ਅਸ਼ੋਕ ਵਰਮਾ ,ਸ੍ਰੀ ਮੁਕਤਸਰ ਸਾਹਿਬ 30 ਸਤੰਬਰ 2023
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਨਵਨਿਯੁਕਤ ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਆਖਿਆ ਹੈ ਕਿ ਉਹ ਆਮ ਆਦਮੀ ਦੇ ਪਹਿਰੇਦਾਰ ਬਣ ਕੇ ਕੰਮ ਕਰਨਗੇ ਅਤੇ ਆਮ ਨਾਗਰਿਕ ਦੀ ਜਾਨ ਮਾਲ ਦੀ ਰਾਖੀ ਕਰਨੀ ਪੁਲਿਸ ਦੀ ਪਹਿਲੀ ਤਰਜੀਹ ਹੋਵੇਗੀ । ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾਵੇਗੀ ਤਾਂ ਜੋ ਸੜਕ ਤੇ ਤੁਰਦੇ ਹੋਏ ਕਿਸੇ ਧੀਅ ਭੈਣ ਨੂੰ ਕੋਈ ਡਰ ਨਾ ਹੋਵੇ। ਚਾਰਜ ਸੰਭਾਲਣ ਉਪਰੰਤ ਆਪਣਾ ਏਜੰਡਾ ਸਪਸ਼ਟ ਕਰਦਿਆਂ ਉਨ੍ਹਾਂ ਨਸ਼ਿਆਂ ਤੇ ਸਖਤੀ ਨਾਲ ਰੋਕ ਲਾਉਣ ਦੀ ਗੱਲ ਆਖੀ ਅਤੇ ਕਿਹਾ ਕਿ ਅਮਨ ਕਾਨੂੰਨ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਮੁਕਤਸਰ ਜ਼ਿਲ੍ਹੇ ਦੇ ਨਵੇਂ ਐਸਐਸਪੀ ਨੇ ਭਾਵੇਂ ਆਪਣੀ ਤਰਜੀਹ ਬਿਆਨੀ ਹੈ ਪਰ ਇਹ ਵੀ ਹਕੀਕਤ ਹੈ ਕਿ ਪਿਛਲੇ ਦਿਨਾਂ ਦੌਰਾਨ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਬਣੇ ਹਾਲਾਤਾਂ ਨੂੰ ਦੇਖਦਿਆਂ ਐਸ ਐਸ ਪੀ ਅੱਗੇ ਚੁਣੌਤੀ ਬਰਕਰਾਰ ਹੈ। ਮੁਕਤਸਰ ਦੇ ਇੱਕ ਵਕੀਲ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਸਮੁੱਚਾ ਵਕੀਲ ਭਾਈਚਾਰਾ ਅਤੇ ਪੁਲਿਸ ਪ੍ਰਸ਼ਾਸਨ ਆਹਮੋ ਸਾਹਮਣੇ ਹੋ ਗਏ ਸਨ। ਇਹ ਮੁੱਦਾ ਡੀਜੀਪੀ ਪੰਜਾਬ, ਹਾਈਕੋਰਟ ਅਤੇ ਪੰਜਾਬ ਸਰਕਾਰ ਤੱਕ ਵੀ ਚਲਾ ਗਿਆ ਜਿਸ ਪਿੱਛੋਂ ਐਸਐਸਪੀ ਤੇ ਡੀਆਈਜੀ ਨੂੰ ਤਬਦੀਲ ਕਰਨ ਤੋਂ ਇਲਾਵਾ ਕੁੱਝ ਅਫਸਰ ਕਾਨੂੰਨੀ ਗੇੜ ਵਿੱਚ ਉਲਝ ਗਏ ਸਨ । ਹਾਲਾਂਕਿ ਇਸ ਮਾਮਲੇ ਵਿੱਚ ਕੌਣ ਸਹੀ ਹੈ ਅਤੇ ਕੌਣ ਗਲਤ ਇਹ ਤਾਂ ਦੋਵਾਂ ਧਿਰਾਂ ਹੀ ਦੱਸ ਸਕਦੀਆਂ ਹਨ ਪ੍ਰੰਤੂ ਆਮ ਲੋਕਾਂ ਵੱਲੋਂ ਪੁਲਿਸ ਦੀ ਪਿੱਠ ਥਾਪੜਨ ਕਾਰਨ ਸਥਿਤੀ ਸੰਵੇਦਨਸ਼ੀਲ ਬਣੀ ਹੋਈ ਹੈ।
ਇਸ ਤਰ੍ਹਾਂ ਦੀ ਸਥਿਤੀ ਦਰਮਿਆਨ ਮੁਕਤਸਰ ਦੇ ਨਵੇਂ ਐਸਐਸਪੀ ਨੂੰ ਸਥਿਤੀ ਮੁੜ ਅਜਿਹੀ ਨਾ ਬਣੇ, ਇਸ ਲਈ ਠੋਸ ਕਦਮ ਚੁੱਕਣੇ ਪੈਣਗੇ। ਅੱਜ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਆਖਿਆ ਕਿ ਉਹ ਕਾਨੂੰਨ ਮੁਤਾਬਕ ਹਰ ਮਸਲੇ ਦਾ ਯੋਗ ਹੱਲ ਕੱਢਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਜਿੱਥੇ ਵੀ ਰਹੇ ਹਨ ਉਨ੍ਹਾਂ ਨੂੰ ਆਮ ਲੋਕਾਂ ਦਾ ਪੂਰਾ ਪੂਰਾ ਸਹਿਯੋਗ ਮਿਲਿਆ ਅਤੇ ਉਹ ਮੁਕਤਸਰ ਜਿਲ੍ਹੇ ’ਚ ਵੀ ਅਜਿਹੇ ਹੀ ਸਹਿਯੋਗ ਪ੍ਰਤੀ ਆਸਵੰਦ ਹਨ । ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਗੈਰ ਚੰਗੇ ਨਤੀਜੇ ਨਹੀਂ ਲਿਆਂਦੇ ਜਾ ਸਕਦੇ ਹਨ।
ਚੰਡੀਗੜ੍ਹ ਤੋਂ ਬਦਲਕੇ ਮੁਕਤਸਰ ਪੁੱਜਣ ਤੇ ਪੁਲਿਸ ਗਾਰਦ ਨੇ ਸਲਾਮੀ ਦਿੱਤੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਐਸ ਐਸ ਪੀ ਨੇ ਆਖਿਆ ਕਿ ਨਸ਼ਿਆਂ ਨੂੰ ਰੋਕਣਾ ਉਨ੍ਹਾਂ ਦਾ ਤਰਜੀਹੀ ਏਜੰਡਾ ਹੈ ਅਤੇ ਤਸਕਰਾਂ ਦੀਆਂ ਸੂਚੀਆਂ ਤਿਆਰ ਕਰਕੇ ਉਨ੍ਹਾਂ ਦੀ ਪੈੜ ਨੱਪਣ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪਹਿਲਾਂ ਹੋਮਵਰਕ ਕੀਤਾ ਜਾਏੇਗਾ ਤੇ ਫਿਰ ਮੁਹਿੰਮ ਵਿੱਢੀ ਜਾਏਗੀ। ਉਨ੍ਹਾਂ ਨਸ਼ਾ ਤਸਕਰਾਂ ਨੂੰ ਦੋ ਟੁੱਕ ਲਫਜ਼ਾਂ ਵਿੱਚ ਅਲਟੀਮੇਟਮ ਦਿੱਤਾ ਕਿ ਜੇ ਉਨ੍ਹਾਂ ਨੇ ਨਸ਼ਿਆਂ ਦੀ ਵਿੱਕਰੀ ਬੰਦ ਨਾਂ ਕੀਤੀ ਤਾਂ ਪੁਲਿਸ ਉਨ੍ਹਾਂ ਖਿਲਾਫ ਸਖ਼ਤ ਕਦਮ ਚੁੱਕੇਗੀ । ਉਨਾਂ ਅਧਿਕਾਰੀਆਂ ਨੂੰ ਆਖਿਆ ਕਿ ਉਹ ਵੱਧ ਤੋਂ ਵੱਧ ਸੈਮੀਨਾਰ ਲਾ ਕੇ ਨਸ਼ਿਆਂ ਖਿਲਾਫ ਜਾਗਰੂਕ ਕਰਨ ਅਤੇ ਨਸ਼ਿਆਂ ਚ ਫਸੇ ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਲੁੜੀਂਦੇ ਕਦਮ ਚੁੱਕਣ ।
ਦੱਸਣਯੋਗ ਹੈ ਕਿ ਮੁਕਤਸਰ ਜਿਲ੍ਹੇ ਦਾ ਕਾਫੀ ਇਲਾਕਾ ਕੌਮਾਂਤਰੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੀ ਸੀਮਾ ਨਾਲ ਲੱਗਦਾ ਹੋਣ ਕਰਕੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ’ਚ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਅਜਿਹੇ ਹਾਲਾਤਾਂ ਦਰਮਿਆਨ ਪੁਲਿਸ ਪ੍ਰਸ਼ਾਸ਼ਨ ਦੀਆਂ ਚੁਣੌਤੀਆਂ ਹੋਰ ਵੀ ਵਧ ਜਾਂਦੀਆਂ ਹਨ।ਉਨ੍ਹਾਂ ਅੱਜ ਇੱਕ ਮੀਟਿੰਗ ਕਰਕੇ ਸਮੂਹ ਪੁਲਿਸ ਅਧਿਕਾਰੀਆਂ ਨੂੰ ਆਪਣੇ ਮਸਲਿਆਂ ਦੇ ਨਿਪਟਾਰੇ ਜਾਂ ਸ਼ਕਾਇਤ ਦਰਜ ਕਰਵਾਉਣ ਲਈ ਆਉਣ ਵਾਲਿਆਂ ਨਾਲ ਪਿਆਰ ਦੀ ਭਾਸ਼ਾ ਵਰਤਣ ਅਤੇ ਇਨਸਾਫ ਦੇਣਾ ਯਕੀਨੀ ਬਣਾਉਣ ਵਾਸਤੇ ਵੀ ਕਿਹਾ । ਉਨ੍ਹਾਂ ਆਖਿਆ ਕਿ ਪੁਲਿਸ ਪ੍ਰਸ਼ਾਸ਼ਨ ਵਿੱਚ ਭ੍ਰਿਸ਼ਟਾਚਾਰੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਉਹ ਦਫਤਰੀ ਕੰਮਕਾਜ ’ਚ ਪੂਰੀ ਪਾਰਦਰਸ਼ਤਾ ਲਿਆਉਣਗੇ।
ਉਨ੍ਹਾਂ ਆਖਿਆ ਕਿ ਕੰਮ ਜਾਂ ਡਿਊਟੀ ਦੇ ਮਾਮਲੇ ’ਚ ਕੋਈ ਵੀ ਬਹਾਨਾ ਨਹੀਂ ਸੁਣਿਆ ਜਾਏਗਾ। ਉਨ੍ਹਾਂ ਆਖਿਆ ਕਿ ਉਹ ਭ੍ਰਿਸ਼ਟਾਚਾਰ ਰਹਿਤ ਅਤੇ ਸਾਫ ਸੁਥਰਾ ਪ੍ਰਸ਼ਾਸ਼ਨ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਰੱਖਣਗੇ। ਉਨ੍ਹਾਂ ਕਿਹਾ ਕਿ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਟਰੈਫਿਕ ਪੁਲਿਸ ਨੂੰ ਹੋਰ ਜਿਆਦਾ ਸਰਗਰਮ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਜਿਲ੍ਹਾ ਟਰੈਫਿਕ ਪੁਲਿਸ ਵੱਲੋਂ ਆਵਾਜਾਈ ਦੇ ਸੁਧਾਰ ਵਾਸਤੇ ਮੁਢਲੇ ਪੜਾਅ ‘ਤੇ ਲੋਕਾਂ ਨੂੰ ਸੁਚੇਤ ਕੀਤਾ ਜਾਵੇਗਾ ਅਤੇ ਮਗਰੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਅਤੇ ਦੂਸਰਿਆਂ ਲਈ ਖਤਰਾ ਪੈਦਾ ਕਰਨ ਵਾਲਿਆਂ ਨਾਲ ਸਖ਼ਤੀ ਵੀ ਵਰਤੀ ਜਾ ਸਕਦੀ ਹੈ। ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰੱਖਿਅਤ ਰਹਿਣ ਲਈ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ।