ਚਿੱਟੇ ਸੋਨੇ ਦੀ ਮੰਡੀਆਂ ਵਿਚ ਆਵਕ ਨੇ ਦਿੱਤੇ ਚੰਗੇ ਸੰਕੇਤ, ਪਿੱਛਲੇ ਸਾਲ ਦੇ ਮੁਕਾਬਲੇ ਜਿਆਦਾ ਨਰਮਾ

Advertisement
Spread information
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 6 ਅਕਤੂਬਰ 2023


      ਫਾਜਿ਼ਲਕਾ ਜਿ਼ਲ੍ਹੇ ਦੀਆਂ ਮੰਡੀਆਂ ਵਿਚ ਚਿੱਟੇ ਸੋਨੇ ਦੀ ਹੋ ਰਹੀ ਆਵਕ ਨਰਮੇ ਦੀ ਫਸਲ ਸਬੰਧੀ ਚੰਗੇ ਸੰਕੇਤ ਦੇ ਰਹੀ ਹੈ। ਇਸ ਸਾਲ ਜਿ਼ਲ੍ਹੇ ਦੀਆਂ ਮੰਡੀਆਂ ਵਿਚ ਪਿੱਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਜਿਆਦਾ ਨਰਮਾ ਆ ਰਿਹਾ ਹੈ।ਅਸਲ ਵਿਚ ਇਹ ਤਦ ਸੰਭਵ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰਾਂ ਰਾਹੀਂ ਅਪ੍ਰੈਲ ਮਹੀਨੇ ਵਿਚ ਪਾਣੀ ਮੁਹਈਆ ਕਰਵਾਇਆ ਗਿਆ ਜਿਸ ਨਾਲ ਨਰਮੇ ਦੀ ਸਮੇਂ ਸਿਰ ਬਿਜਾਈ ਹੋ ਗਈ। ਇਸ ਕਾਰਨ ਨਰਮੇ ਦੀ ਫਸਲ ਚਿੱਟੇ ਮੱਛਰ ਦੇ ਹਮਲੇ ਤੋਂ ਬੱਚ ਗਈ ਅਤੇ ਫਸਲ ਨੇ ਆਪਣੀ ਪਹਿਲੀ ਅਵਸਥਾ ਵਿਚ ਚੰਗਾ ਵਾਧਾ ਕਰ ਲਿਆ ਜਿਸ ਕਾਰਨ ਇਹ ਫਸਲ ਗੁਲਾਬੀ ਸੂੰਡੀ ਦੇ ਟਾਕਰੇ ਦੇ ਵੀ ਸਮੱਰਥ ਹੋ ਸਕੀ।      ਜਿਕਰਯੋਗ ਹੈ ਕਿ ਪਿੱਛਲੇ ਸਾਲ ਜਿ਼ਲ੍ਹੇ ਵਿਚ 91500 ਹੈਕਟੇਅਰ ਨਰਮੇ ਦੀ ਬਿਜਾਈ ਹੋਈ ਸੀ ਜਦ ਕਿ ਚਾਲੂ ਸਾਲ ਦੌਰਾਨ ਇਹ ਰਕਬਾ 92800 ਹੈਕਟੇਅਰ ਸੀ। ਨਰਮੇ ਦੇ ਰਕਬੇ ਵਿਚ ਚਾਹੇ ਵਾਧਾ ਮਾਮੂਲੀ ਸੀ ਪਰ ਮੰਡੀਆਂ ਵਿਚ ਹੁਣ ਤੱਕ ਆਈ ਫਸਲ ਦੇ ਆਂਕੜੇ ਨਰਮੇ ਦੀ ਫਸਲ ਵੱਲੋਂ ਕਿਸਾਨਾਂ ਲਈ ਰਾਹਤ ਵਾਲੇ ਹਨ। ਫਾਜਿ਼ਲਕਾ ਦੀ ਮੰਡੀ ਵਿਚ ਪਿੱਛਲੇ ਸਾਲ ਜਿੱਥੇ ਕੁੱਲ ਹੀ 38000 ਕੁਇੰਟਲ ਨਰਮੇ ਦੀ ਆਮਦ ਹੋਈ ਸੀ ਜਦ ਕਿ ਇਸ ਸਾਲ ਹੁਣ ਤੱਕ 15200 ਕੁਇੰਟਲ ਨਰਮੇ ਦੀ ਆਵਕ ਹੋ ਚੁੱਕੀ ਹੈ।
ਇਸੇ ਤਰਾਂ ਅਬੋਹਰ ਜ਼ੋ ਕਿ ਨਰਮੇ ਦੀ ਮੁੱਖ ਮੰਡੀ ਹੈ ਵਿਚ ਪਿੱਛਲੇ ਸਾਲ ਅੱਜ ਦੀ ਤਾਰੀਖ ਤੱਕ 38300 ਕੁਇੰਟਲ ਦੀ ਆਵਕ ਹੋਈ ਸੀ ਜਦ ਕਿ ਇਸ ਸਾਲ ਅੱਜ ਤੱਕ ਇੱਥੇ 65160 ਕੁਇੰਟਲ ਦੀ ਆਵਕ ਹੋ ਚੁੱਕੀ ਹੈ। ਜਦ ਕਿ ਹਾਲੇ ਨਰਮੇ ਦੇ ਮੰਡੀਕਰਨ ਸੀਜਨ ਦੇ ਆਰੰਭਕ ਦਿਨ ਹੀ ਹਨ।      ਦੂਜ਼ੇ ਪਾਸੇ ਹਾਲੇ ਤੱਕ ਆਮ ਤੌਰ ਤੇ ਨਰਮਾ ਸਰਕਾਰ ਵੱਲੋਂ ਨਿਰਧਾਰਤ ਘੱਟੋ ਘੱਟ ਸਮਰੱਥਨ ਮੁੱਲ ਤੋਂ ਉਚਾ ਵਿਕ ਰਿਹਾ ਹੈ। ਮੰਡੀ ਵਿਚ ਨਰਮਾ ਵੇਚਣ ਆਏ ਕਿਸਾਨ ਵੀ ਮੰਨਦੇ ਹਨ ਕਿ ਸਰਕਾਰ ਵੱਲੋਂ ਸਮੇਂ ਸਿਰ ਸਿੰਚਾਈ ਲਈ ਮਿਲੇ ਪਾਣੀ ਕਾਰਨ ਹੀ ਫਸਲ ਹੋਈ ਹੈ ਅਤੇ ਜ਼ੇਕਰ ਸਰਕਾਰ ਪਾਣੀ ਦਾ ਅਗੇਤਾ ਪ੍ਰਬੰਧ ਨਾ ਕਰਦੀ ਤਾਂ ਨਰਮੇ ਤੋਂ ਆਸ ਨਹੀਂ ਸੀ। ਇਸੇ ਤਰਾਂ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਨਰਮੇ ਦੀ ਅਗੇਤੀ ਬਿਜਾਈ ਹੋਣ ਕਾਰਨ ਹੀ ਹੁਣ ਨਰਮੇ ਦੀ ਫਸਲ ਪੱਕ ਕੇ ਵੀ ਅਗੇਤੀ ਤਿਆਰ ਹੋਵੇਗੀ ਅਤੇ ਖੇਤ ਸਮੇਂ ਸਿਰ ਖਾਲੀ ਹੋ ਜਾਣ ਨਾਲ ਉਹ ਹੁਣ ਕਣਕ ਦੀ  ਬਿਜਾਈ ਵੀ ਸਮੇਂ ਸਿਰ ਕਰ ਲੈਣਗੇ। ਜਦ ਕਿ ਪਿੱਛਲੇ ਸਾਲਾਂ ਦੌਰਾਨ ਨਰਮੇ ਦੀ ਪਿੱਛੇਤੀ ਬਿਜਾਈ ਤੋਂ ਬਾਅਦ ਖੇਤ ਦੇਰ ਨਾਲ ਖਾਲੀ ਹੁੰਦੇ ਸਨ ਤੇ ਕਣਕ ਦੀ ਬਿਜਾਈ ਪਿੱਛੜ ਜਾਂਦੀ ਸੀ। ਮਾਹਿਰ ਆਖਦੇ ਹਨ ਕਿ ਜ਼ੇਕਰ ਕਣਕ ਦੀ ਬਿਜਾਈ ਇਕ ਹਫਤਾ ਲੇਟ ਹੋ ਜਾਵੇ ਤਾਂ ਪ੍ਰਤੀ ਏਕੜ 1 ਕੁਇੰਟਲ ਝਾੜ ਘੱਟਦਾ ਹੈ। ਇਸ ਤਰਾਂ ਕਿਸਾਨਾਂ ਦੀ ਇਸ ਸਾਲ ਕਣਕ ਵੀ ਚੰਗੀ ਰਹੇਗੀ।

Advertisement
Advertisement
Advertisement
Advertisement
Advertisement
error: Content is protected !!