ਮਨਪ੍ਰੀਤ ਬਾਦਲ ਨੂੰ ਅਦਾਲਤ ਨੇ ਦਿੱਤਾ ਝਟਕਾ,

Advertisement
Spread information

ਅਸ਼ੋਕ ਵਰਮਾ, ਬਠਿੰਡਾ,4 ਅਕਤੂਬਰ 2023  

       ਬਠਿੰਡਾ ਅਦਾਲਤ ਨੇ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ  ਬਾਦਲ ਵੱਲੋਂ ਅਗਾਂਊ ਜਮਾਨਤ ਲਈ ਦਾਇਰ ਅਰਜ਼ੀ ਰੱਦ ਕਰ ਦਿੱਤੀ ਹੈ ਜਿਸ ਨੂੰ ਮਨਪ੍ਰੀਤ ਬਾਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ।ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਲਗਾਤਾਰ ਫਰਾਰ ਚੱਲ ਰਹੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 29 ਸਤੰਬਰ ਸ਼ੁੱਕਰਵਾਰ ਨੂੰ ਆਪਣੇ ਵਕੀਲ ਸੁਖਦੀਪ ਸਿੰਘ ਭਿੰਡਰ ਰਾਹੀਂ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਸੀ ਆਰ ਪੀ ਸੀ ਦੀ ਧਾਰਾ 438 ਤਹਿਤ ਅਦਾਲਤ ਤੋਂ ਜ਼ਮਾਨਤ ਦੀ ਮੰਗ ਕੀਤੀ ਸੀ। 

Advertisement

         ਅਦਾਲਤ ਨੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਦਾਇਰ ਅਰਜ਼ੀ’ਤੇ ਸੁਣਵਾਈ ਲਈ 4 ਅਕਤੂਬਰ ਦਾ ਦਿਨ ਰੱਖਿਆ ਗਿਆ ਸੀ। ਹੈਰਾਨਕੁਨ ਪਹਿਲੂ ਇਹ ਵੀ ਹੈ ਕਿ ਐਡੀਸ਼ਨਲ  ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਦੀ ਅਦਾਲਤ ‘ਚ ਸ਼ਿਕਾਇਤਕਰਤਾ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਵੀ ਮਨਪ੍ਰੀਤ ਬਾਦਲ ਦੀ ਜ਼ਮਾਨਤ ਅਰਜ਼ੀ ਰੱਦ ਕਰਵਾਉਣ ਲਈ ਆਪਣਾ ਵਕੀਲ ਖੜ੍ਹਾ ਕੀਤਾ ਹੋਇਆ ਸੀ। ਸਿੰਗਲਾ ਦੇ ਵਕੀਲ ਨੇ ਸਾਬਕਾ ਮੰਤਰੀ ਨੂੰ ਜ਼ਮਾਨਤ ਦੇਣ ਦਾ ਜ਼ਬਰਦਸਤ ਵਿਰੋਧ ਕੀਤਾ। ਇਸ ਮੌਕੇ ਸਰਕਾਰੀ ਵਕੀਲ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਮਨਪ੍ਰੀਤ ਬਾਦਲ ਨੇ ਮੰਤਰੀ ਹੁੰਦਿਆਂ ਪਲਾਟ ਦੀ ਖਰੀਦੋ ਫਰੋਖਤ ਵੇਲੇ ਸਰਕਾਰੀ ਖਜ਼ਾਨੇ ਨੂੰ 65 ਲੱਖ ਤੋਂ ਵੱਧ ਦਾ ਰਗੜਾ ਲਾਇਆ ਹੈ ਇਸ ਲਈ ਸਾਬਕਾਾ ਮੰਤਰੀ ਤੋਂ ਹਿਰਾਸਤੀ ਪੁੱਛਗਿਛ ਜਰੂਰੀ ਹੈ।

            ਇਸ ਮੌਕੇ ਸਾਬਕਾ ਮੰਤਰੀ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਮੁਵੱਕਿਲ ਨੂੰ ਸਿਆਸੀ ਰੰਜ਼ਿਸ਼ ਤਹਿਤ ਫ਼ਸਾ ਰਹੀ ਹੈ। ਉਨ੍ਹਾਂ ਇਸ ਮੌਕੇ ਮਨਪ੍ਰੀਤ ਬਾਦਲ ਦੇ ਪੱਖ ਵਿੱਚ ਹੋਰ ਵੀ ਕਈ  ਦਲੀਲਾਂ ਵੀ ਦਿੱਤੀਆਂ ਇਹ ਜਮਾਨਤ ਦੇਣ ਦੀ ਮੰਗ ਕੀਤੀ। ਸਾਰੀਆਂ ਹੀ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਅਦਾਲਤ ਨੇ ਸਾਬਕਾ ਮੰਤਰੀ ਦੀ ਅਰਜੀ ਖਾਰਜ਼ ਕਰ ਦਿੱਤੀ। ਹੁਣ ਮਨਪ੍ਰੀਤ ਬਾਦਲ ਕੋਲ ਹਾਈ ਕੋਰਟ ਜਾਣ ਦਾ ਰਾਹ ਬਚਿਆ ਹੈ।ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਨਪ੍ਰੀਤ ਬਾਦਲ ਨੇ ਆਪਣੇ ਵਕੀਲ ਰਾਹੀਂ  ਬਠਿੰਡਾ ਦੀ ਅਦਾਲਤ ਤੋਂ ਅਗਾਊਂ ਜਮਾਨਤ ਮੰਗੀ ਸੀ ਪਰ  ਕੇਸ ਦਰਜ ਹੋਣ ਤੋਂ ਬਾਅਦ ਅਰਜ਼ੀ ਵਾਪਸ ਲੈ ਲਈ ਸੀ।ਮਨਪ੍ਰੀਤ ਬਾਦਲ ਨੇ ਆਪਣੀ ਅਰਜ਼ੀ ਵਿੱਚ ਮੁੱਖ ਮੰਤਰੀ ਤੇ ਸਿਆਸੀ ਰੰਜ਼ਿਸ਼ ਤਹਿਤ ਫ਼ਸਾਉਣ ਦੇ ਦੋਸ਼ ਲਾਏ ਸਨ।
      ਭਗੌੜਾ ਕਰਾਰ ਦਿਵਾਉਣ ਦੀ ਤਿਆਰੀ 
        ਸੂਤਰ ਦੱਸਦੇ ਹਨ ਕਿ ਵਿਜੀਲੈਂਸ ਹੁਣ ਅਦਾਲਤ ਗੇ ਮਨਪ੍ਰੀਤ ਬਾਦਲ ਨੂੰ ਭਗੌੜਾ ਕਰਾਰ ਦੇਣ ਲਈ ਅਰਜ਼ੀ ਦਾਖਲ ਕਰ ਸਕਦੀ ਹੈ। ਚਰਚੇ ਹਨ ਕਿ ਵਿਜੀਲੈਂਸ ਵੱਲੋਂ ਇਹ ਸਬੰਧ ਵਿੱਚ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ।ਵਿਜੀਲੈਂਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਮਨਪ੍ਰੀਤ ਬਾਦਲ ਲਗਾਤਾਰ ਰੂਪੋਸ਼ ਹੈ ਤੇ ਵਿਜੀਲੈਂਸ ਦੇ ਅਧਿਕਾਰੀ ਸਾਬਕਾ ਵਿੱਤ ਮੰਤਰੀ ਨੂੰ ਲੱਭਣ ਵਿੱਚ  ਸਫੂ ਨਹੀਂ ਹੋ ਸਕੇ ਹਨ। ਵਿਜੀਲੈਂਸ ਨੇ  ਫੌਜਦਾਰੀ ਮਾਮਲਿਆਂ ਦੇ ਅਧਾਰ ’ਤੇ ਵਿਜੀਲੈਂਸ ਨੇ ਲੁੱਕ ਆਊਟ ਸਰਕੁਲਰ (ਐਲਓਸੀ) ਜਾਰੀ ਕਰਵਾ ਦਿੱਤਾ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਬਠਿੰਡਾ ਅਦਾਲਤ ਤੋਂ ਗ੍ਰਿਫਤਾਰੀ ਦੇ ਵਰੰਟ ਵੀ ਹਾਸਲ ਕਰ ਚੁੱਕੀ ਹੈ ਜਿਨ੍ਹਾਂ ਦੇ ਅਧਾਰ ਤੇ ਗੁਆਂਢੀ ਸੂਬਿਆਂ ਸਮੇਤ ਵੱਖ-ਵੱਖ ਥਾਵਾਂ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਇਸ ਮਾਮਲੇ ਚ ਸ਼ਾਮਿਲ ਦੋ ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਲਈ ਵੀ ਯਤਨ ਕਰ ਰਹੀ ਹੈ।
   ਇਹ ਹੈ ਮਨਪ੍ਰੀਤ ਬਾਦਲ ਪਲਾਟ ਮਾਮਲਾ
 
       ਮਨਪ੍ਰੀਤ ਬਾਦਲ ਨੇ ਬਠਿੰਡਾ ‘ਚ ਆਪਣੀ ਰਿਹਾਇਸ਼ ਬਣਾਉਣ ਲਈ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਬਠਿੰਡਾ ਵਿਕਾਸ ਅਥਾਰਟੀ ਤੋਂ ਦੋ ਪਲਾਟ ਖਰੀਦੇ ਸਨ।ਵਿਜੀਲੈਂਸ ਜਾਂਚ ‘ਚ ਸਾਹਮਣੇ ਆਇਆ ਸੀ ਕਿ ਪਲਾਟ ਖਰੀਦਣ ਵੇਲੇ ਵੱਡੀ ਪੱਧਰ ਤੇ ਬੇਨਿਯਮੀਆਂ ਕੀਤੀਆਂ ਗਈਆਂ ਹਨ। ਮਾਮਲੇ ਦੀ ਪੜਤਾਲ ਮਗਰੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ  ਬਾਦਲ,ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ, ਬੀਡੀਏ ਦੇ ਸੁਪਰਡੈਂਟ ਪੰਕਜ਼ ਕਾਲੀਆ ,ਸ਼ਹਿਰ ਦੇ ਨਾਮੀ ਹੋਟਲ ਦੇ ਮਾਲਕ ਰਾਜੀਵ ਕੁਮਾਰ, ਵਿਕਾਸ ਕੁਮਾਰ ਤੇ ਸ਼ਰਾਬ ਦੇ ਇੱਕ ਵਪਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ‌ । ਵਿਜੀਲੈਂਸ ਨੇ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਜੋ ਇਸ ਵੇਲੇ ਅਦਾਲਤੀ ਹਿਰਾਸਤ ਤਹਿਤ ਜੇਲ ਵਿੱਚ ਬੰਦ ਹਨ।
Advertisement
Advertisement
Advertisement
Advertisement
Advertisement
error: Content is protected !!