ਹਰਪ੍ਰੀਤ ਕੌਰ ਬਬਲੀ, ਸੰਗਰੂਰ, 07 ਸਤੰਬਰ 2023
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਵਿਦਿਆਰਥੀ ਜਥੇਬੰਦੀ ਸੱਥ ਦੀ ਆਗੂ ਰਨਮੀਕਜੋਤ ਕੌਰ ਦੇ ਮੀਤ ਪ੍ਰਧਾਨ ਚੁਣੇ ਜਾਣ ‘ਤੇ ਸੱਥ ਦੀ ਸਮੁੱਚੀ ਟੀਮ ਨੂੰ ਮੁਬਾਰਕਵਾਦ ਦਿੱਤੀ ਹੈ | ਸ. ਮਾਨ ਨੇ ਪਾਰਟੀ ਦੇ ਸੰਗਰੂਰ ਦਫਤਰ ਰਾਹੀਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ‘ਤੇ ਚੱਲਣ ਵਾਲੀ ਵਿਦਿਆਰਥੀ ਜਥੇਬੰਦੀ ਸੱਥ ਦੀ ਉਮੀਦਵਾਰ ਰਨਮੀਕਜੋਤ ਕੌਰ ਨੇ ਜਿੱਤ ਦਰਜ ਕਰਕੇ ਮੀਤ ਪ੍ਰਧਾਨ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ | ਸ. ਮਾਨ ਨੇ ਕਿਹਾ ਕਿ ਮੈਨੂੰ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੂੰ ਵਿਦਿਆਰਥੀ ਆਗੂ ਰਨਮੀਕਜੋਤ ਕੌਰ ਅਤੇ ਟੀਮ ‘ਤੇ ਪੂਰਾ ਮਾਣ ਹੈ | ਵਿਦਿਆਰਥੀ ਜਥੇਬੰਦੀ ਸੱਥ ਹੁਣ ਹੋਰ ਵੀ ਵੱਧ ਮਜਬੂਤ ਇਰਾਦੇ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰੇਗੀ | ਵਿਦਿਆਰਥੀਆਂ, ਅਧਿਆਪਕਾਂ ਅਤੇ ਸਿੱਖਿਆ ਦੇ ਸਿਧਾਂਤਕ ਹੱਕ ਅਤੇ ਅਧਿਕਾਰਾਂ ‘ਤੇ ਹਮੇਸ਼ਾ ਡੱਟ ਕੇ ਪਹਿਰਾ ਦੇਵੇਗੀ | ਐਮ.ਪੀ. ਸ. ਮਾਨ ਨੇ ਕਿਹਾ ਕਿ ਅਸੀਂ ਸੰਘਰਸ਼ਾਂ ਰਾਹੀਂ ਹੀ ਕਾਮਯਾਬ ਹੁੰਦੇ ਹਾਂ | ਸੱਥ ਨੇ ਸਭ ਨੂੰ ਜਿੱਤ ਲਿਆ ਹੈ | ਜਿਵੇਂ ਡੇਵਿਡ ਨੇ ਗੋਲਿਅਥ ਨੂੰ ਹਰਾਇਆ ਸੀ ਅਤੇ ਭਗਤ ਪ੍ਰਹਿਲਾਦ ਨੇ ਹਰਨਾਖਸ਼ ਨੂੰ ਹਰਾਇਆ ਸੀ | ਹੁਣ ਕੈਮਬਿ੍ਜ ਅਤੇ ਆਕਸਫੋਰਡ ਯੂਨੀਵਰਸਿਟੀਆਂ ਵਿੱਚ ਦਾਖਲ ਹੋਣਾ ਅਗਲਾ ਕਦਮ ਹੋਵੇਗਾ | ਇੱਥੇ ਵਰਨਣਯੋਗ ਹੈ ਕਿ ਮੀਤ ਪ੍ਰਧਾਨ ਦੇ ਅਹੁਦੇ ‘ਤੇ ਸੱਥ ਵੱਲੋਂ ਉਮੀਦਵਾਰ ਰਨਮੀਕਜੋਤ ਕੌਰ ਨੇ 4084 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ |