ਇੱਕ ਔਰਤ ਸਣੇ 2 ਜਣਿਆਂ ‘ਤੇ ਦਰਜ਼ ਹੋਇਆ ਪਰਚਾ, ਦੋਵੇਂ ਦੋਸ਼ੀ ਕਾਬੂ
ਹਰਿੰਦਰ ਨਿੱਕਾ , ਬਰਨਾਲਾ 25 ਸਤੰਬਰ 2023
ਜਿਲ੍ਹੇ ਅੰਦਰ ਕ੍ਰਾਈਮ ਇੱਨ੍ਹਾਂ ਵੱਧ ਗਿਆ ਕਿ ਘਰਾਂ / ਦੁਕਾਨਾਂ ਅਤੇ ਰਾਹਾਂ ‘ਚ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ‘ਤੇ ਪੁਲਿਸ ਅਧਿਕਾਰੀ ਥਾਣਿਆਂ ਅੰਦਰ ਅਸੁਰੱਖਿਅਤ ਹੋ ਗਏ ਹਨ । ਜੀ ਹਾਂ ! ਉਪਰੋਥਲੀ ਬਰਨਾਲਾ ਸ਼ਹਿਰ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਦੋ-ਚੌਂਹ ਦਿਨਾਂ ਅੰਦਰ ਵਾਪਰੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੇ ਲੋਕਾਂ ਦੇ ਮਨਾਂ ਵਿੱਚ ਖੌਫ ਪੈਦਾ ਕਰ ਦਿੱਤਾ ਹੈ। ਉੱਧਰ ਥਾਣਾ ਟੱਲੇਵਾਲ ਅੰਦਰ ਦੋ ਧਿਰਾਂ ਦੀ ਸੁਣਵਾਈ ਕਰਦੇ ਇੱਕ ਸਹਾਇਕ ਥਾਣੇਦਾਰ ਨਾਲ ਇੱਕ ਵਿਅਕਤੀ ਹੱਥੋਪਾਈ ਹੋ ਗਿਆ। ਇੱਥੇ ਹੀ ਬੱਸ ਨਹੀਂ, ਇੱਕ ਲੜਕੀ ਵੀ ਉਸੇ ਥਾਣੇਦਾਰ ਨੂੰ ਕੁੱਟਣ ਲਈ ਜਾ ਚੁੰਬੜੀ। ਪੁਲਿਸ ਨੇ ਦੋਵਾਂ ਜਣਿਆਂ ਖਿਲਾਫ ਸਰਕਾਰੀ ਡਿਊਟੀ ‘ਚ ਅੜਿੱਕਾ ਪਾਉਣ ਦੇ ਜ਼ੁਰਮ ਤਹਿਤ ਕੇਸ ਦਰਜ ਕਰਕੇ,ਉਨ੍ਹਾਂ ਨੂੰ ਗਿਰਫਤਾਰ ਵੀ ਕਰ ਲਿਆ।
ਪੁਲਿਸ ਥਾਣਾ ਟੱਲੇਵਾਲ ਵਿਖੇ ਤਾਇਨਾਤ ਏ.ਐਸ.ਆਈ. ਜਗਦੇਵ ਸਿੰਘ ਵੱਲੋਂ ਦਰਜ ਪਰਚੇ ਵਿੱਚ ਕਿਹਾ ਗਿਆ ਹੈ ਕਿ ਗੋਰਾ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਭੋਤਨਾ ਵੱਲੋਂ ਲਵਪ੍ਰੀਤ ਖਾਨ ਉਰਫ ਲਵੀ ਖਾਨ ਪੁੱਤਰ ਨਾਇਬ ਖਾਨ ਵਾਸੀ ਘੁੰਨਸ ਰੋਡ, ਤਪਾ ਵਗੈਰਾ ਦੇ ਖਿਲਾਫ ਇੱਕ ਸ਼ਕਾਇਤ ਦਿੱਤੀ ਗਈ ਸੀ। ਸ਼ਕਾਇਤ ਦੀ ਪੜਤਾਲ ਦੇ ਸਬੰਧ ਵਿੱਚ ਸ਼ਕਾਇਤਕਰਤਾ ਗੋਰਾ ਸਿੰਘ ਪੁੱਤਰ ਮਾੜਾ ਸਿੰਘ, ਜਸਵਿੰਦਰ ਸਿੰਘ ਪੁੱਤਰ ਗੋਰਾ ਸਿੰਘ, ਭਗਵੰਤ ਸਿੰਘ ਪੁੱਤਰ ਨਛੱਤਰ ਸਿੰਘ, ਹਰਦੀਪ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਅਜੈਬ ਸਿੰਘ ਵਾਸੀਆਨ ਭੋਤਨਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਕੰਤ ਸਿੰਘ ਵਾਸੀ ਉੱਗੋਕੇ ਵਗੈਰਾ ਅਤੇ ਲਵਪ੍ਰੀਤ ਖਾਨ ਉਰਫ ਲਵੀ ਖਾਨ ਸਮੇਤ ਅਮਨਦੀਪ ਕੌਰ ਪੁੱਤਰੀ ਗੋਰਾ ਸਿੰਘ ਵਾਸੀ ਭੋਤਨਾ ਨੂੰ ਥਾਣਾ ਵਿਖੇ ਪਹੁੰਚੇ ਸਨ।
ਪੜਤਾਲ ਦੀ ਸੁਣਵਾਈ ਮੁਦਈ ਮੁਕੱਦਮਾਂ ਏ.ਐਸ.ਆਈ. ਜਗਦੇਵ ਸਿੰਘ ਬਾ-ਵਰਦੀ ਸਮੇਤ ਮਹਿਲਾ ਹੋਲਦਾਰ ਨਵਦੀਪ ਕੌਰ ਥਾਣਾ ਟੱਲੇਵਾਲ, ਪਤਵੰਤੇ ਪੁਰਸ਼ਾਂ ਦੀ ਹਾਜਰੀ ਵਿੱਚ ਦੋਵਾਂ ਧਿਰਾ ਦੀ ਗੱਲਬਾਤ ਸੁਣ ਰਹੇ ਸੀ। ਚਲ ਰਹੀ ਗੱਲਬਾਤ ਦਰਮਿਆਨ ਹੀ ਦੋਨੇ ਧਿਰਾਂ ਆਪਸ ਵਿੱਚ ਉੱਚੀ ਅਵਾਜ ਵਿੱਚ ਬਹਿਸ ਕਰਨ ਲੱਗ ਪਈਆਂ । ਤਕਰਾਰਬਾਜੀ ਨੂੰ ਰੋਕਣ ਤੇ ਲਵਪ੍ਰੀਤ ਖਾਨ ਉਰਫ ਲਵੀ ਖਾਨ , ਏ.ਐਸ.ਆਈ. ਜਗਦੇਵ ਸਿੰਘ ਨਾਲ ਹੱਥੋਪਾਈ ਹੋ ਗਿਆ ਅਤੇ ਧੱਕੇ ਮਾਰਨ ਲੱਗ ਪਿਆ । ਨਾਲ ਦੀ ਨਾਲ ਹੀ ਅਮਨਦੀਪ ਕੌਰ ਪੁੱਤਰੀ ਗੋਰਾ ਸਿੰਘ ਵਾਸੀ ਭੋਤਨਾ ਵੀ ਮੁਦਈ ਮੁਕੱਦਮਾਂ ਨੂੰ ਕੁੱਟਣ ਲਈ ਚਿੰਬੜ ਗਈ।
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਦਲਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਜਗਦੇਵ ਸਿੰਘ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਲਵਪ੍ਰੀਤ ਖਾਨ ਉਰਫ ਲਵੀ ਵਾਸੀ ਘੁੰਨਸ ਰੋਡ ਤਪਾ ਅਤੇ ਅਮਨਦੀਪ ਕੌਰ ਪੁੱਤਰੀ ਗੋਰਾ ਸਿੰਘ ਵਾਸੀ ਭੋਤਨਾ ਦੇ ਵਿਰੁੱਧ ਅਧੀਨ ਜ਼ੁਰਮ 186/353 ਆਈ.ਪੀ.ਸੀ. ਤਹਿਤ ਥਾਣਾ ਟੱਲੇਵਾਲ ਵਿਖੇ ਕੇਸ ਦਰਜ ਕਰਕੇ,ਦੋਵਾਂ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।