ਅਸ਼ੋਕ ਵਰਮਾ, ਬਠਿੰਡਾ 6 ਅਕਤੂਬਰ 2023
ਵਿਜੀਲੈਂਸ ਰੇਂਜ ਬਠਿੰਡਾ ਦੇ ਡੀਐਸਪੀ ਸੰਦੀਪ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਟੀਮਾਂ ਨੇ ਪੰਜਾਬ ਸਰਕਾਰ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਰੂਪੋਸ਼ ਚੱਲ ਰਹੇ ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਰਾਣੇ ਗੰਨਮੈਨ ਸਿਪਾਹੀ ਗੁਰਤੇਜ ਸਿੰਘ ਨੂੰ ਦਬੋਚਣ ਲਈ ਅੱਜ ਉਸ ਦੀ ਗਰੀਨ ਸਿਟੀ ਫੇਸ 3 ਵਿਖੇ ਸਥਿਤ ਕੋਠੀ ਨੰਬਰ 703 ਵਿੱਚ ਦਿਨ ਦਿਹਾੜੇ ਛਾਪਾ ਮਾਰਿਆ । ਪਰ ਗੁਰਤੇਜ ਸਿੰਘ ਇਸ ਤੋਂ ਪਹਿਲਾਂ ਹੀ ਕੋਠੀ ਨੂੰ ਜਿੰਦਾ ਲਾਕੇ ਫਰਾਰ ਹੋ ਚੁੱਕਿਆ ਸੀ। ਇਸ ਮੌਕੇ ਵਿਜੀਲੈਂਸ ਦੀ ਟੀਮ ਨੇ ਗੰਨਮੈਨ ਦੀ ਕੋਠੀ ਅੱਗੇ ਲੱਗੀ ਡੋਰ ਬੈਲ ਵੀ ਵਜਾਈ ਅਤੇ ਇੱਕ ਹੋਰ ਬੂਹਾ ਵੀ ਖੜਕਾਇਆ ,ਪਰ ਕੋਈ ਬਾਹਰ ਨਹੀਂ ਆਇਆ। ਕਾਫੀ ਸਮਾਂ ਉਡੀਕ ਕਰਨ ਪਿੱਛੋਂ ਛਾਪਾ ਮਾਰਨ ਲਈ ਆਈ ਵਿਜੀਲੈਂਸ ਦੀ ਟੀਮ ਖਾਲੀ ਹੱਥ ਵਾਪਿਸ ਚਲੀ ਗਈ। ਹਾਲਾਂਕਿ ਇਸ ਮੌਕੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਬਹੁਤਾ ਕੋਈ ਖੁਲਾਸਾ ਤਾਂ ਨਹੀਂ ਕੀਤਾ । ਪਰ ਤਾਜ਼ਾ ਛਾਪੇਮਾਰੀ ਨੂੰ ਗੰਨਮੈਨ ਗੁਰਤੇਜ਼ ਸਿੰਘ ਅਤੇ ਮਨਪ੍ਰੀਤ ਬਾਦਲ ਦੋਵਾਂ ਦੀ ਘੇਰਾਬੰਦੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਹਿਮ ਸੂਤਰਾਂ ਅਨੁਸਾਰ ਮਨਪ੍ਰੀਤ ਦੇ ਪੁਰਾਣੇ ਗੰਨਮੈਨ ਦੀ ਸੰਪਤੀ ਦੇ ਵੇਰਵੇ ਵਿਜੀਲੈਂਸ ਨੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਇਸ 12 ਸਾਲ ਪੁਰਾਣੇ ਗੰਨਮੈਨ ਦੀ ਵਪਾਰਕ, ਰਿਹਾਇਸ਼ੀ ਅਤੇ ਖੇਤੀ ਵਾਲੀ ਸੰਪਤੀ ਦਾ ਰਿਕਾਰਡ ਖੰਘਾਲਣਾ ਸ਼ੁਰੂ ਕੀਤਾ ਸੀ। ਜਿਸ ਦੌਰਾਨ ਜਾਂਚ ਟੀਮ ਦੇ ਹੱਥ ਕਾਫੀ ਕੁਝ ਲੱਗਿਆ ਦੱਸਿਆ ਜਾ ਰਿਹਾ ਹੈ । ਵਿਜੀਲੈਂਸ ਹੁਣ ਗੰਨਮੈਨ ਗੁਰਤੇਜ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਹੋਰ ਜਿਆਦਾ ਪੁੱਛ ਪੜਤਾਲ ਕਰਨਾ ਚਾਹੁੰਦੀ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਵਿਜੀਲੈਂਸ ਨੂੰ ਸ਼ੱਕ ਹੈ ਕਿ ਗੁਰਤੇਜ ਸਿੰਘ ਕੋਲ ਮਨਪ੍ਰੀਤ ਬਾਦਲ ਦੀ ਸੰਪਤੀ ਤੇ ਹੋਰ ਕੰਮਾਂ ਨੂੰ ਲੈ ਕੇ ਅਹਿਮ ਜਾਣਕਾਰੀਆਂ ਹਨ । ਜਿਨ੍ਹਾਂ ਦੇ ਆਧਾਰ ਤੇ ਸਾਬਕਾ ਵਿੱਤ ਮੰਤਰੀ ਖਿਲਾਫ ਹੋਰ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਸੂਤਰ ਆਖਦੇ ਹਨ ਕਿ ਇਹ ਪੁਲਸ ਮੁਲਾਜ਼ਮ ਜਿੱਥੇ ਮਨਪ੍ਰੀਤ ਬਾਦਲ ਦਾ ਬੇਹੱਦ ਕਰੀਬੀ ਰਿਹਾ ਹੈ । ਉੱਥੇ ਹੀ ਉਸ ਦੇ ਪੁੱਤਰ ਨਾਲ ਗੰਨਮੈਨ ਵਜੋਂ ਵਿਚਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ । ਵਰਣਨਯੋਗ ਹੈ ਕਿ ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਮਨਪ੍ਰੀਤ ਬਾਦਲ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੋਇਆ ਹੈ। ਇਨ੍ਹਾਂ ਵਿੱਚ ਮਨਪ੍ਰੀਤ ਬਾਦਲ ਤੋਂ ਇਲਾਵਾ ਕਾਰੋਬਾਰੀ ਰਾਜੀਵ ਗੋਇਲ, ਅਮਨਦੀਪ ਸਿੰਘ, ਬਿਕਰਮ ਸ਼ੇਰਗਿੱਲ, ਵਿਕਾਸ ਤੇ ਪ੍ਰਦੀਪ ਕਾਲੀਆ ਦੇ ਨਾਮ ਸ਼ਾਮਲ ਹਨ।
ਇਹ ਕੇਸ ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਮਰਸ਼ੀਅਲ ਪਲਾਟਾਂ ਨੂੰ ਰਿਹਾਇਸ਼ੀ ਪਲਾਟਾਂ ਵਿਚ ਤਬਦੀਲ ਕਰਕੇ ਘੱਟ ਰੇਟ ’ਤੇ ਖ਼ਰੀਦੋ-ਫ਼ਰੋਖ਼ਤ ਕਰਨ ਦੇ ਦੋਸ਼ ਤਹਿਤ ਦਰਜ ਕੀਤਾ ਹੈ। ਵਿਜੀਲੈਂਸ ਨੇ ਇਸ ਸਬੰਧ ’ਚ ਤਿੰਨ ਵਿਅਕਤੀਆਂ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਹੈ ਜੋ ਇਸ ਵੇਲੇ ਅਦਾਲਤੀ ਹਿਰਾਸਤ ਤਹਿਤ ਜੇਲ ਵਿੱਚ ਬੰਦ ਹਨ। ਬਠਿੰਡਾ ਦੀ ਇਕ ਅਦਾਲਤ ਨੇ ਬੀਤੇ ਦਿਨ ਸਾਬਕਾ ਵਿੱਤ ਮੰਤਰੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਵਿਜੀਲੈਂਸ ਟੀਮਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਪਰ ਅਜੇ ਤੱਕ ਕੋਈ ਸਫਲਤਾ ਹਾਸਲ ਨਹੀਂ ਹੋਈ ਹੈ।
ਨੋਟਿਸ ਦਿੱਤੇ ਪਰ ਪੇਸ਼ ਨਹੀਂ ਹੋਇਆ ਗੁਰਤੇਜ਼
ਵਿਜੀਲੈਂਸ ਟੀਮ ਵਿੱਚ ਸ਼ਾਮਿਲ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਦਾ ਸਿਪਾਹੀ ਗੁਰਤੇਜ ਸਿੰਘ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਰਿਹਾ ਹੈ, ਉਸ ਖਿਲਾਫ ਪੜਤਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਫਤੀਸ਼ ਦੇ ਆਧਾਰ ਤੇ ਉਸ ਨੂੰ ਕਈ ਵਾਰ ਨੋਟਿਸ ਵੀ ਭੇਜਿਆ ਸੀ । ਪਰ ਉਹ ਜਾਂਚ ਵਿੱਚ ਸ਼ਾਮਿਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਸ ਕਾਰਨ ਹੀ ਅੱਜ ਗੁਰਤੇਜ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਲਈ ਛਾਪਾ ਮਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੂੰ ਗੁਰਤੇਜ ਸਿੰਘ ਕੋਲੋਂ ਕਈ ਤਰ੍ਹਾਂ ਦੀ ਜਾਣਕਾਰੀ ਲੋੜੀਂਦੀ ਹੈ। ਉਨਾਂ ਦੱਸਿਆ ਕਿ ਗੁਰਤੇਜ ਸਿੰਘ ਵੱਲੋਂ ਲਗਾਤਾਰ ਮੈਡੀਕਲ ਭੇਜਿਆ ਜਾ ਰਿਹਾ ਹੈ। ਵਿਜੀਲੈਂਸ ਅਧਿਕਾਰੀ ਨੇ ਇਸ ਮਾਮਲੇ ਤੇ ਹੋਰ ਕਿਸੇ ਕਿਸਮ ਦੀ ਟਿੱਪਣੀ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ।