ਹਰਪ੍ਰੀਤ ਕੌਰ ਬਬਲੀ, ਸੰਗਰੂਰ, 04 ਸਤੰਬਰ 2023
ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ ਅਤੇ ਸੂਬਾ ਵਰਕਿੰਗ ਕਮੇਟੀ ਮੈਂਬਰ ਵਾਸਵੀਰ ਸਿੰਘ ਭੁੱਲਰ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਕੱਚੇ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਮੁੱਖ ਮੰਤਰੀ ਨਿਵਾਸ ਅੱਗੇ ਹੋਈਆਂ ਤਿੱਖੀਆਂ ਝੜੱਪਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਪੰਜਾਬ ਦੇ ਬੇਕਾਬੂ ਹੋ ਰਹੇ ਹਾਲਾਤਾਂ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ |
ਪਾਰਟੀ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸ. ਭਸੌੜ ਨੇ ਕਿਹਾ ਕਿ ਆਪਣੇ ਹੱਕਾਂ ਦੀ ਪੂਰਤੀ ਲਈ ਸੰਘਰਸ਼ ਕਰਨਾ ਹਰ ਕਿਸੇ ਦਾ ਅਧਿਕਾਰ ਹੈ | ਪੰਜਾਬ ਸਰਕਾਰ ਹੱਕ ਮੰਗਦੇ ਲੋਕਾਂ ਦੀ ਆਵਾਜ ਡੰਡੇ ਨਾਲ ਦਬਾਉਣ ਦੀ ਬਜਾਏ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਵੱਲ ਧਿਆਨ ਦੇਵੇ | ਵਾਅਦੇ ਅਨੁਸਾਰ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਅਤੇ ਬੇਰੁਜਗਾਰਾਂ ਨੂੰ ਰੁਜਗਾਰ ਪ੍ਰਦਾਨ ਕਰਨ ਦੀ ਵਿਉਂਤਬੰਦੀ ਬਣਾਈ ਜਾਵੇ ਅਤੇ ਸੰਘਰਸ਼ ਕਰਦੇ ਲੋਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣ | ਸ. ਭਸੌੜ ਨੇ ਕਿਹਾ ਪੰਜਾਬ ਸਰਕਾਰ ਨੇ ਜੋ ਪੁਲਿਸ ਫੋਰਸ ਸੰਘਰਸ਼ਸ਼ੀਲ ਲੋਕਾਂ ਦੀ ਆਵਾਜ ਦਬਾਉਣ ਲਈ ਲਗਾ ਰੱਖੀ ਹੈ, ਉਸ ਨੂੰ ਜੇਕਰ ਪੰਜਾਬ ਵਿੱਚ ਬਿਗੜੀ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਵਿੱਚ ਲਗਾ ਦਿੱਤਾ ਜਾਵੇ ਤਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ ਕਾਫੀ ਸੁਧਾਰ ਹੋ ਸਕਦਾ ਹੈ |
ਉਨ੍ਹਾਂ ਪੰਜਾਬ ਵਿੱਚ ਮੁਲਾਜ਼ਮਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ ਕਰਨ ਤੋਂ ਰੋਕਣ ਲਈ ਐਸਮਾ ਲਾਗੂ ਕਰਨ ਦੀ ਵੀ ਨਿਖੇਧੀ ਕੀਤੀ | ਸ. ਭਸੌੜ ਨੇ ਕਿਹਾ ਕਿ ਐਸਮਾ ਲਾਗੂ ਕਰਕੇ ਪੰਜਾਬ ਸਰਕਾਰ ਸਿਰਫ ਪਟਵਾਰੀਆਂ ਦੀ ਆਵਾਜ ਦਬਾਉਣਾ ਨਹੀਂ, ਚਾਹੁੰਦੀ ਸਗੋਂ ਸੰਘਰਸ਼ ਕਰਨ ਦੇ ਹੱਕ ਖੋਹਣ ਦਾ ਰਾਹ ਪੱਧਰਾ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹੱਕ ਮੰਗਦੇ ਲੋਕਾਂ ‘ਤੇ ਪੁਲਿਸ ਦਾ ਤਸਦੱਦ ਕਰਨ ਦੀ ਬਜਾਏ ਉਨ੍ਹਾਂ ਦੀ ਗੱਲ ਸੁਨਣੀ ਚਾਹੀਦੀ ਹੈ | ਪੰਜਾਬ ਸਰਕਾਰ ਨੇ ਜਿਨ੍ਹਾਂ ਪੈਸਾ ਝੂਠੀ ਵਾਹਵਾਹੀ ਹਾਸਲ ਕਰਨ ਲਈ ਇਸ਼ਤਿਹਾਰਬਾਜੀ ‘ਤੇ ਖਰਚ ਕੀਤਾ ਹੈ, ਉਹਨੇ ਪੈਸੇ ਨਾਲ ਸੂਬੇ ਦੇ ਵੱਡੀ ਗਿਣਤੀ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਸਕਦਾ ਸੀ | ਇਸ ਮੌਕੇ ਦਫਤਰ ਇੰਚਾਰਜ ਕੁਲਵੰਤ ਸਿੰਘ ਲੱਡੀ ਵੀ ਉਨ੍ਹਾਂ ਨਾਲ ਹਾਜਰ ਸਨ |