ਵਿਜੀਲੈਂਸ ਅੱਗੇ ਸ਼ੇਰ’ ਬਣਨ ਲਈ ਸ਼ੇਰਗਿੱਲ ਨੇ ਲਾਈ ਅਗਾਊਂ ਜ਼ਮਾਨਤ ਲਈ ਅਰਜ਼ੀ
ਅਸ਼ੋਕ ਵਰਮਾ ਬਠਿੰਡਾ, 10 ਅਕਤੂਬਰ 2023
ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟ ਖ਼ਰੀਦਣ ਦੇ ਮਾਮਲੇ ਵਿੱਚ ਬਠਿੰਡਾ ਵਿਕਾਸ ਅਥਾਰਟੀ ਦੇ ਰਿਕਾਰਡ ‘ਚ ਕਥਿਤ ਤੌਰ ਤੇ ਭੰਨਤੋੜ ਕਰਨ ਸਬੰਧੀ ਨਾਮਜ਼ਦ ਬੀਡੀਏ ਦੇ ਤੱਤਕਾਲੀ ਪ੍ਰਸ਼ਾਸਕ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਅਤੇ ਪੀਸੀਐਸ ਅਫਸਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਵੀ ਗ੍ਰਿਫਤਾਰੀ ਦੇ ਡਰੋਂ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਸ੍ਰੀ ਰਾਮ ਕੁਮਾਰ ਸਿੰਗਲਾ ਦੀ ਅਦਾਲਤ ਨੇ ਜ਼ਮਾਨਤ ਦੀ ਅਰਜੀ ਤੇ ਸੁਣਵਾਈ ਲਈ 10 ਅਕਤੂਬਰ ਦਾ ਦਿਨ ਰੱਖਿਆ ਹੈ।
ਵਿਜੀਲੈਂਸ ਬਿਊਰੋ ਪੰਜਾਬ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ ਤੋਂ ਇਲਾਵਾ ਤਿੰਨ ਪ੍ਰਾਈਵੇਟ ਵਿਅਕਤੀਆਂ ਕਾਰੋਬਾਰੀ ਰਾਜੀਵ ਕੁਮਾਰ, ਸ਼ਰਾਬ ਕਾਰੋਬਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਅਤੇ ਵਿਕਾਸ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਧਾਰਾ 409, 420, 467, 468, 471, 120 5ਬੀ, 66 ਸੀ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿਚ ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਤੇ ਮੁਲਾਜਮ ਅਮਨਦੀਪ ਸਿੰਘ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਹੁਣ ਉਹ ਬਠਿੰਡਾ ਜੇਲ੍ਹ ਵਿਚ ਬੰਦ ਹਨ।
ਇਸ ਮਾਮਲੇ ਦਾ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਆਮ ਲੋਕ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਵਿਜੀਲੈਂਸ ਵੱਲੋਂ ਦੋ ਪਲਾਟਾਂ ਦੀ ਖਰੀਦੋ ਫਰੋਖਤ ਨਾਲ ਜੁੜੇ ਇਸ ਕੇਸ ਵਿੱਚ ਨਾਮਜ਼ਦ ਕਰਨ ਨੂੰ ਹੈਰਾਨੀ ਨਾਲ ਦੇਖ ਰਹੇ ਹਨ। ਵਿਜੀਲੈਂਸ ਨੇ ਆਪਣੀ ਜਾਂਚ ਦੌਰਾਨ ਇਸ ਮਾਮਲੇ ਵਿੱਚ ਕੀ ਤੱਥ ਲਿਆਂਦੇ ਹਨ ਇਸ ਬਾਰੇ ਤਾਂ ਜਾਂਚ ਅਧਿਕਾਰੀਆਂ ਨੂੰ ਜਾਣਕਾਰੀ ਹੋ ਸਕਦੀ ਹੈ ਪਰ ਇਸ ਤੋਂ ਪਹਿਲਾਂ ਸ਼ੇਰਗਿੱਲ ਨੂੰ ਇੱਕ ਇਮਾਨਦਾਰ ਅਧਿਕਾਰੀ ਵਜੋਂ ਜਾਣਿਆ ਜਾਂਦਾ ਰਿਹਾ ਹੈ। ਬਠਿੰਡਾ ਵਿਕਾਸ ਅਥਾਰਟੀ ਦੇ ਪ੍ਰਸ਼ਾਸਕ ਹੋਣ ਦੇ ਨਾਲ ਨਾਲ ਉਨ੍ਹਾਂ ਨੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਦੇ ਅਹੁਦੇ ਤੇ ਵੀ ਸੇਵਾਵਾਂ ਨਿਭਾਈਆਂ ਹਨ ਪਰ ਇਸ ਦੌਰਾਨ ਉਹਨਾਂ ਨਾਲ ਕਦੇ ਕੋਈ ਵਿਵਾਦ ਜੁੜਦਾ ਸਾਹਮਣੇ ਨਜ਼ਰ ਨਹੀਂ ਆਇਆ ਬਲਕਿ ਉਨ੍ਹਾਂ ਲੋਕ ਹਿੱਤ ਵਿੱਚ ਕਈ ਫੈਸਲੇ ਕੀਤੇ ਸਨ।
ਇਸ ਪੱਤਰਕਾਰ ਵੱਲੋਂ ਬਿਕਰਮਜੀਤ ਸਿੰਘ ਸ਼ੇਰ ਗਿੱਲ ਦੀ ਵੱਖ ਵੱਖ ਥਾਵਾਂ ਤੇ ਰਹੀ ਤਾਇਨਾਤੀ ਦੇ ਤੱਥ ਫਰੋਲੇ ਤਾਂ ਲੋਕਾਂ ਦੀ ਉਹਨਾਂ ਪ੍ਰਤੀ ਇਹੋ ਜਿਹੀ ਧਾਰਨਾ ਹੀ ਸਾਹਮਣੇ ਆਈ ਹੈ। ਇਸੇ ਤਰ੍ਹਾਂ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਕੰਮ ਕਰਦਿਆਂ ਵੀ ਉਹਨਾਂ ਪ੍ਰਤੀ ਲੋਕਾਂ ਦੇ ਵਿਚਾਰ ਕੋਈ ਮਾੜੇ ਨਜ਼ਰ ਨਹੀਂ ਆਏ ਹਨ। ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੌਰਾਨ ਕਈ ਤਰ੍ਹਾਂ ਦੇ ਗੰਭੀਰ ਤੱਥ ਸਾਹਮਣੇ ਲਿਆਉਣ ਦੇ ਬਾਵਜੂਦ ਅਜਿਹੇ ਕਾਰਨਾ ਕਰਕੇ ਇਸ ਮਾਮਲੇ ਨੂੰ ਕਾਫੀ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ ਕਿ ਕੀ ਸ਼ੇਰਗਿੱਲ ਵਰਗਾ ਅਧਿਕਾਰੀ ਸੱਚਮੁੱਚ ਅਜਿਹੀ ਗਲਤੀ ਕਰ ਗਿਆ ਹੈ? ਇਸੇ ਦੌਰਾਨ ਨਜ਼ਰਾਂ ਹੁਣ ਅਦਾਲਤ ਵੱਲੋਂ 10 ਅਕਤੂਬਰ ਨੂੰ ਕੀਤੀ ਜਾ ਰਹੀ ਸੁਣਵਾਈ ਤੇ ਟਿਕੀਆਂ ਹੋਈਆਂ ਹਨ ।
ਗੌਰਤਲਬ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਬਠਿੰਡਾ ਦੀ ਅਦਾਲਤ ਵਿੱਚ ਅਗਾਂਊ ਜ਼ਮਾਨਤ ਦੀ ਅਰਜੀ ਲਾਈ ਸੀ ਜਿਸ ਨੂੰ ਸੈਸ਼ਨ ਅਦਾਲਤ ਵੱਲੋਂ ਲੰਘੀ 4 ਅਕਤੂਬਰ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਿੱਛੋਂ ਬਿਕਰਮਜੀਤ ਸਿੰਘ ਸ਼ੇਰਗਿੱਲ ਅਗਾਂਊ ਜ਼ਮਾਨਤ ਲਈ ਬਠਿੰਡਾ ਅਦਾਲਤ ਅੱਗੇ ਫਰਿਆਦੀ ਹੋਏ ਹਨ। ਉਂਝ ਕਾਨੂੰਨੀ ਮਾਹਿਰਾਂ ਮੁਤਾਬਕ ਸ਼ੇਰਗਿੱਲ ਦੀ ਅਰਜ਼ੀ ਰੱਦ ਹੋਣ ਦੀ ਸੰਭਾਵਨਾ ਹੀ ਜ਼ਿਆਦਾ ਹੈ। ਪਤਾ ਲੱਗਿਆ ਹੈ ਕਿ ਇੱਦਾਂ ਦੇ ਫੈਸਲੇ ਦੀ ਸੂਰਤ ਵਿੱਚ ਅੰਦਰੋਂ ਅੰਦਰੀ ਹਾਈਕੋਰਟ ਜਾਣ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼ੇਰਗਿੱਲ ਦੀ ਗ੍ਰਿਫਤਾਰੀ ਲਈ ਛਾਪੇ ਮਾਰਨ ਦੇ ਤੱਥ ਵੀ ਹਨ ਪਰ ਮਾਮਲਾ ਕਿਸੇ ਵੱਡੇ ਅਫਸਰ ਨਾਲ ਜੁੜਿਆ ਹੋਣ ਕਰਕੇ ਸੂਤਰਾਂ ਵੱਲੋਂ ਛਾਪਿਆਂ ਦੀ ਧਾਰ ਖੁੰਢੀ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਸਾਬਕਾ ਵਿਧਾਇਕ ਤੇ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਮਨਪ੍ਰੀਤ ਸਿੰਘ ਬਾਦਲ ਤੇ ਪਲਾਟ ਖਰੀਦਣ ਲਈ ਆਪਣੇ ਸਰਕਾਰੀ ਪ੍ਰਭਾਵ ਦੀ ਵਰਤੋਂ ਕਰਕੇ ਸਰਕਾਰ ਦੇ ਖ਼ਜਾਨੇ ਨੂੰ ਚੂਨਾ ਲਾਉਣ ਸਬੰਧੀ ਸ਼ਿਕਾਇਤ ਦਰਜ ਕਰਾਈ ਸੀ। ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਸਰੂਪ ਸਿੰਗਲਾ ਨੇ ਬਠਿੰਡਾ ਹਲਕੇ ਤੋਂ ਅਕਾਲੀ ਦਲ ਤਰਫੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਖਿਲਾਫ ਚੋਣ ਲੜੀ ਪਰ ਹਾਰ ਗਏ ਸਨ। ਮਨਪ੍ਰੀਤ ਦੇ ਬਾਦਲ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਸਿੰਗਲਾ ਹਾਰ ਲਈ ਬਾਦਲਾਂ ਨੂੰ ਜਿੰਮੇਵਾਰ ਕਰਾਰ ਦਿੰਦਿਆਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।ਸਾਲ 2023 ਦੇ ਜਨਵਰੀ ਮਹੀਨੇ ‘ਚ ਮਨਪ੍ਰੀਤ ਬਾਦਲ ਨੇ ਕਾਂਗਰਸ ਛੱਡਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਸੀ । ਪਲਾਟਾਂ ਦੇ ਮਾਮਲੇ ‘ਚ ਇੱਕ ਹੀ ਪਾਰਟੀ ਦੇ ਦੋ ਵੱਡੇ ਆਗੂਆਂ ਦੇ ਆਹਮੋ ਸਾਹਮਣੇ ਹੋਣ ਕਰਕੇ ਇਹ ਲੜਾਈ ਹੁਣ ਕਾਫੀ ਰੌਚਕ ਬਣੀ ਹੋਈ ਹੈ ।