ਰਿਚਾ ਨਾਗਪਾਲ, ਪਟਿਆਲਾ, 6 ਅਕਤੂਬਰ 2023
ਪਟਿਆਲਾ ਜ਼ਿਲ੍ਹੇ ਦੇ ਖੇਤਾਂ ਵਿੱਚ ਪਰਾਲੀ ਸਾੜਨੋ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਖੇਤਾਂ ਤੱਕ ਪਹੁੰਚ ਬਣਾਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਏ.ਡੀ.ਸੀ. (ਆਰ.ਡੀ.) ਅਨੁਪ੍ਰਿਤਾ ਜੌਹਲ, ਸਬ ਡਵੀਜਨਾਂ ਦੇ ਐਸ.ਡੀ.ਐਮਜ਼ ਸਮੇਤ ਮਾਲ ਵਿਭਾਗ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਖੇਤੀਬਾੜੀ ਅਫ਼ਸਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਹਿਕਾਰਤਾ ਵਿਭਾਗ, ਪੰਜਾਬ ਫਾਇਰ ਸਰਵਿਸ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਆਦਿ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਨੇ ਕਿਸਾਨਾਂ ਨਾਲ ਸਿੱਧਾ ਰਾਬਤਾ ਸਾਧਿਆ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬੇਲਰਾਂ ਤੇ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਤੇ ਐਕਸ ਸੀਟੂ ਤੇ ਇਨਸੀਟੂ ਤਕਨੀਕਾਂ ਨਾਲ ਪਰਾਲੀ ਨੂੰ ਠਿਕਾਣੇ ਲਗਾਉਣ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਇਸ ਲਈ ਕੋਈ ਵੀ ਕਿਸਾਨ ਅਗਲੀ ਫ਼ਸਲ ਬੀਜਣ ਲਈ ਕਾਹਲੀ ਵਿੱਚ ਖੇਤਾਂ ‘ਚ ਪਰਾਲੀ ਨੂੰ ਅੱਗ ਨਾ ਲਗਾਵੇ। ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਏਗਾ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ।
ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਏ.ਡੀ.ਸੀ. ਅਨੁਪ੍ਰਿਤਾ ਜੌਹਲ ਪਿੰਡ ਸ਼ੇਖਪੁਰਾ ਵਿਖੇ ਗਏ ਤੇ ਇੱਥੇ ਪਰਾਲੀ ਨੂੰ ਅੱਗ ਨਾ ਲਗਾਕੇ ਇਸ ਦੀ ਹੋਰ ਢੰਗਾਂ ਨਾਲ ਸੰਭਾਲ ਕਰਨ ਲਈ ਆਖਿਆ। ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੇ ਸਿੰਘ ਨੇ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਵਨਿੰਦਰ ਸਿੰਘ ਮਾਨ ਆਦਿ ਨੂੰ ਨਾਲ ਲੈਕੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਪਰਾਲੀ ਦੀ ਸਾਂਭ-ਸੰਭਾਲ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਕੇ ਖੇਤਾਂ ਵਿੱਚ ਅੱਗ ਨਾਹ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਢਕੜੱਬਾ ਵਿਖੇ ਪਰਾਲੀ ਨੂੰ ਲੱਗੀ ਅੱਗ ਬੁਝਾਈ ਗਈ।
ਐਸ.ਡੀ.ਐਮ. ਨਾਭਾ ਤਰਸੇਮ ਚੰਦ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਖ਼ੁਦ ਜਾਕੇ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਟੀਮਾਂ ਦੀ ਅਗਵਾਈ ਕੀਤੀ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲੱਗਣ ਦੇ ਨੁਕਸਾਨਾਂ ਤੋਂ ਜਾਣੂ ਕਰਵਾਇਆ। ਇਸੇ ਤਰ੍ਹਾਂ ਹੀ ਐਸ.ਡੀ.ਐਮ. ਪਾਤੜਾਂ ਨਵਦੀਪ ਕੁਮਾਰ ਨੇ ਵੱਖ-ਵੱਖ ਪਿੰਡਾਂ ਅੰਦਰ ਜਾ ਕੇ ਬੇਲਰ ਨਾਲ ਪਰਾਲੀ ਤੇ ਫੂਸ ਦੀਆਂ ਗੰਢਾਂ ਬਣਾਉਣ ਵਾਲੇ ਕਿਸਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਪਰਾਲੀ ਦੀਆਂ ਗੰਢਾਂ ਦੇ ਡੰਪ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਪੰਜਾਬ ਫਾਇਰ ਸਰਵਿਸ ਦੀਆਂ ਟੀਮਾਂ ਨਾਲ ਕਿਸਾਨਾਂ ਨੂੰ ਅੱਗ ਲੱਗਣ ਦੇ ਨੁਕਸਾਨ ਬਾਰੇ ਵੀ ਦੱਸਿਆ।
ਜਦਕਿ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਵੀ ਅੱਜ ਆਪਣੀ ਸਬ ਡਵੀਜਨ ਦੇ ਪਿੰਡਾਂ ਵਿੱਚ ਰਹੇ। ਉਨ੍ਹਾਂ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਬਦਲਵੇਂ ਪ੍ਰਬੰਧ ਵੀ ਕਰਕੇ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧਨੌਰੀ ਵਿਖੇ ਅੱਗ ਬੁਝਾਈ ਗਈ।
ਇਸੇ ਤਰ੍ਹਾਂ ਹੀ ਰਾਜਪੁਰਾ ਦੇ ਐਸ.ਡੀ.ਐਮ. ਪਰਲੀਨ ਕੌਰ ਬਰਾੜ ਨੇ ਵੀ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਬਿਨ੍ਹਾਂ ਅੱਗ ਲਾਏ ਕਰਨ ਲਈ ਜਾਗਰੂਕ ਕੀਤਾ। ਦੂਧਨ ਸਾਧਾਂ ਦੇ ਤਹਿਸੀਲਦਾਰ ਵੀਨਾ ਰਾਣੀ ਨੇ ਆਪਣੇ ਦਫ਼ਤਰ ਵਿਖੇ ਨੰਬਰਦਾਰਾਂ ਨਾਲ ਮੀਟਿੰਗ ਕਰਕੇ ਪਿੰਡਾਂ ਵਿੱਚ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿਹਾ ਗਿਆ ਕਿ ਪਿੰਡਾਂ ਦੇ ਖੇਤਾਂ ਵਿੱਚ ਅੱਗ ਲੱਗਣ ਬਾਰੇ ਸੂਚਿਤ ਕੀਤਾ ਜਾਵੇ।