ਵਿਜੀਲੈਂਸ ਦੇ ‘ਭੱਥੇ’ ‘ਚ ਮਨਪ੍ਰੀਤ ਬਾਦਲ ਖਿਲਾਫ਼ ਕਾਨੂੰਨੀ ਤੀਰਾਂ ਦਾ ਖਜ਼ਾਨਾ
ਅਸ਼ੋਕ ਵਰਮਾ,ਬਠਿੰਡਾ,25 ਸਤੰਬਰ2023
ਕੀ ਬਠਿੰਡਾ ਵਿਕਾਸ ਅਥਾਰਟੀ ਦੇ ਦੋ ਪਲਾਟ ਖਰੀਦਣ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਕੋਲ ਭਾਜਪਾ ਆਗੂ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਅਹਿਮ ਸਬੂਤ ਹਨ ? ਵਿਜੀਲੈਂਸ ਵੱਲੋਂ ਦਰਜ ਐਫ਼ਆਈਆਰ ਦੀ ਇਬਾਰਤ ਤੇ ਝਾਤੀ ਮਾਰੀਏ ਤਾਂ ਇਹ ਸਹੀ ਜਾਪਦਾ ਹੈ। ਵਿਜੀਲੈਂਸ ਨੇ ਹੁਣ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸ਼ਕ ਤੇ ਬਿਕਰਮਜੀਤ ਸਿੰਘ ਸ਼ੇਰਗਿੱਲ , ਪੰਕਜ ਕਾਲੀਆ ਅਸਟੇਟ ਅਫ਼ਸਰ ਗਲਾਡਾ ਲੁਧਿਆਣਾ ,ਰਾਜੀਵ ਕੁਮਾਰ , ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਲਾਲ ਸਿੰਘ ਬਸਤੀ ਖਿਲਾਫ ਕੇਸ ਦਰਜ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਟੀਮਾਂ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰ ਰਹੀਆਂ ਹਨ।
ਜਾਣਕਾਰੀ ਅਨੁਸਾਰ ਵਿਜੀਲੈਂਸ ਹੱਥ ਕੁੱਝ ਤਕਨੀਕੀ ਨੁਕਤੇ ਲੱਗੇ ਹਨ, ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਇਹਨਾਂ ਦੋਵਾਂ ਪਲਾਟਾਂ ਦੇ ਮਾਮਲੇ ਵਿੱਚ ਸਰਕਾਰੀ ਖਜਾਨੇ ਨੂੰ 65 ਲੱਖ ਰੁਪਏ ਤੋਂ ਵੱਧ ਦਾ ਰਗੜਾ ਲੱਗਾ ਹੈ। ਇਹੋ ਕਾਰਨ ਹੈ ਕਿ ਜਾਂਚ ਕਾਨੂੰਨੀ ਤੌਰ ਮਜਬੂਤ ਨਜ਼ਰ ਆਉਂਦੀ ਹੋਣ ਕਰਕੇ ਵਿਜੀਲੈਂਸ ਨੇ ਕਿਸੇ ਵੇਲੇ ਧੱਕੜ ਮੰਤਰੀ ਮੰਨੇ ਜਾਂਦੇ ਮਨਪ੍ਰੀਤ ਬਾਦਲ ਖਿਲਾਫ ਕਾਰਵਾਈ ਕਰਨ ਵਿੱਚ ਰਤਾ ਵੀ ਢਿੱਲ ਨਹੀਂ ਵਰਤੀ। ਦੱਸਣਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੰਤਰੀ ਹੁੰਦਿਆਂ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਆਪਣੀ ਰਿਹਾਇਸ਼ ਬਣਾਉਣ ਲਈ 1560 ਵਰਗ ਗਜ਼ ਦੇ ਦੋ ਪਲਾਟ ਖਰੀਦੇ ਸਨ। ਇਸ ਖਰੀਦੋ ਫਰੋਖਤ ਦੌਰਾਨ ਬੇਨਿਯਮੀਆਂ ਹੋਣ ਬਾਰੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਸਿੰਗਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਕੁੱਝ ਸਮਾਂ ਤਾਂ ਇਹ ਮਾਮਲਾ ਠੰਢੇ ਬਸਤੇ ਵਿੱਚ ਹੀ ਪਿਆ ਰਿਹਾ। ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਵਿੱਚ ਸੱਤਾ ਤਬਦੀਲੀ ਪਿੱਛੋਂ ਵਿਜ਼ੀਲੈਂਸ ਨੇ ਮਾਮਲੇ ਦੀ ਪੜਤਾਲ ਵਿੱਚ ਤੇਜ਼ੀ ਲੈ ਆਂਦੀ ਸੀ। ਜਾਂਚ ਦੌਰਾਨ ਵਿਜੀਲੈਂਸ ਦੇ ਹੱਥ ਕਈ ਸਬੂਤ ਲੱਗੇ ਹਨ , ਜਿਨ੍ਹਾਂ ਦੇ ਅਧਾਰ ਤੇ ਭ੍ਰਿਸ਼ਟਾਚਾਰ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਹੈ । ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਨੂੰ ਕਿਸੇ ਵੀ ਵੇਲੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਵੇਰਵਿਆਂ ਅਨੁਸਾਰ ਵਿਜੀਲੈਂਸ ਜਾਂਚ ’ਚ ਬਠਿੰਡਾ ਵਿਕਾਸ ਅਥਾਰਿਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਭੂਮਿਕਾ ਕਥਿਤ ਮਿਲੀਭੁਗਤ ਵਾਲੀ ਪਾਈ ਗਈ ਹੈ । ਜਾਂਚ ਮੁਤਾਬਕ ਸ਼ੇਰਗਿੱਲ ਨੇ ਸਾਬਕਾ ਮੰਤਰੀ ਨੂੰ ਅਸਿੱਧੇ ਤਰੀਕੇ ਨਾਲ 1560 ਵਰਗ ਗਜ਼ ਦੇ ਦੋ ਪਲਾਂਟ ਦੇਣ ਵਿੱਚ ਆਪਣੇ ਅਹੁਦੇ ਦੀ ਕਥਿਤ ਦੁਰਵਰਤੋਂ ਕੀਤੀ ਹੈ।
ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਦੌਰਾਨ ਦੋ ਰਿਹਾਇਸ਼ੀ ਪਲਾਟ ਰਾਜੀਵ ਕੁਮਾਰ ਅਤੇ ਵਿਕਾਸ ਕੁਮਾਰ ਤੋਂ ਖ਼ਰੀਦੇ ਸਨ। ਜਿਨ੍ਹਾਂ ਨੇ ਬੀਡੀਏ ਤੋਂ ਪਲਾਟ ਖ਼ਰੀਦਣ ਲਈ 27 ਸਤੰਬਰ 2021 ਨੂੰ ਆਨਲਾਈਨ ਬੋਲੀ ਦਿੱਤੀ ਸੀ। ਬੋਲੀ ਵਿੱਚ ਅਮਨਦੀਪ ਸਿੰਘ ਨਾਂ ਦੇ ਤੀਜੇ ਵਿਅਕਤੀ ਨੇ ਵੀ ਸ਼ਮੂਲੀਅਤ ਕੀਤੀ ਸੀ । ਬੋਲੀਕਾਰਾਂ ਨੇ ਇੱਕੋ ਜਿਹੇ ਕੰਪਿਊਟਰ ਤੋਂ ਬੋਲੀ ਦਿੱਤੀ । ਜਿਸ ਦਾ ਪਤਾ ਇੱਕ ਹੀ ਆਈਪੀ ਅਡਰੈਸ ਹੋਣ ਤੋਂ ਲੱਗਿਆ ਹੈ । ਰਾਜੀਵ ਤੇ ਵਿਕਾਸ ਵੱਲੋਂ ਬੋਲੀ ਵਿੱਚ ਸ਼ਾਮਲ ਹੋਣ ਲਈ ਐਡਵਾਂਸ ਰਾਸ਼ੀ ਦੇ ਚਲਾਨ ਅਤੇ ਅਸਟਾਮ ਵੀ ਇੱਕੋ ਹੀ ਸੀਰੀਅਲ ਨੰਬਰ ਵਾਲੇ ਹਨ ਅਤੇ ਦੋਵਾਂ ਦੇ ਗਵਾਹ ਵੀ ਇੱਕੋ ਹੀ ਸਨ । ਬੋਲੀ ਦੌਰਾਨ ਆਨਲਾਈਨ ਅਪਲੋਡ ਕੀਤੇ ਨਕਸ਼ੇ ’ਤੇ ਪਲਾਟਾਂ ਦੇ ਨੰਬਰ ਹੀ ਨਹੀਂ ਸਨ। ਪਲਾਟ ਨੰਬਰ 725 ਦੇ ਕਾਰਨਰ ਅਤੇ ਸਾਈਜ਼ ਸੰਬੰਧੀ ਵੀ ਤੱਥ ਛੁਪਾਏ ਗਏ ਹਨ।
ਜਾਣਕਾਰੀ ਅਨੁਸਾਰ ਬੋਲੀ ਫਾਈਨਲ ਹੋਣ ਪਿੱਛੋਂ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ 30 ਸਤੰਬਰ 2021 ਨੂੰ ਰਾਜੀਵ ਤੇ ਵਿਕਾਸ ਨਾਲ ਦੋਵੇਂ ਪਲਾਟ ਖ਼ਰੀਦਣ ਦਾ ਐਗਰੀਮੈਂਟ ਕਰ ਲਿਆ । ਦੋਵਾਂ ਦੇ ਖਾਤਿਆਂ ਵਿੱਚ ਕਾਫੀ ਮੋਟੀ ਰਾਸ਼ੀ ਵੀ ਟਰਾਂਸਫ਼ਰ ਕਰ ਦਿੱਤੀ ਸੀ । ਖਾਤਿਆਂ ‘ਚ ਪੈਸੇ ਆਉਣ ਮਗਰੋਂ 5 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੇ ਬੀਡੀਏ ਕੋਲ ਪਹਿਲੀ ਕਿਸ਼ਤ ਦੀ 25 ਫ਼ੀਸਦੀ ਰਾਸ਼ੀ ਜਮ੍ਹਾਂ ਕਰਾ ਦਿੱਤੀ ਸੀ । ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਵੱਲੋਂ ਟਰਾਂਸਫ਼ਰ ਕੀਤੀ ਰਾਸ਼ੀ ਹੀ ਅੱਗੇ ਵਿਕਾਸ ਤੇ ਰਾਜੀਵ ਨੇ ਬਠਿੰਡਾ ਵਿਕਾਸ ਅਥਾਰਿਟੀ ਕੋਲ ਜਮ੍ਹਾਂ ਕਰਾਈ ਹੈ । ਜਾਂਚ ‘ਚ ਇਹ ਵੀ ਪਤਾ ਲੱਗਿਆ ਹੈ ਕਿ ਰਾਜੀਵ ਅਤੇ ਵਿਕਾਸ , ਬਠਿੰਡਾ ਵਿਕਾਸ ਅਥਾਰਟੀ ਵੱਲੋਂ ਪੱਤਰ ਜਾਰੀ ਕਰਨ ਪਿੱਛੋਂ 8 ਅਕਤੂਬਰ ਨੂੰ ਪਲਾਟਾਂ ਦੇ ਮਾਲਕ ਬਣੇ ਸਨ।
ਦੂਜੇ ਪਾਸੇ ਮਨਪ੍ਰੀਤ ਬਾਦਲ ਨੇ ਰਾਜੀਵ ਤੇ ਵਿਕਾਸ ਦੇ ਮਾਲਕ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਨਾਲ ਇਨ੍ਹਾਂ ਪਲਾਟਾਂ ਦਾ ਐਗਰੀਮੈਂਟ ਵੀ ਕਰ ਲਿਆ ਸੀ । ਜਾਂਚ ਦੌਰਾਨ ਆਨਲਾਈਨ ਬੋਲੀ ਵਿੱਚ ਵਰਤੇ ਡਿਜ਼ੀਟਲ ਦਸਤਖ਼ਤ ਵੀ ਸ਼ੱਕ ਦੇ ਘੇਰੇ ਵਿੱਚ ਆਏ ਹਨ । ਬੀਡੀਏ ਦੀ ਜਿਸ ਮਹਿਲਾ ਅਧਿਕਾਰੀ ਦੀ ਕਰੀਬ ਨੌ ਮਹੀਨੇ ਪਹਿਲਾਂ ਬਦਲੀ ਹੋ ਗਈ ਸੀ । ਉਸ ਦੇ ਡਿਜ਼ੀਟਲ ਦਸਤਖ਼ਤ ਬਿਨਾਂ ਕਿਸੇ ਪ੍ਰਵਾਨਗੀ ਤੋਂ ਵਰਤੇ ਗਏ ਹਨ । ਜਦੋਂ ਕਿ ਕਿਸੇ ਵੀ ਅਧਿਕਾਰੀ ਦੀ ਬਦਲਣ ਮਗਰੋਂ ਡਿਜ਼ੀਟਲ ਦਸਤਖ਼ਤ ਐਕਸਪਾਇਰ ਹੋ ਜਾਂਦੇ ਹਨ । ਪੜਤਾਲ ਦੌਰਾਨ ਅਜਿਹੇ ਤੱਥ ਸਾਹਮਣੇ ਆਉਣ ਕਰਕੇ ਵੀ ਪਲਾਟ ਲਈ ਦਿੱਤੀ ਗਈ , ਬੋਲੀ ਨਿਯਮਾਂ ਦੇ ਉਲਟ ਮੰਨੀ ਗਈ ਹੈ । ਅਜਿਹੇ ਕਈ ਕਿਸਮ ਦੇ ਤੱਥਾਂ ਤੋਂ ਵਿਜੀਲੈਂਸ ਨੇ ਪੜਤਾਲ ਦੌਰਾਨ ਸਿੱਟਾ ਕੱਢਿਆ ਗਿਆ ਹੈ ਕਿ ਪਲਾਟਾਂ ਦੇ ਮਾਮਲੇ ਵਿੱਚ ਸਭ ਕੁੱਝ ਮਿਲ ਮਿਲਾ ਕੇ ਹੀ ਚੱਲ ਰਿਹਾ ਸੀ।
ਵਿਜੀਲੈਂਸ ਬਿਊਰੋ ਨੇ ਐੱਫ ਆਈ ਆਰ ਵਿੱਚ ਹੋਰ ਵੀ ਕਾਫੀ ਵੇਰਵੇ ਦਿੱਤੇ ਗਏ ਹਨ । ਜਿਨ੍ਹਾਂ ਤੋਂ ਜ਼ਾਹਰ ਹੈ ਕਿ ਪਲਾਟਾਂ ਦੀ ਖਰੀਦੋ ਫਰੋਖਤ ਵੇਲੇ ਸਰਕਾਰੀ ਕਾਇਦੇ ਕਨੂੰਨਾਂ ਨੂੰ ਤਾਕ ਤੇ ਰੱਖਿਆ ਗਿਆ ਹੈ। ਜਾਂਚ ਦੌਰਾਨ ਵਿਜੀਲੈਂਸ ਨੇ ਖੁਲਾਸਾ ਕੀਤਾ ਹੈ ਕਿ ਇਸ ਕਥਿਤ ਮਿਲੀ ਭੁਗਤ ਕਾਰਨ ਸਰਕਾਰੀ ਖਜ਼ਾਨੇ ਨੂੰ 65 ਲੱਖ 21 ਹਜ਼ਾਰ 5 ਸੌ ਰੁਪਏ ਦਾ ਰਗੜਾ ਲੱਗਿਆ ਹੈ । ਦੱਸਣਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨਪ੍ਰੀਤ ਬਾਦਲ ਆਹਮੋ-ਸਾਹਮਣੇ ਹੋ ਗਏ ਸਨ। ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਉੱਤੇ ਸਿਆਸੀ ਰੰਜਿਸ਼ ਤਹਿਤ ਕਾਰਵਾਈ ਕਰਨ ਦੇ ਦੋਸ਼ ਲਗਾਏ ਸਨ । ਮਨਪ੍ਰੀਤ ਬਾਦਲ ਨੇ ਵਿਜੀਲੈਂਸ ਤੋਂ ਨਾ ਡਰਨ ਦੀ ਗੱਲ ਵੀ ਆਖੀ ਸੀ । ਪਰੰਤੂ ਹੁਣ ਉਨ੍ਹਾਂ ਕੇਸ ਦਰਜ਼ ਹੋਣ ਤੋਂ ਪਹਿਲਾਂ ਹੀ ਗ੍ਰਿਫਤਾਰੀ ਤੋਂ ਬਚਾਓ ਲਈ, ਮਾਨਯੋਗ ਅਦਾਲਤ ਤੋਂ ਅਗਾਓਂ ਜਮਾਨਤ ਲਈ ਅਰਜੀ ਵੀ ਦਾਇਰ ਕਰ ਰੱਖੀ ਹੈ। ਜ਼ਿਕਰਯੋਗ ਇਹ ਵੀ ਹੈ ਕਿ ਪਲਾਟ ਖਰੀਦਣ ਪਿੱਛੋਂ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮਨਪ੍ਰੀਤ ਬਾਦਲ ਦੀ ਨਵੀਂ ਰਿਹਾਇਸ਼ (ਵਿਵਾਦਿਤ ਪਲਾਟਾਂ) ਦੀ ਨੀਂਹ ਵਿਚ ਇੱਟ ਰੱਖ ਕੇ ਮਹੂਰਤ ਕੀਤਾ ਸੀ।