ਖਹਿਰਾ ਨੇ ਗਿਰਫਤਾਰੀ ਨੂੰ ਗੈਰਕਾਨੂੰਨੀ ਦੱਸ ਕੇ ਕੀਤਾ ਜਬਰਦਸਤ ਵਿਰੋਧ
ਅਨੁਭਵ ਦੂਬੇ , ਚੰਡੀਗੜ੍ਹ 28 ਸਤੰਬਰ 2023
ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ਨੂੰ ਹਰ ਗੱਲ ਤੇ ਕਟਿਹਰੇ ਵਿੱਚ ਖੜ੍ਹਾ ਕਰਨ ਵਾਲੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਤੜਕਸਾਰ ਕਰੀਬ ਸਾਢੇ 6 ਵਜੇ ਜਲਾਲਾਬਾਦ ਪੁਲਿਸ ਨੇ ਉਨਾਂ ਦੀ ਚੰੜੀਗੜ੍ਹ ਸਥਿਤ ਕੋਠੀ ਵਿੱਚੋਂ ਗਿਰਫਤਾਰ ਕਰ ਲਿਆ। ਖਹਿਰਾ ਦੀ ਇਹ ਗਿਰਫਤਾਰੀ ਡਰੱਗ ਦੇ ਕਰੀਬ ਅੱਠ ਸਾਲ ਪੁਰਾਣੇ ਇੱਕ ਕੇਸ ਵਿੱਚ ਹੋਈ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ‘ਚ ਖਹਿਰਾ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਪੁਲਿਸ ਪਾਰਟੀ ਵੱਲੋਂ ਅਪਣਾਈ ਗਈ ਪ੍ਰਕਿਰਿਆ ਉੱਤੇ ਵੀ ਖਹਿਰਾ ਨੇ ਲਾਈਵ ਹੋ ਕੇ ਕਈ ਤਰਾਂ ਦੇ ਸਵਾਲ ਖੜ੍ਹੇ ਕੀਤੇ। ਖਹਿਰਾ ਵਾਰ-ਵਾਰ ਪੁਲਿਸ ਤੋਂ ਉਨਾਂ ਦੀ ਪਹਿਚਾਣ ਅਤੇ ਗਿਰਫਤਾਰੀ ਵਾਰੰਟ ਬਾਰੇ ਪੁੱਛਦੇ ਰਹੇ। ਜਦੋਂ ਪੁਲਿਸ ਅਧਿਕਾਰੀਆਂ ਨੇ ਫਾਈਲ ਵਿੱਚ ਲੱਗਿਆ ਆਰਡਰ ਦਿਖਾਇਆ ਤਾਂ ਖਹਿਰਾ ਨੇ ਇਹ ਆਰਡਰ ਪੜ੍ਹਕੇ ਸੁਣਾਉਣ ਲਈ ਕਿਹਾ। ਆਖਿਰ ਕਾਫੀ ਤਕਰਾਰਬਾਜੀ ਤੋਂ ਬਾਅਦ ਪੁਲਿਸ ਪਾਰਟੀ ਨੇ ਖਹਿਰਾ ਨੂੰ ਗਿਰਫਤਾਰ ਕਰ ਲਿਆ। ਖਹਿਰਾ ਨੇ ਗ੍ਰਿਫਤਾਰੀ ਮੌਕੇ ਵੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਖਿਲਾਫ ਨਾਅਰੇਬਾਜੀ ਕੀਤੀ।