਉਰਫ ਰਵੀ ਪੁੱਤਰ ਜਗਦੀਸ਼ ਸਿੰਘ ਵਾਸੀ ਭੁੱਚੋ ਮੰਡੀ , ਦੀਪਕ ਸਿੰਘ ਉਰਫ ਸੱਪ ਪੁੱਤਰ ਜਗਤਾਰ ਸਿੰਘ ਵਾਸੀ ਭੁੱਚੋ ਖੁਰਦ , ਸ਼ੈਂਕੀ ਪੁੱਤਰ ਨਾ ਮਾਲੂਮ ਤੇ ਦੇਸ਼ ਪ੍ਰੇਮ ਉਰਫ ਕਾਲੀ ਪੁੱਤਰ ਗੁਰਜੰਟ ਸਿੰਘ ਵਾਸੀ ਮਾਈਸਰਖਾਨਾ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ਤੇ ਉਮੀਦ ਹੈ ਜਲਦੀ ਹੀ ਕਾਬੂ ਕਰ ਲਿਆ ਜਾਏਗਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਵਾਰਦਾਤ ‘ਚ ਵਰਤੀ ਗਈ ਕਿਰਚ ਅਤੇ ਗਰਾਰੀ ਗੰਡਾਸੀ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਮੁਲਜਮ ਸੰਦੀਪ ਸਿੰਘ ਉਰਫ ਢਿੱਲੋਂ ਖਿਲਾਫ ਥਾਣਾ ਥਰਮਲ ਬਠਿੰਡਾ ਵਿਖੇ ਪਹਿਲਾਂ ਅਸਲਾ ਐਕਟ ਦਾ ਮੁਕੱਦਮਾ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਮਾਮਲੇ ਦੀ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।