ਡਿਸਪੋਜਲ ਵਰਕਰ ਦੀ ਸਮੱਰਥਾ ਵਿਚ ਹੋ ਰਿਹਾ ਹੈ ਵਾਧਾ
ਬਰਸਾਤਾਂ ਵਿਚ ਨਹੀਂ ਆਵੇਗੀ ਦਿੱਕਤ
ਵਿੱਤ ਮੰਤਰੀ ਵੱਲੋਂ ਬਠਿੰਡੇ ਦੇ ਵਿਕਾਸ ਪ੍ਰੋਜੈਕਟਾਂ ਦਾ ਮੌਕੇ ਤੇ ਜਾ ਕੇ ਮੁਆਇਨਾ
ਅਸ਼ੋਕ ਵਰਮਾ ਬਠਿੰਡਾ, 2 ਜੂਨ 2020
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਵਿਚ ਚੱਲ ਰਹੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਮੌਕੇ ਤੇ ਜਾ ਕੇ ਮੁਆਇਨਾ ਕੀਤਾ ਅਤੇ ਸਬੰਧਤ ਏਂਜਸੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਇੰਨਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਕੇ ਇਹ ਪ੍ਰੋਜੈਕਟ ਹਲਕੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ।
ਕੌਮੀ ਰਾਜ ਮਾਰਗ ਨੰਬਰ 7 ਨੂੰ ਡੱਬਵਾਲੀ ਮਾਨਸਾ ਰੋਡ ਨਾਲ ਆਈਟੀਆਈ ਚੌਕ ਤੱਕ ਜੋੜਨ ਵਾਲੀ ਰਿੰਗ ਰੋਡ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਵਿੱਤ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਸੜਕ ਦਾ ਕੰਮ ਅਗਲੇ 4 ਮਹੀਨਿਆਂ ਵਿਚ ਮੁਕੰਮਲ ਕੀਤਾ ਜਾਵੇ। ਉਨਾਂ ਨੇ ਇਸ ਮੌਕੇ ਬਿਜਲੀ ਨਿਗਮ ਨੂੰ ਤੁਰੰਤ ਖੰਭੇ ਹਟਾਉਣ ਲਈ ਕਿਹਾ। ਇਹ 4.72 ਕਿਲੋਮੀਟਰ ਲੰਬੀ ਸੜਕ ਬਣਨ ਨਾਲ ਸ਼ਹਿਰ ਵਿਚ ਟੈ੍ਰਫਿਕ ਦੀ ਸਮੱਸਿਆ ਘਟੇਗੀ। ਇਹ ਚਾਰ ਲੇਨ ਸੜਕ ਬਣੇਗੀ ਅਤੇ ਇਸ ਦੀ ਖੁਬਸੁਰਤੀ ਇਹ ਹੈ ਕਿ ਇਸ ਨੂੰ ਬਣਾਉਣ ਸਮੇਂ ਇਸ ਤਰਾਂ ਡਿਜਾਇਨ ਕੀਤਾ ਗਿਆ ਹੈ ਕਿ ਪਹਿਲਾਂ ਤੋਂ ਲੱਗੇ ਦਰੱਖਤਾਂ ਦੀ ਹਰੀ ਪੱਟੀ ਨੂੰ ਕੋਈ ਨੁਕਸਾਨ ਨਾ ਪੁੱਜੇ। ਇਸ ਦੇ ਨਿਰਮਾਣ ਤੇ 95 ਕਰੋੜ ਰੁਪਏ ਦਾ ਖਰਚ ਆਵੇਗਾ। ਉਨਾਂ ਸਪੱਸ਼ਟ ਕੀਤਾ ਕਿ ਇਸ ਰੋਡ ਤੇ ਇਕ ਰੇਲਵੇ ਅੰਡਰ ਬਿ੍ਰਜ ਵੀ ਬਣਨਾ ਹੈ ਜਿਸ ਦਾ ਨਿਰਮਾਣ ਰੇਲਵੇ ਵੱਲੋਂ ਕੀਤਾ ਜਾਣਾ ਹੈ, ਇਸ ਲਈ ਉਕਤ ਰੇਲਵੇ ਅੰਡਰ ਬਿ੍ਰਜ ਤੋਂ ਬਿਨਾਂ ਬਾਕੀ ਸਾਰੀ ਸੜਕ 4 ਮਹੀਨੇ ਵਿਚ ਮੁਕੰਮਲ ਹੋ ਜਾਵੇਗੀ। ਉਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਰੇਲਵੇ ਅੰਡਰ ਬਿ੍ਰਜ ਸਬੰਧੀ ਰੇਲਵੇ ਨਾਲ ਤਾਲਮੇਲ ਕਰਕੇ ਉਸਦਾ ਕੰਮ ਵੀ ਛੇਤੀ ਸ਼ੁਰੂ ਕਰਨ ਲਈ ਰੇਲਵੇ ਨਾਲ ਰਾਬਤਾ ਕੀਤਾ ਜਾਵੇ।
ਇਸੇ ਤਰਾਂ ਵਿੱਤ ਮੰਤਰੀ ਨੇ ਸ਼ਹਿਰ ਤੋਂ ਪਾਣੀ ਦੀ ਨਿਕਾਸੀ ਲਈ ਬਣੇ ਡਿਸਪੋਜਲ ਵਰਕਸ ਦਾ ਵੀ ਦੌਰਾ ਕੀਤਾ। ਇੱਥੇ ਉਨਾਂ ਨੇ ਦੱਸਿਆ ਕਿ ਇਸ ਡਿਸਪੋਜਲ ਵਰਕਸ ਦੀ ਸਮੱਰਥਾ ਵਾਧੇ ਦਾ ਕੰਮ ਚੱਲ ਰਿਹਾ ਹੈ। ਉਨਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਕੰਮ ਬਰਸਾਤਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੂਰਾ ਕੀਤਾ ਜਾਵੇ। ਇੱਥੇ 35 ਸਾਲ ਪੁਰਾਣੀਆਂ ਮੋਟਰਾਂ ਬਦਲ ਨਵੀਂਆਂ ਮੋਟਰਾਂ ਅਤੇ ਪੰਪ ਲਗਾਏ ਜਾ ਰਹੇ ਹਨ ਤਾਂ ਜੋ ਬਰਸਾਤ ਦੇ ਪਾਣੀ ਦੀ ਤੇਜੀ ਨਾਲ ਨਿਕਾਸੀ ਹੋ ਜਾਵੇ। ਇਸੇ ਤਰਾਂ ਇੱਥੇ ਇਕ ਹੋਰ ਜਨਰੇਟਰ ਦਾ ਪ੍ਰਬੰਧ ਕਰਨ ਲਈ ਵੀ ਵਿੱਤ ਮੰਤਰੀ ਨੇ ਹੁਕਮ ਕੀਤੇ।
ਸ: ਮਨਪ੍ਰੀਤ ਸਿੰਘ ਬਾਦਲ ਨੇ ਸਬਜੀ ਮੰਡੀ ਵਿਚ ਬਣ ਰਹੀ ਫੜੀ ਮਾਰਕਿਟ ਦਾ ਵੀ ਦੌਰਾ ਕੀਤਾ ਅਤੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ। ਉਨਾਂ ਦੱਸਿਆ ਕਿ ਇੱਥੇ 150 ਲੱਖ ਰੁਪਏ ਦੀ ਲਾਗਤ ਨਾਲ 320 ਫੜੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕੰਮ 30 ਜੂਨ ਤੱਕ ਮੁਕੰਮਲ ਹੋ ਜਾਵੇਗਾ। ਇਸੇ ਤਰਾਂ ਥੋਕ ਸਬਜੀ ਮੰਡੀ ਵਿਚ ਭੀੜ ਘਟਾਉਣ ਲਈ ਬਦਲਵੇਂ ਪ੍ਰਬੰਧ ਕਰਨ ਤੇ ਵੀ ਵਿਚਾਰ ਕੀਤੀ ਗਈ। ਇਸ ਤੋਂ ਬਿਨਾਂ ਉਨਾਂ ਨੇ ਵਾਲਮਿਕੀ ਭਵਨ ਦੇ ਨਿਰਮਾਣ ਲਈ ਸਥਾਨ ਦੀ ਚੋਣ ਲਈ ਵੀ ਵੱਖ ਵੱਖ ਥਾਂਵਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਸ਼ਹਿਰ ਵਿਚ ਇਕ ਸ਼ਾਨਦਾਰ ਵਾਲਮਿਕੀ ਭਵਨ ਬਣਾਇਆ ਜਾਵੇਗਾ। ਇਸ ਤੋਂ ਬਿਨਾਂ ਮਾਲ ਰੋਡ ਦੇ ਸਰਕਾਰੀ ਸਕੂਲ ਦੀ ਨਵੀਂ ਇਮਾਰਤ ਬਣਾਉਣ ਸਬੰਧੀ ਵੀ ਉਨਾਂ ਨੇ ਅਧਿਕਾਰੀਆਂ ਨਾਲ ਚਰਚਾ ਕੀਤੀ।
ਇਸ ਮੌਕੇ ਉਨਾਂ ਨਾਲ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਬਿਕਰਜੀਤ ਸਿੰਘ ਸ਼ੇਰਗਿੱਲ, ਸ੍ਰੀ ਜੈਜੀਤ ਸਿੰਘ ਜੌਹਲ, ਕਾਰਜਕਾਰੀ ਇੰਜਨੀਅਰ ਮੰਡੀ ਬੋਰਡ ਸ੍ਰੀ ਵਿਪਨ ਖੰਨਾ, ਕਾਰਜਕਾਰੀ ਇੰਨਜੀਅਰ ਲੋਕ ਨਿਰਮਾਣ ਸ੍ਰੀ ਨੀਰਜ ਭੰਡਾਰੀ, ਸ੍ਰੀ ਅਰੁਣ ਵਧਾਵਨ, ਸ੍ਰੀ ਪਵਨ ਮਾਨੀ, ਸ੍ਰੀ ਅਸੋਕ ਪ੍ਰਧਾਨ, ਆਦਿ ਵੀ ਹਾਜਰ ਸਨ।