ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ 25 ਅਕਤੂਬਰ 2023
ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਰਜੇਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਪੰਚਾਇਤ ਮੁੱਦਕੀ ਦੀ ਟੀਮ ਵੱਲੋਂ ਮੁੱਦਕੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅੰਦਰ ਸਿੰਗਲ ਯੂਜ ਪਲਾਸਟਿਕ ਅਤੇ ਪਾਬੰਦੀਸ਼ੁਦਾ ਪੋਲੀਥੀਨ ਦੀ ਵਿਕਰੀ ਨੂੰ ਰੋਕਣ ਲਈ ਚੈਕਿੰਗ ਕੀਤੀ ਗਈ। ਇਸ ਚੈਕਿੰਗ ਅੰਦਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਇੰਜੀਨੀਅਰ ਗਗਨਦੀਪ ਸਿੰਘ ਅਤੇ ਨਗਰ ਪੰਚਾਇਤ ਮੁੱਦਕੀ ਦੇ ਸੈਂਨਟਰੀ ਇੰਸਪੈਕਟਰ ਸੁਖਪਾਲ ਸਿੰਘ ਦੀ ਅਗਵਾਈ ਹੇਠ ਪੂਰੀ ਟੀਮ ਵੱਲੋਂ ਮੁੱਦਕੀ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅੰਦਰ ਥੋਕ ਵਿਕਰੇਤਾ ਅਤੇ ਪਰਚੂਨ ਵਿਕਰੇਤਾ ਦੇ ਲਗਭਗ 7 ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਕਾਰਜ ਸਾਧਕ ਅਫ਼ਸਰ ਸ੍ਰੀਮਤੀ ਪੂਨਮ ਭਟਨਾਗਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਜਿਨਾਂ ਦੁਕਾਨਦਾਰਾਂ ਪਾਸੋਂ ਪਾਬੰਦੀਸ਼ੁਦਾ ਸਿੰਗਲ ਯੂਜ ਪਲਾਸਟਿਕ ਅਤੇ ਪੋਲੀਥੀਨ ਪਾਇਆ ਗਿਆ ਉਨਾਂ ਦੁਕਾਨਦਾਰਾਂ ਦਾ ਸਮਾਨ ਜ਼ਬਤ ਕਰਦੇ ਹੋਏ ਚਲਾਣ ਵੀ ਕੀਤੇ ਗਏ ਹਨ। ਇਸ ਚੈਕਿੰਗ ਦੌਰਾਨ ਤਿੰਨ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ ਅਤੇ ਲਗਭਗ 45 ਕਿਲੋ ਪਾਬੰਦੀਸ਼ੁਦਾ ਮਟੀਰੀਅਲ ਆਪਣੇ ਕਬਜ਼ੇ ਹੇਠ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੰਗਲ ਯੂਜ ਪਲਾਸਟਿਕ ਅਤੇ ਪੋਲੀਥੀਨ ਪੂਰਨ ਰੂਪ ਵਿੱਚ ਪਾਬੰਧੀ ਹੈ । ਇਸ ਲਈ ਨਗਰ ਪੰਚਾਇਤ ਮੁੱਦਕੀ ਵੱਲੋਂ ਲੋਕਾਂ ਨੂੰ ਇਸ ਸਬੰਧੀ ਸਮੇਂ ਸਮੇਂ ਤੇ ਜਾਗਰੂਕ ਵੀ ਕੀਤਾ ਗਿਆ ਹੈ। ਇਸ ਸਬੰਧੀ ਨਗਰ ਪੰਚਾਇਤ ਮੁੱਦਕੀ ਵੱਲੋਂ ਸ਼ਹਿਰ ਅੰਦਰ ਕਈ ਵਾਰ ਮੁਨਾਦੀ ਵੀ ਕਰਵਾਈ ਜਾ ਚੁੱਕੀ ਹੈ ਪ੍ਰੰਤੂ ਫਿਰ ਵੀ ਕਈ ਦੁਕਾਨਦਾਰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹਨ । ਜਿਸ ਤਹਿਤ ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਪੰਚਾਇਤ ਮੁੱਦਕੀ ਵੱਲੋਂ ਸਾਂਝੇ ਤੌਰ ਤੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਚੈਕਿੰਗ ਕੀਤੀ ਗਈ ।
ਉਨਾਂ ਦੱਸਿਆ ਕਿ ਜਿਨਾਂ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ ਹਨ ਉਨ੍ਹਾਂ ਨੂੰ ਨਿਯਮਾਂ ਰੂਲਾਂ ਅਨੁਸਾਰ ਜੁਰਮਾਨਾ ਪਾਇਆ ਜਾਵੇਗਾ । ਉਨ੍ਹਾਂ ਸ਼ਹਿਰ ਨੂੰ ਸਾਫ ਸੁਥਰਾ ਅਤੇ ਕੱਚਰਾ ਮੁਕਤ ਰੱਖਣ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿੰਗਲ ਯੂਜ ਪਲਾਸਟਿਕ ਅਤੇ ਪੋਲੀਥੀਨ ਦੀ ਵਰਤੋ ਨਾ ਕਰਨ ਸਗੋਂ ਇਸ ਦੀ ਬਿਜਾਏ ਕੱਪੜੇ ਦਾ ਥੈਲਾ, ਜੂਟ ਦਾ ਬੈਗ ਅਤੇ ਸਟੀਲ ਦੇ ਬਰਤਨ ਆਦਿ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਵਾਤਾਵਰਨ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ। ਇਸ ਚੈਕਿੰਗ ਦੌਰਾਨ ਨਗਰ ਪੰਚਾਇਤ ਮੁੱਦਕੀ ਦੇ ਕਰਮਚਾਰੀ ਸ੍ਰੀ ਅਸ਼ੋਕ ਕੁਮਾਰ, ਸ੍ਰੀ ਜਤਿੰਦਰ ਸਿੰਘ, ਸ੍ਰੀ ਦਵਿੰਦਰ ਸਿੰਘ , ਸ਼੍ਰੀ ਦੀਪ ਕੁਮਾਰ ਅਤੇ ਵਰਿੰਦਰ ਸਿੰਘ ਮੌਜੂਦ ਸਨ।