ਹਰਪ੍ਰੀਤ ਕੋਰ ਬਬਲੀ, ਸੰਗਰੂਰ, 11 ਅਗਸਤ 2023
ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਹੀ ਹਨ, ਜੋ ਸਿੱਖ ਕੌਮ ਨਾਲ ਹੋਣ ਵਾਲੀਆਂ ਬੇਇਨਸਾਫੀਆਂ ਦੀ ਆਵਾਜ ਨੂੰ ਕੌਮੀ ਪੱਧਰ ‘ਤੇ ਉਠਾ ਸਕਦੇ ਹਨ ਅਤੇ ਪੂਰੀ ਨਿਡਰਤਾ ਨਾਲ ਉਠਾ ਵੀ ਰਹੇ ਹਨ | ਬੀਤੇ ਦਿਨੀਂ ਸੰਸਦ ਵਿੱਚ ਉਨ੍ਹਾਂ ਵੱਲੋਂ ਬੇਕਸੂਰ ਸਿੱਖ ਆਗੂਆਂ ਦੇ ਕਤਲੇਆਮ ਵਿਰੁੱਧ ਉਠਾਈ ਗਈ ਆਵਾਜ ਸਦਕੇ ਹੀ ਭਾਰਤ ਸਰਕਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸੰਬੰਧੀ ਜਵਾਬ ਦੇਣ ਲਈ ਮਜਬੂਰ ਹੋਣਾ ਪਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੇ ਸੰਗਰੂਰ ਵਿਖੇ ਪਾਰਟੀ ਆਗੂਆਂ ਨਾਲ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ |
ਸ. ਸੰਧੂ ਨੇ ਦੱਸਿਆ ਕਿ ਲੋਕ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਜਦੋਂ ਕਾਂਗਰਸ ਵੱਲੋਂ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ ਤਾਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸਮਾਂ ਨਾ ਗਵਾਉਂਦਿਆਂ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕੀਤੀ | ਸਾਂਸਦ ਮਾਨ ਵੱਲੋਂ ਪੰਜਾਬ ਦੇ ਬੇਕਸੂਰ ਮਾਰੇ ਗਏ ਨੌਜਵਾਨਾਂ ਦਾ ਮੁੱਦਾ ਚੁੱਕਿਆ ਗਿਆ | ਸਾਂਸਦ ਮਾਨ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਅਤੇ ਮਰਹੂਮ ਅਦਾਕਾਰ ਤੇ ਸਮਾਜਿਕ ਕਾਰਕੁੰਨ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੇ ਮਾਮਲੇ ਵਿੱਚ ਵੀ ਜਾਂਚ ਦਾ ਮੁੱਦਾ ਉਠਾਇਆ | ਇਸ ਤੋਂ ਇਲਾਵਾ ਸ. ਮਾਨ ਨੇ ਸਿੱਖਾਂ ਉੱਪਰ ਹੋਏ ਵੱਖ-ਵੱਖ ਹਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਸਿਰਫ ਪੰਜਾਬ ਵਿੱਚ ਹੀ ਨਹੀਂ, ਸਗੋਂ ਬਾਹਰਲੇ ਮੁਲਕਾਂ ਵਿਚ ਵੀ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਰਵਾਇਆ ਜਾ ਰਿਹਾ ਹੈ, ਜੋਕਿ ਘੱਟ ਗਿਣਤੀਆਂ ਨਾਲ ਸ਼ਰੇਆਮ ਧੱਕਾ ਹੈ | ਸਾਂਸਦ ਮਾਨ ਨੇ ਦੱਸਿਆ ਕਿ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ, ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵਾੜਾ, ਯੂ.ਕੇ. ਵਿੱਚ ਅਵਤਾਰ ਸਿੰਘ ਖੰਡਾ, ਰਿਪੂਦਮਨ ਸਿੰਘ ਮਲਿਕ ਨੂੰ ਸਿੱਖ ਵਿਰੋਧੀ ਤਾਕਤਾਂ ਵੱਲੋਂ ਟਾਰਗੇਟ ਕਰਕੇ ਮਾਰਿਆ ਗਿਆ ਹੈ | ਉਨ੍ਹਾਂ ਨੇ ਮਨੀਪੁਰ ਵਿੱਚ ਈਸਾਈ ਭਾਈਚਾਰੇ ਨਾਲ ਸਬੰਧਤ ਚਰਚਾਂ ਨੂੰ ਸਾੜਣ ਦਾ ਵੀ ਤਿੱਖਾ ਵਿਰੋਧ ਕੀਤਾ |
ਸ. ਸੰਧੂ ਨੇ ਦੱਸਿਆ ਕਿ ਇਹ ਐਮ.ਪੀ. ਸਿਮਰਨਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ ਕਿ ਭਾਰਤ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸੰਬੰਧੀ ਸੰਸਦ ਵਿੱਚ ਜਵਾਬ ਦੇਣ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਆਪਣੇ ਭਾਸ਼ਣ ਰਾਹੀਂ ਦੱਸਿਆ ਕਿ ਸਿੱਧੂ ਕਤਲ ਕੇਸ ਦੇ ਮੁੱਖ ਦੋਸ਼ੀ ਸਚਿਨ ਬਿਸ਼ਨੋਈ ਨੂੰ ਗਿ੍ਫਤਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਐਮ.ਪੀ. ਸ. ਮਾਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸੰਬੰਧੀ ਸਰਕਾਰ ਨੂੰ ਬੋਲਣ ਲਈ ਮਜਬੂਰ ਕੀਤਾ ਹੈ | ਜਿਸ ਕਾਰਨ ਜਿੱਥੇ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਆਪਣੇ ਐਮ.ਪੀ. ਉੱਪਰ ਮਾਣ ਮਹਿਸੂਸ ਕਰ ਰਹੇ ਹਨ, ਉੱਥੇ ਹੀ ਪੂਰੇ ਪੰਜਾਬ ਦੇ ਲੋਕਾਂ ਵਿੱਚ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ |
ਸ. ਸੰਧੂ ਨੇ ਕਿਹਾ ਕਿ ਐਮ.ਪੀ. ਸਿਮਰਨਜੀਤ ਸਿੰਘ ਮਾਨ ਸਿੱਖ ਕੌਮ ਦੇ ਆਗੂ ਹੋਣ ਦਾ ਆਪਣਾ ਫਰਜ ਪੂਰੀ ਦਿ੍ੜਤਾ ਨਾਲ ਨਿਭਾ ਰਹੇ ਹਨ | ਸਿੱਖ ਕੌਮ ਅਤੇ ਘੱਟ ਗਿਣਤੀ ਵਰਗਾਂ ਨਾਲ ਹੋਣ ਵਾਲੀਆਂ ਵਧੀਕੀਆਂ ਨੂੰ ਰੋਕਣ ਲਈ ਐਮ.ਪੀ. ਸ. ਮਾਨ ਦਾ ਸਾਥ ਦੇਣਾ ਸਮੇਂ ਦੀ ਅਹਿਮ ਲੋੜ ਹੈ |