ਅਸ਼ੋਕ ਧੀਮਾਨ, ਫਤਿਹਗੜ੍ਹ ਸਾਹਿਬ, 6 ਅਕਤੂਬਰ 2023
ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ “ਹਰ ਸ਼ੁਕਰਵਾਰ, ਡੇਂਗੂ ਤੇ ਵਾਰ” ਮੁਹਿੰਮ ਤਹਿਤ ਲਗਾਤਾਰ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਸੂਬਾ ਪੱਧਰ ਤੋਂ ਮਿਲੀਆਂ ਹਦਾਇਤਾਂ ਅਨੁਸਾਰ ਜਿਲਾ ਐਪੀਡਿਮੋਲੋਜਿਸਟ ਡਾ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਅੰਦਰ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਬ੍ਰੀਡ ਚੈਕਿੰਗ ਕੀਤੀ ਗਈ , ਮੱਛਰ ਦੇ ਮਿਲੇ ਲਾਰਵੇ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਤੇ ਇਹਨਾਂ ਥਾਵਾਂ ਤੇ ਕੰਮ ਕਰਨ ਵਾਲੇ ਸਟਾਫ਼ ਤੇ ਵਿਦਿਆਰਥੀ ਨੂੰ ਡੇਂਗੂ ਸੰਬੰਧੀ ਜਾਗਰੂਕ ਕੀਤਾ ਅਤੇ ਡੇਂਗੂ ਦਾ ਲਾਰਵਾ ਦਿਖਾ ਕੇ ਉਸ ਦੀ ਪਹਿਚਾਣ ਕਰਵਾਈ ਗਈ।
ਡਾਲਫਿਨ ਪੀਜੀ ਕਾਲਜ ਚੁੰਨੀ ਕਲਾਂ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ ਗੁਰਪ੍ਰੀਤ ਕੌਰ ਨੇ ਕਿਹਾ ਕਿ ਇਹਨਾਂ ਦਿਨਾਂ ਵਿੱਚ ਤਾਪਮਾਨ ਡੇਂਗੂ ਮਛਰ ਦੇ ਅਨੁਕੂਲ ਹੈ ਇਸ ਕਰਕੇ ਇਸ ਮੌਸਮ ਵਿੱਚ ਇਹ ਮੱਛਰ ਵਧੇਰੇ ਪਨਪਦਾ ਹੈ ਪਰ ਸਾਰਿਆਂ ਦੇ ਸਹਿਯੋਗ ਨਾਲ ਇਸ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ ,ਇਸ ਲਈ ਇਸ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਸੁਝਾਏ ਨਿਯਮਾਂ ਦੀ ਪਾਲਣਾ ਕੀਤੀ ਜਾਵੇ।ਇਸ ਮੌਕੇ ਉਨ੍ਹਾਂ ਡੇਂਗੂ ਦੇ ਲੱਛਣ ਤੇ ਬਚਾਅ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ 7 ਤੋਂ 10 ਦਿਨ ਵਿਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ।
ਇਸ ਲਈ ਹਰ ਸ਼ੁਕਰਵਾਰ ਨੂੰ ਡੇਂਗੂ ਦਾ ਲਾਰਵਾ ਪੈਂਦਾ ਹੋਣ ਵਾਲੀਆ ਥਾਵਾਂ ਜਿਵੇਂ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟ੍ਰੇਆਂ ਆਦਿ ਨੂੰ ਸਾਫ ਕਰਨਾ ਤੇ ਸੁਕਾਉਣਾ ਚਾਹੀਦਾ ਹੈ ,ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ, ਮੱਛਰ ਭਜਾਉ ਕਰੀਮਾ, ਜੰਤਰਾਂ, ਸਪਰੇਅ ਅਤੇ ਜਾਲੀਦਾਰ ਦਰਵਾਜੇ, ਮੱਛਰਦਾਨੀਆ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਮੈਡੀਕਲ ਅਫਸਰ ਡਾ ਐਸ.ਪੀ ਜਿੰਦਲ, ਪ੍ਰਿੰਸੀਪਲ ਡਾ ਮਨੂ , ਪੰਚ ਜਸਬੀਰ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਗੁਰਿੰਦਰ ਸਿੰਘ ਆਦਿ ਹਾਜ਼ਰ ਸਨ।