ਸਕੂਲ ਦੀ ਸਭ ਤੋਂ ਸੀਨੀਅਰ ਟੀਚਰ ਮੈਡਮ ਆਸ਼ਟ ਨੇ ਕਿਹਾ, ਬੇਹੱਦ ਸ਼ਰੀਫ ਪ੍ਰਿੰਸੀਪਲ ਦੇ ਚਰਿੱਤਰ ਤੇ ਚਿੱਕੜ ਉਛਾਲਣਾ ਸ਼ਰਮਨਾਕ
ਵੱਡੀਆਂ ਨਾਲ ਭੈਣਾਂ ਅਤੇ ਛੋਟੀ ਉਮਰ ਦੀਆਂ ਟੀਚਰਾਂ ਨਾਲ ਧੀਆਂ ਵਰਗੈ ਪ੍ਰਿੰਸੀਪਲ ਦਾ ਵਿਵਹਾਰ-ਮਨਜਿੰਦਰ ਕੌਰ
ਹਰਿੰਦਰ ਨਿੱਕਾ/ਮਨੀ ਗਰਗ ਬਰਨਾਲਾ 8 ਜੂਨ 2020
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀਆਂ ਕੁਝ ਕੁ ਅਧਿਆਪਕ ਔਰਤਾਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਕਰਨਲ ਸੋਮਾਂਚੀ ਸ੍ਰੀ ਨਿਵਾਸਲੂ ਦੇ ਚਰਿੱਤਰ ਅਤੇ ਅਸੱਭਿਅਕ ਵਿਵਹਾਰ ਦੇ ਲਾਏ ਕਥਿਤ ਦੋਸ਼ਾਂ ਦਾ ਜੁਆਬ ਦੇਣ ਲਈ ਹੁਣ ਸਕੂਲ ਦੀਆਂ ਵੱਡੀ ਗਿਣਤੀ ਵਿੱਚ ਅਧਿਆਪਕ ਔਰਤਾਂ ਪ੍ਰਿੰਸੀਪਲ ਦੇ ਪੱਖ ਚ, ਵੀ ਨਿੱਤਰ ਆਈਆਂ ਹਨ। ਸਕੂਲ ਦੀਆਂ 50 ਦੇ ਕਰੀਬ ਅਧਿਆਪਕ ਔਰਤਾਂ ਨੇ ਪ੍ਰਿੰਸੀਪਲ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕਰਦਿਆਂ ਸਰਬ ਸੰਮਤੀ ਨਾਲ ਇੱਕ ਮਤਾ ਪਾ ਕੇ ਕੇਸ ਦੇ ਪੜਤਾਲੀਆ ਅਫਸਰ ਨੂੰ ਸੌਂਪ ਦਿੱਤਾ ਹੈ। ਸੋਮਵਾਰ ਨੂੰ ਡੀਐਸਪੀ ਬਲਜੀਤ ਸਿੰਘ ਬਰਾੜ ਦੇ ਕੋਲ ਚੱਲ ਰਹੀ ਪੜਤਾਲ ਦੇ ਸਬੰਧ ਚ, ਪੇਸ਼ ਹੋਣ ਤੋਂ ਪਹਿਲਾਂ ਸਕੂਲ ਦੇ ਸਟਾਫ ਨੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦਿਆਂ ਇੱਕ ਅਹਿਮ ਮੀਟਿੰਗ ਵੀ ਕੀਤੀ। ਮੀਟਿੰਗ ਵਿੱਚ ਹਾਜ਼ਿਰ ਸਟਾਫ ਨੂੰ ਪ੍ਰਿੰਸੀਪਲ ਸ੍ਰੀ ਨਿਵਾਸਲੂ ਨੇ 1 ਜੂਨ ਨੂੰ ਸਕੂਲ ਅੰਦਰ ਵਾਪਰੇ ਘਟਨਾਕ੍ਰਰਮ ਅਤੇ ਪੌਦਾ ਹੋਏ ਮੌਜੂਦਾ ਹਾਲਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਪ੍ਰਿੰਸੀਪਲ ਨੇ ਦੱਸਿਆ ਕਿ 1 ਜੂਨ ਨੂੰ ਸਕੂਲ ਦੀ ਅਧਿਆਪਕ ਰਵਿੰਦਰ ਕੌਰ ਸਮੇਤ 5 ਟੀਚਰਾਂ ਸਕੂਲ ਚ, ਬਿਨਾਂ ਬੁਲਾਏ ਹੀ ਆ ਗਈਆਂ, ਪਰੰਤੂ ਮੈਂ ਦਫਤਰ ਚ, ਨਹੀਂ ਸੀ। ਜਿਸ ਕਾਰਣ ਉਨ੍ਹਾਂ ਸਕੂਲ ਚ, ਮੌਜੂਦ ਔਰਤ ਸਟਾਫ ਨਾਲ ਗੱਲ ਕਰਕੇ ਉਸ ਨੂੰ ਕੋਠੀ ਵਿੱਚ ਆ ਕੇ ਮਿਲਣ ਲਈ ਸੁਨੇਹਾ ਭੇਜਿਆ। ਸੁਨੇਹਾ ਮਿਲਦਿਆਂ ਹੀ ਮੈਂ ਇਹ ਅਧਿਆਪਕਾਂ ਦੀ ਗੱਲ ਸੁਣਨ ਲਈ ਕੋਠੀ ਦੇ ਗੇਟ ਤੇ ਹੀ ਆ ਗਿਆ। ਜਿਸ ਟੀਚਰ ਨੇ ਮੇਰੇ ਆਚਰਣ ਤੇ ਦੋਸ਼ ਲਾਏ ਹਨ, ਉਹ ਟੀਚਰ ਕੋਠੀ ਦੇ ਗੇਟ ਤੇ ਸਭ ਟੀਚਰਾਂ ਤੋਂ ਪਿੱਛੇ ਖੜ੍ਹੀ ਹੈ, ਜਿਸ ਦਾ ਸਬੂਤ ਸੀਸੀਟੀਵੀ ਕੈਮਰੇ ਦੀ ਫੁਟੇਜ਼ ਚ, ਮੌਜੂਦ ਹੈ। ਉਨ੍ਹਾਂ ਕਿਹਾ ਕਿ ਇੱਕ ਸਕੂਲ ਟੀਚਰ ਦਾ ਪਤੀ ਵੀ ਸਕੂਲ ਚ, ਆ ਕੇ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਅਤੇ ਗੰਦੀਆਂ ਗਾਲਾਂ ਦੇ ਕੇ ਗਿਆ। ਜਿਸ ਦੀ ਸ਼ਿਕਾਇਤ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਪੁਲਿਸ ਨੂੰ ਦਿੱਤੀ ਗਈ ਹੈ।
ਭਾਵੁਕ ਹੋਏ ਪ੍ਰਿੰਸੀਪਲ ਸ੍ਰੀ ਨਿਵਾਸਲੂ, ਕਿਹਾ ਮੇਰੇ ਚਰਿੱਤਰ ਤੇ ਲਾਏ ਦੋਸ਼ ਅਸਹਿ
ਪ੍ਰਿੰਸੀਪਲ ਸ੍ਰੀ ਨਿਵਾਸਲੂ ਮੀਟਿੰਗ ਚ, ਆਪਣੀ ਗੱਲ ਕਹਿੰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੀ ਰਾਖੀ ਲਈ ਸਰਹੱਦ ਤੇ ਕਰਨਲ ਦੇ ਅਹੁਦੇ ਤੱਕ ਨੌਕਰੀ ਕੀਤੀ। 30 ਸਾਲ ਦੀ ਸਰਵਿਸ ਦੌਰਾਨ ਕਦੇ ਵੀ ਕਿਸੇ ਨੇ ਮੇਰੇ ਆਚਰਣ ਤੇ ਉਂਗਲ ਤੱਕ ਨਹੀਂ ਉਠਾਈ। ਇਸ ਸਕੂਲ ਦੇ ਪ੍ਰਿੰਸੀਪਲ ਦੇ ਤੌਰ ਤੇ ਵੀ ਕਰੀਬ ਢਾਈ ਸਾਲ ਦਾ ਸਮਾਂ ਬੀਤ ਚੁੱਕਾ ਹੈ। ਕਦੇ ਕਿਸੇ ਨੇ ਮੇਰੇ ਕੰਮ ਤੇ ਨਿਸ਼ਠਾ ਤੇ ਕਿੰਤੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕੁਝ ਟੀਚਰਾਂ ਨੇ ਮੇਰੇ ਬੇਦਾਗ ਚਰਿੱਤਰ ਤੇ ਦਾਗ ਲਾ ਕੇ ਮੈਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਰਚੀ ਹੈ। ਜਿਸ ਨੂੰ ਸਹਿਣ ਕਰਨਾ ਮੇਰੇ ਲਈ ਨਾ ਮੁਮਕਿਨ ਹੈ। ਉਨ੍ਹਾਂ ਸਮੂਹ ਸਟਾਫ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੇ ਬਾਰੇ ਫੈਲਾਏ ਜਾ ਰਹੇ ਝੂਠ ਨੂੰ ਠੀਕ ਸਮਝ ਰਹੇ ਹੋਂ, ਤਾਂ ਮੈਂ ਬਿਨਾਂ ਕਿਸੇ ਦੇਰੀ ਤੋਂ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣ ਲਈ ਤਿਆਰ ਹਾਂ। ਮੇਰਾ ਇੱਥੇ ਕੌਣ ਹੈ, ਛੋਟਾ ਜਿਹਾ ਪਰਿਵਾਰ ਅਤੇ ਇੱਕ ਕਾਰ ਚ, ਹੀ ਰੱਖਣ ਜਿੰਨ੍ਹਾ ਸਮਾਨ ਹੈ, ਚੁੱਕ ਕੇ ਚਲਾ ਜਾਂਦਾ ਹਾਂ। ਪ੍ਰਿੰਸੀਪਲ ਸ੍ਰੀ ਨਿਵਾਸਲੂ ਦੇ ਇਹ ਸ਼ਬਦ ਸੁਣਦਿਆਂ ਮੀਟਿੰਗ ਚ, ਮੌਜੂਦ ਸਟਾਫ ਵੀ ਭਾਵੁਕ ਹੋ ਗਿਆ, ਕਈ ਔਰਤ ਟੀਚਰਾਂ ਦੀਆਂ ਅੱਖਾਂ ਚ, ਹੰਝੂ ਭਰ ਆਏ । ਸਭ ਨੇ ਇੱਕ ਅਵਾਜ਼ ਚ, ਕਿਹਾ, ਸਰ ਤੁਸੀਂ ਘਬਰਾਉ ਨਾ, ਅਸੀਂ ਤੁਹਾਡੇ ਨਾਲ ਹਾਂ। ਜਿੱਥੇ ਵੀ ਤੁਹਾਨੂੰ ਬੁਲਾਇਆ ਜਾਵੇਗਾ, ਅਸੀਂ ਹਰ ਥਾਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ।
ਇੱਕ ਚੰਗੇ ਇਨਸਾਨ ਨਾਲ, ਇੱਨ੍ਹਾਂ ਬੁਰਾ ਵਿਵਹਾਰ- ਮੈਡਮ ਆਸ਼ਟ
ਸਕੂਲ ਚ, ਕਰੀਬ 30 ਵਰ੍ਹਿਆਂ ਤੋਂ ਨੌਕਰੀ ਕਰ ਰਹੀ ਅਧਿਆਪਿਕਾ ਬਲਜੀਤ ਕੌਰ ਆਸ਼ਟ ਨੇ ਕਿਹਾ ਕਿ ਉਹ ਸਕੂਲ ਦੀ ਸਭ ਤੋਂ ਪੁਰਾਣੀ ਤੇ ਸੀਨੀਅਰ ਅਧਿਆਪਕ ਹੈ। ਪਰ ਸਕੂਲ ਟੀਚਰਜ ਵੱਲੋਂ ਪ੍ਰਿੰਸੀਪਲ ਨਾਲ ਇਸ ਤਰਾਂ ਦੇ ਵਿਵਹਾਰ ਨੇ ਉਸ ਦੇ ਮਨ ਨੂੰ ਭਾਰੀ ਠੇਸ ਮਾਰੀ ਹੈ। ਮੈਡਮ ਆਸ਼ਟ ਨੇ ਕਿਹਾ ਪ੍ਰਿੰਸੀਪਲ ਸ੍ਰੀ ਨਿਵਾਸਲੂ ਬੇਹੱਦ ਸ਼ਰੀਫ ਤੇ ਆਪਣੀ ਡਿਊਟੀ ਨੂੰ ਸਮਰਪਿਤ ਇਨਸਾਨ ਹੈ। ਅਜਿਹੇ ਨੇਕ ਦਿਲ ਤੇ ਚੰਗੇ ਇਨਸਾਨ ਨਾਲ ਅਜਿਹਾ ਵਿਵਹਾਰ ਬਹੁਤ ਹੀ ਨਿੰਦਣਯੋਗ ਹੈ। ਟੀਚਰ ਮਨਜਿੰਦਰ ਕੌਰ ਨੇ ਕਿਹਾ ਕਿ ਪ੍ਰਿੰਸੀਪਲ ਵੱਡੀ ਉਮਰ ਦੀਆਂ ਅਧਿਆਪਕਾਂ ਨਾਲ ਭੈਣਾਂ ਅਤੇ ਛੋਟੀ ਉਮਰ ਦੀਆਂ ਅਧਿਆਪਕਾਂ ਨਾਲ ਧੀਆਂ ਦੀ ਤਰਾਂ ਵਿਵਹਾਰ ਕਰਦਾ ਹੈ। ਮੈਡਮ ਪਰਮਜੀਤ ਕੌਰ, ਕਿਰਨਜੀਤ ਕੌਰ , ਗੁਰਮੀਤ ਕੌਰ, ਅਤੇ ਅਮਨਦੀਪ ਕੌਰ ਨੇ ਕਿਹਾ ਕਿ ਕਿਸੇ ਡੂੰਘੀ ਸਾਜਿਸ਼ ਦੇ ਤਹਿਤ ਕੁਝ ਟੀਚਰਜ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਅਤੇ ਬਹੁਤ ਹੀ ਵਧੀਆ ਪ੍ਰਿੰਸੀਪਲ ਨੂੰ ਉਸ ਦੇ ਚਰਿੱਤਰ ਤੇ ਚਿੱਕੜ ਸੁੱਟ ਕੇ ਬਦਨਾਮ ਕਰ ਰਹੀਆਂ ਹਨ। ਜਿਸ ਨੂੰ ਉਹ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਸਕੂਲ ਦਾ ਵੱਡੀ ਗਿਣਤੀ ਚ, ਸਟਾਫ ਅਤੇ ਸਮੂਹ ਵਿੱਦਿਆਰਥੀ ਪ੍ਰਿੰਸੀਪਲ ਦੀ ਕਾਰਜ਼ਸ਼ੈਲੀ ਤੋਂ ਖੁਸ਼ ਹਨ। ਪ੍ਰਿੰਸੀਪਲ ਆਪਣੀ ਡਿਊਟੀ ਇਮਾਨਦਾਰੀ ਤੇ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਜਿਸ ਦੀ ਬਦੌਲਤ ਸਕੂਲ ਦੀ ਇੱਜਤ ਵਧੀ ਹੈ, ਇਸ ਸੰਸਥਾਂ ਦੀ ਹੋ ਰਹੀ ਚੜ੍ਹਤ ਦੇ ਵਿਰੋਧੀਆਂ ਨੂੰ ਇਹ ਹਜ਼ਮ ਨਹੀਂ ਆ ਰਿਹਾ।