ਰਿਚਾ ਨਾਗਪਾਲ, ਪਟਿਆਲਾ, 4 ਅਕਤੂਬਰ 2023
ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਦੀ ਬੱਸ ਪ੍ਰਣਾਲੀ ਦੇ ਘੋਰ ਕੁਪ੍ਰਬੰਧ ਲਈ ਆਮ ਆਦਮੀ ਸਰਕਾਰ ਦੀ ਆਲੋਚਨਾ ਕੀਤੀ।
ਪਟਿਆਲਾ ਦੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਇਸ ਸਾਲ ਮਈ ਮਹੀਨੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਸੀ ਪਰ ਹੁਣ ਤੱਕ ਨਾ ਤਾਂ ਲੋਕਲ ਮਿੰਨੀ ਬੱਸਾਂ ਸਹੀ ਢੰਗ ਨਾਲ ਚੱਲਣੀਆਂ ਸ਼ੁਰੂ ਹੋਈਆਂ ਹਨ ਅਤੇ ਨਾ ਹੀ ਪੁਰਾਣੇ ਬੱਸ ਸਟੈਂਡ ਦੇ ਦੁਕਾਨਦਾਰਾਂ ਨੂੰ ਕੋਈ ਰਾਹਤ ਦਿੱਤੀ ਗਈ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ, ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਪਟਿਆਲਾ ਦਾ ਨਵਾਂ ਬੱਸ ਸਟੈਂਡ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਉਪਜ ਸੀ ਅਤੇ ਪੁਰਾਣੇ ਬੱਸ ਸਟੈਂਡ ਦੀ ਵੀ ਵਰਤੋਂ ਕਰਨ ਲਈ ਢੁਕਵੀਂ ਵਿਉਂਤਬੰਦੀ, ਤਾਂਕਿ ਬੱਸ ਸਟੈਂਡ ਦੇ ਨੇੜੇ ਦੇ ਲੋਕਾਂ ਦਾ ਵਪਾਰ ਪ੍ਰਭਾਵਿਤ ਨਾ ਹੋਵੇ, ਦੇ ਨਾਲ ਇਸ ਦਾ ਨਿਰਮਾਣ ਸਾਡੀ ਸਰਕਾਰ ਵੇਲੇ ਲਗਭਗ ਮੁਕੰਮਲ ਹੋ ਗਿਆ ਸੀ। ਅਫ਼ਸੋਸ ਦੀ ਗੱਲ ਹੈ ਕਿ ਇਸ ਨਵੇਂ ਬੁਨਿਆਦੀ ਢਾਂਚੇ ਦਾ ਸਿਹਰਾ ਲੈਣ ਲਈ ਕਾਹਲੀ ‘ਚ ਆਈ ‘ਆਪ’ ਸਰਕਾਰ ਨੇ ਨਾ ਸਿਰਫ਼ ਪੁਰਾਣੇ ਬੱਸ ਸਟੈਂਡ ਦੇ ਦੁਕਾਨਦਾਰਾਂ ਨੂੰ ਸਗੋਂ ਸਮੁੱਚੇ ਤੌਰ ‘ਤੇ ਪੂਰੇ ਸ਼ਹਿਰ ਨੂੰ ਇਸ ਘੋਰ ਕੁਪ੍ਰਬੰਧ ਨਾਲ ਭਾਰੀ ਨੁਕਸਾਨ ਪਹੁੰਚਾਇਆ ਹੈ।”
ਪਰਨੀਤ ਕੌਰ ਨੇ ਅੱਗੇ ਕਿਹਾ, “ਨਵੇਂ ਬੱਸ ਸਟੈਂਡ ਦੀ ਸ਼ੁਰੂਆਤ ਦੌਰਾਨ, ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਨੂੰ 60 ਕਿਲੋਮੀਟਰ ਦੇ ਘੇਰੇ ਤੱਕ ਜਾਣ ਵਾਲੀਆਂ ਬੱਸਾਂ ਅਤੇ ਲੋਕਲ ਮਿੰਨੀ ਬੱਸਾਂ, ਜੋਕਿ ਯਾਤਰੀਆਂ ਨੂੰ ਨਵੇਂ ਬੱਸ ਅੱਡੇ ਜੋ ਕਿ ਸ਼ਹਿਰ ਦੇ ਬਿਲਕੁਲ ਬਾਹਰ ਸਥਿਤ ਹੈ, ਉਥੇ ਲੈ ਕੇ ਜਾਣ ਵਾਲੀਆਂ ਸਨ, ਲਈ ਵੀ ਚਾਲੂ ਰੱਖਣ ਲਈ ਇੱਕ ਉਚਿਤ ਯੋਜਨਾ ਉਲੀਕੀ ਗਈ ਸੀ।”
“ਮੌਜੂਦਾ ਸਰਕਾਰ ਨੇ ਇਸ ਯੋਜਨਾ ‘ਤੇ ਅਮਲ ਕਰਨ ਦੀ ਬਜਾਏ ਪੁਰਾਣੇ ਬੱਸ ਸਟੈਂਡ ਨੂੰ ਪੂਰੀ ਤਰ੍ਹਾਂ ਉਜਾੜ ਕੇ ਛੱਡ ਦਿੱਤਾ ਹੈ, ਜਿਸ ਕਾਰਨ ਪੁਰਾਣੇ ਬੱਸ ਸਟੈਂਡ ਦੇ ਅੰਦਰ ਅਤੇ ਨਾਲ ਲੱਗਦੇ ਬਾਹਰੀ ਦੁਕਾਨਾਂ ਰਾਹੀਂ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਪਰ ਉਨ੍ਹਾਂ ਦੀਆਂ ਵਾਰ-ਵਾਰ ਮੰਗਾਂ ਦੇ ਬਾਵਜੂਦ ਵੀ ਸਰਕਾਰ ਨੇ ਹਾਲੇ ਤੱਕ ਮਦਦ ਲਈ ਕੋਈ ਕਾਰਵਾਈ ਨਹੀਂ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਨਵੇਂ ਬੱਸ ਸਟੈਂਡ ਦੇ ਅੰਦਰ ਦੁਕਾਨਾਂ ਲੈਣ ਨੂੰ ਤਰਜੀਹ ਦਿੱਤੀ ਹੈ,” ਉਨ੍ਹਾਂ ਨੇ ਅੱਗੇ ਕਿਹਾ।
ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਕੇ.ਕੇ.ਸ਼ਰਮਾ ਨੇ ਕਿਹਾ ਕਿ, “ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਵੇਲੇ ਅਸੀਂ ਪੁਰਾਣੇ ਬੱਸ ਸਟੈਂਡ ਤੋਂ ਨਵੇਂ ਤੱਕ 30 ਸ਼ਟਲ ਮਿੰਨੀ ਬੱਸ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ, ਪਰ ਮੌਜੂਦਾ ਸਰਕਾਰ ਵੱਲੋਂ ਅਜਿਹਾ ਕੋਈ ਕੰਮ ਨਹੀਂ ਕੀਤਾ ਗਿਆ, ਜਿਸ ਨਾਲ ਸਥਾਨਕ ਯਾਤਰੀਆਂ ਨੂੰ ਬਹੁਤ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਹਰਕਤ ਨਾਲ ਨਾ ਸਿਰਫ਼ ਪੁਰਾਣੇ ਬੱਸ ਸਟੈਂਡ ਦੇ ਅੰਦਰ ਕੰਮ ਕਰਦੇ ਦੁਕਾਨਦਾਰਾਂ ਨੂੰ ਸਗੋਂ ਪਟਿਆਲਾ ਦੇ ਅੰਦਰੂਨੀ ਸ਼ਹਿਰ ਦੇ ਸਮੁੱਚੇ ਬਾਜ਼ਾਰਾਂ ਦਾ ਵੀ ਨੁਕਸਾਨ ਹੋਇਆ ਹੈ। ਨਵਾਂ ਬੱਸ ਅੱਡਾ ਸ਼ਹਿਰ ਦੇ ਬਾਹਰਵਾਰ ਹੋਣ ਕਾਰਨ ਦੂਜੇ ਸ਼ਹਿਰਾਂ ਤੋਂ ਗਾਹਕਾਂ ਦੀ ਆਮਦ ਬਹੁਤ ਘਟ ਗਈ ਹੈ, ਜਿਸ ਕਾਰਨ ਪਟਿਆਲਾ ਦੇ ਸਮੁੱਚੇ ਵਪਾਰੀ ਭਾਈਚਾਰੇ ਨੂੰ ਹੀ ਨੁਕਸਾਨ ਹੋ ਰਿਹਾ ਹੈ।”