ਗਗਨ ਹਰਗੁਣ,ਬਰਨਾਲਾ, 28 ਸਤੰਬਰ 2023
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਬਲਾਕ ਪੱਧਰੀ ਜਾਗਰੂਕਤਾ ਕੈਂਪ ਪਿੰਡ ਸੇਖਾ, ਜ਼ਿਲ੍ਹਾ ਬਰਨਾਲਾ ਵਿਖੇ ਡਾ.ਪ੍ਰਹਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ, ਕੇ.ਵੀ.ਕੇ, ਬਰਨਾਲਾ ਦੀ ਅਗਵਾਈ ਹੇਠ ਲਗਾਇਆ ਗਿਆ।
ਇਸ ਮੌਕੇ ਡਾ. ਪ੍ਰਹਲਾਦ ਸਿੰਘ ਤੰਵਰ ਨੇ ਕਿਸਾਨਾਂ ਲਈ ਕੇ.ਵੀ.ਕੇ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਾਲੀ ਸਾਡੇ ਕੋਲ ਬਹੁਤ ਵੱਡਾ ਸਰੋਤ ਹੈ। ਪਰਾਲੀ ਸਾੜਨ ਦੀ ਲੋੜ ਨਹੀਂ, ਸਗੋਂ ਇਸ ਤੋਂ ਕਮਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਰਲਾਉਣ ਨਾਲ ਜ਼ਮੀਨ ਦੀ ਭੌਤਿਕ ਹਾਲਤ ਵਿੱਚ ਸੁਧਾਰ ਹੁੰਦਾ ਹੈ। ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ ਵਿੱਚ ਵੀ ਸੁਧਾਰ ਹੁੰਦਾ ਹੈ। ਜਿਸ ਕਾਰਨ ਹੌਲੀ-ਹੌਲੀ ਉਤਪਾਦਨ ਵਧਦਾ ਹੈ। ਪਰਾਲੀ ਸਾੜਨ ਨਾਲ ਜ਼ਮੀਨ, ਮਨੁੱਖ ਅਤੇ ਵਾਤਾਵਰਨ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਰਲਾਉਣ ਤੋਂ ਇਲਾਵਾ ਇਸ ਦੀ ਵਰਤੋਂ ਹੋਰ ਕੰਮਾਂ ਲਈ ਵੀ ਕੀਤੀ ਜਾ ਸਕਦੀ ਹੈ। ਉਦਾਹਰਣ ਵਜੋਂ, ਪਸ਼ੂਆਂ ਲਈ ਬਿਸਤਰੇ ਵਜੋਂ ਇਸ ਦੀ ਵਰਤੋਂ ਦੁੱਧ ਦੇ ਉਤਪਾਦਨ ਨੂੰ ਵਧਾਉਂਦੀ ਹੈ। ਪਰਾਲੀ ਦੀ ਵਰਤੋਂ ਖੁੰਬਾਂ ਦੀ ਕਾਸ਼ਤ, ਬਾਗ ਵਿੱਚ ਮਲਚਿੰਗ ਲਈ ਅਤੇ ਪਸ਼ੂਆਂ ਦੇ ਚਾਰੇ ਵਜੋਂ ਕੀਤੀ ਜਾ ਸਕਦੀ ਹੈ।
ਡਾ: ਨਵਦੀਪ ਗਿੱਲ, ਇੰਚਾਰਜ ਐਫ.ਏ.ਐਸ.ਸੀ., ਬਰਨਾਲਾ ਨੇ ਸਬਜ਼ੀਆਂ ਦੇ ਉਤਪਾਦਨ ਦੀਆਂ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਫ਼ਸਲ ਮਾਹਿਰ ਡਾ: ਸੁਰਿੰਦਰ ਸਿੰਘ ਨੇ ਪਰਾਲੀ ਪ੍ਰਬੰਧਨ ਲਈ ਸੰਦਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਣਕ ਦੀ ਕਾਸ਼ਤ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਡਾ: ਅੰਜੁਲੀ ਸ਼ਰਮਾ, ਗ੍ਰਹਿ ਵਿਗਿਆਨ ਮਾਹਿਰ ਨੇ ਖੇਤੀ ਅਤੇ ਪਸ਼ੂ ਪਾਲਣ ਵਿੱਚ ਵਰਤੇ ਜਾਂਦੇ ਕੰਮ ਨੂੰ ਅਸਾਨ ਬਣਾਉਣ ਵਾਲੇ ਸੰਦਾਂ ਬਾਰੇ ਜਾਣਕਾਰੀ ਦਿੱਤੀ। ਪੌਦ ਰੋਗ ਅਤੇ ਕੀੜੇ ਮਾਹਿਰ ਡਾ: ਸੰਦੀਪ ਕੁਮਾਰ ਨੇ ਪੱਤਾ ਲਪੇਟ ਸੁੰਡੀ ਨੂੰ ਕੰਟਰੋਲ ਕਰਨ ਲਈ ਜਾਣਕਾਰੀ ਦਿੱਤੀ | ਡਾ: ਹਰਜੋਤ ਸਿੰਘ ਨੇ ਬਾਗ ਦੀ ਸਾਂਭ-ਸੰਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਜਾਗਰੂਕਤਾ ਕੈਂਪ ਵਿੱਚ ਅਗਾਂਹਵਧੂ ਕਿਸਾਨ ਸ਼੍ਰੀ ਜਗਪ੍ਰੀਤ ਸਿੰਘ ਵੀ ਮੌਜੂਦ ਸਨ।