ਵਿਜੀਲੈਂਸ ਅੱਗੇ ਅਸਲੋਂ ਠੰਢੀ ਨਿਕਲੀ ਨੇਤਾ ਜੀ ਦੇ ਦਬਕਿਆਂ ਦੀ ‘ ਗਰਮ ਤਾਸੀਰ’

Advertisement
Spread information

ਅਸ਼ੋਕ ਵਰਮਾ, ਬਠਿੰਡਾ, 3 ਅਕਤੂਬਰ 2023


       ਜਦੋਂ ਸੱਤਾ ਦਾ ਸੂਰਜ ਸਿਖਰਾਂ ਤੇ ਸੀ ਤਾਂ ‘ਚੁੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ’ ਵਾਂਗ ਜਨਾਬ ਦਾ ਇੱਕ ਦਬਕਾ ਹੀ ਵੱਡੇ ਵੱਡੇ ਅਫਸਰਾਂ ਦਾ ਤਰਾਹ ਕੱਢ ਦਿੰਦਾ ਸੀ। ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਅਤੀ ਕਰੀਬੀਆਂ ਵਿੱਚੋਂ ਇੱਕ ਮੰਨੇ ਜਾਂਦੇ ਭਰਤਇੰਦਰ ਸਿੰਘ ਚਾਹਲ ਨਾਲ ਜੁੜਿਆ ਹੋਇਆ ਹੈ। ਸਾਲ 2002 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ‘ਚ ਆਏ ਤਾਂ ਭਰਤਇੰਦਰ ਸਿੰਘ ਚਾਹਲ ਨੂੰ ਉਨ੍ਹਾਂ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਲਗਾਤਾਰ ਪੰਜ ਸਾਲ ਉਨ੍ਹਾਂ ਦੀ ਪੰਜਾਬ ਦੇ ਅੰਦਰ ਤੂਤੀ ਬੋਲਦੀ ਰਹੀ ਹੈ। ਉਸ ਵਕਤ ਆਪਣੇ ਆਪ ਨੂੰ ਖੱਬੀ ਖਾਣ ਅਖਵਾਉਣ ਵਾਲੇ ਵੱਡੇ ਵੱਡੇ ਅਫਸਰ ਜਨਾਬ ਦੀ ਸ਼ਾਨੀ ਭਰਦੇ ਸਨ। ਚਾਹਲ ਦੇ ਇੱਕ ਇਸ਼ਾਰੇ ਤੇ ਸਿਆਸੀ ਨੇਤਾਵਾਂ ਅਤੇ ਅਫਸਰਾਂ ਦੇ ਅਰਸ਼ ਤੋਂ ਫਰਸ਼ ਤੇ ਪੁੱਜਦਿਆਂ ਦੇਰ ਨਹੀਂ ਲੱਗਦੀ  ਸੀ।         ਹਾਲਾਂਕਿ ਸਾਲ 2007 ਦੌਰਾਨ ਪੰਜਾਬ ਦੀ ਗੱਦੀ ਤੇ ਬਿਰਾਜਮਾਨ ਹੋਈ ਬਾਦਲ ਸਰਕਾਰ ਦੇ ਰਾਜ ਵੇਲੇ ਭਰਤਇੰਦਰ ਚਹਿਲ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਵਾਰ ਫਿਰ ਸੱਤਾ ਤੇ ਕਾਬਜ ਹੋਣ ਮਗਰੋਂ ਭਰਤਇੰਦਰ ਸਿੰਘ ਚਾਹਲ ਦੀ ਸਰਕਾਰੀ ਗਲਿਆਰਿਆਂ ‘ਚ ਸਰਦਾਰੀ ਮੁੜ ਕਾਇਮ ਹੋ ਗਈ ਜੋ ਲਗਾਤਾਰ ਪੰਜ ਸਾਲ ਬਰਕਰਾਰ ਰਹੀ। ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਭਰਤਇੰਦਰ ਸਿੰਘ ਚਹਿਲ ਦੇ ਮਾੜੇ ਦਿਨ ਸ਼ੁਰੂ ਹੋਏ ਹਨ। ਵਿਜੀਲੈਂਸ ਨੇ ਚਾਹਲ ਖਿਲਾਫ਼ ਅਗਸਤ ਮਹੀਨੇ ਵਿੱਚ ਸਰੋਤਾਂ ਤੋਂ ਵੱਧ ਆਮਦਨ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੋਇਆ ਹੈ। ਜਿਸ ਵਿੱਚ  ਗ੍ਰਿਫਤਾਰੀ ਤੋਂ ਬਚਣ ਲਈ ਲਗਾਤਾਰ ਰੂਪੋਸ਼ ਚਲੇ ਆ ਰਹੇ ਹਨ।

Advertisement
       ਵਿਜੀਲੈਂਸ ਹੁਣ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਸਮੇਤ  ਹੋਰਨਾਂ ਸੂਬਿਆਂ ਵਿੱਚ ਵੀ ਛਾਪੇ ਮਾਰ ਚੁੱਕੀ ਹੈ, ਪਰ ਚਾਹਲ ਕਾਬੂ ਨਹੀਂ ਆ ਰਹੇ। ਉਨ੍ਹਾਂ ਦੇ ਵਿਦੇਸ਼ ’ਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੁਣ ਭਰਤਇੰਦਰ ਸਿੰਘ ਚਾਹਲ ਨੂੰ ਭਗੌੜਾ ਕਰਾਰ ਦੇਣ ਲਈ ਤਿਆਰੀਆਂ ਕਰਨ ਸਬੰਧੀ ਵੀ ਤੱਥ ਸਾਹਮਣੇ ਆ ਰਹੇ ਹਨ। ਲੋਕਾਂ ਵਿੱਚ ਚੁੰਝ ਚਰਚਾ ਹੈ ਕਿ ਜਿਹੜਾ ਭਰਤਿੰਦਰ ਚਹਿਲ ਇਨਾਂ ਸ਼ਕਤੀਸ਼ਾਲੀ ਸੀ ਤਾਂ ਉਹ ਵਿਜੀਲੈਂਸ ਤੋਂ  ਘਬਰਾ ਕਿਉਂ ਰਿਹਾ ਹੈ ਜਦੋਂ ਕਿ ਉਸਨੂੰ ਕਾਨੂੰਨ ਅੱਗੇ ਆਪਣਾ ਪੱਖ ਰੱਖਣਾ ਚਾਹੀਦਾ ਹੈ ?ਰੌਚਕ ਪਹਿਲੂ ਇਹ ਹੈ ਕਿ ਸ਼ੁਰੂ ਵਿੱਚ ਵਿਜੀਲੈਂਸ ਅੱਗੇ ਪੇਸ਼ ਹੋਣ ਦੀ ਥਾਂ ਉਨ੍ਹਾਂ ਆਪਣਾ  ਮੈਡੀਕਲ ਭੇਜ ਦਿੱਤਾ ਜਦੋਂਕਿ ਪੇਸ਼ੀਆਂ ਤੋਂ ਬਚਣ ਲਈ ਕਰੋਨਾ , ਦਿਲ ਦੀ ਬਿਮਾਰੀ ਅਤੇ ਹਾਈਪਰਟੈਨਸ਼ਨ ਤੋਂ ਪੀੜਤ ਹੋਣ ਦਾ ਤਰਕ ਵੀ ਦਿੱਤਾ ਗਿਆ ਸੀ।
      ਇੱਦਾਂ ਦਾ ਹੀ ਮਾਮਲਾ  ਸੂਬੇ ਦੇ ਸਾਬਕਾ ਵਿੱਤ ਮੰਤਰੀ ਤੇ ਮੌਜੂਦਾ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦਾ ਹੈ ਜਿਨ੍ਹਾਂ ਖਿਲਾਫ ਪਿਛਲੇ ਮਹੀਨੇ ਦੌਰਾਨ ਬਠਿੰਡਾ ਵਿੱਚ ਪਲਾਟ ਖਰੀਦਣ ਦੇ ਮਾਮਲੇ ‘ਚ ਸਰਕਾਰ ਨੂੰ ਕਰੀਬ 65ਲੱਖ ਰੁਪਏ ਦਾ ਚੂਨਾ ਲਾਉਣ ਦੇ ਦੋਸ਼ਾਂ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਾਬਕਾ ਵਿੱਤ ਮੰਤਰੀ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਲਗਾਤਾਰ ਪੱਬਾਂ ਭਾਰ ਹੈ ਜਦੋਂ ਕਿ ਹੁਣ ਭਗੌੜਾ ਕਰਾਰ ਦੇਣ ਦੀ ਕਾਰਵਾਈ ਕਰਨ ਸਬੰਧੀ ਗੱਲ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਸਮਾਗਮ ਦੌਰਾਨ ਮਨਪ੍ਰੀਤ ਸਿੰਘ ਬਾਦਲ ਖਿਲਾਫ ਕੇਸ ਦਰਜ ਕਰਨ ਬਾਰੇ ਆਖੇ ਜਾਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਦੇ ਸੁਰ ਕਾਫੀ ਤਿੱਖੇ ਹੋ ਗਏ ਸਨ। ਉਨਾਂ ਬਠਿੰਡਾ ‘ਚ ਆਖਿਆ ਸੀ ਕਿ ਭਗਵੰਤ ਮਾਨ ਨਾ ਮੈਂ ਤੇਰੀ ਵਿਜੀਲੈਂਸ ਤੋਂ ਅਤੇ ਨਾ ਤੇਰੀਆਂ ਧਮਕੀਆਂ ਤੋਂ ਡਰਨ ਵਾਲਾ ਹਾਂ।    
        ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਸਰਕਾਰ ਝੂਠਾ ਸੱਚਾ ਜਿਹੋ ਜਿਹਾ ਮਰਜ਼ੀ ਕੇਸ ਦਰਜ ਕਰ ਸਕਦੀ ਹੈ ਉਹ ਇਸ ਤੋਂ ਬਿਲਕੁਲ ਵੀ ਨਹੀਂ ਡਰਦੇ।  ਮਨਪ੍ਰੀਤ ਬਾਦਲ ਆਖ ਚੁੱਕੇ ਹਨ ਕਿ ਸਰਕਾਰ ਸਿਆਸੀ ਬਦਲਾਖੋਰੀ ਤਹਿਤ ਜਾਂਚ ਕਰ ਰਹੀ ਹੈ, ਜਿਸ ਵਿੱਚ ਕੋਈ ਸੱਚਾਈ ਨਹੀਂ ਹੈ।ਬਠਿੰਡਾ ਸ਼ਹਿਰੀ ਹਲਕੇ ਪਿਛਲੇ ਉਨਾਂ ਦੇ ਸਮਰਥਕ ਵੀ ਦਾਅਵੇ ਨਾਲ ਵਿਜੀਲੈਂਸ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇੇ ਹਨ।ਵਿਜੀਲੈਂਸ ਨੇ ਲੁੱਕ ਆਊਟ ਸਰਕੁਲਰ (ਐਲਓਸੀ) ਜਾਰੀ ਕਰਵਾਇਆ ਹੈ। ਵਿਜੀਲੈਂਸ ਹੁਣ ਤੱਕ ਉਨ੍ਹਾਂ ਦੀ ਤਲਾਸ਼ ‘ਚ ਪੰਜਾਬ, ਦਿੱਲੀ, ਹਰਿਆਣਾ ,ਹਿਮਾਚਲ ਪ੍ਰਦੇਸ਼ ਅਤੇ ਹੋਰ ਕਈ ਸ਼ੱਕੀ ਥਾਵਾਂ ’ਤੇ ਛਾਪੇ ਮਾਰ ਚੁੱਕੀ ਹੈ।ਬੁੱਧਵਾਰ 4 ਅਕਤੂਬਰ ਨੂੰ ਸਾਬਕਾ ਵਿੱਤ ਮੰਤਰੀ ਦੀ ਅਗਾਂਊ ਜਮਾਨਤ ਦੀ ਅਰਜ਼ੀ ਤੇ ਸੁਣਵਾਈ ਹੋਣੀ ਹੈ ਜਿਸ ਤੇ ਵਿਜੀਲੈਂਸ ਸਮੇਤ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
Advertisement
Advertisement
Advertisement
Advertisement
Advertisement
error: Content is protected !!