ਬੇਅੰਤ ਬਾਜਵਾ, ਲੁਧਿਆਣ,11 ਅਗਸਤ 2023
ਭਾਸ਼ਾ ਵਿਭਾਗ ਪੰਜਾਬ ਤੋਂ 2014 ਵਿੱਚ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਸਨਮਾਨਿਤ ਨਾਮਵਰ ਕਵੀ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀਆਂ ਹੁਣ ਤੱਕ ਛਪੀਆਂ 16 ਕਾਵਿ ਪੁਸਤਕਾਂ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਵਿਚ ਪੁੱਜ ਗਈਆਂ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਕਿਤਾਬਾਂ ਪੰਜਾਬੀ ਕਵੀ ਤੇ ਵਿਧਾਨ ਸਭਾ ਦੇ ਸੀਨੀਅਰ ਰੀਪੋਰਟਰ ਹਰਪ੍ਰੀਤ ਸਿੰਘ ਸਵੈਚ ਰਾਹੀਂ ਪ੍ਰਾਪਤ ਕੀਤੀਆਂ। ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਹਾਜ਼ਰ ਸਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਸਃ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਨ੍ਹਾਂ ਕਿਤਾਬਾਂ ਨਾਲ ਵਿਧਾਨ ਸਭਾ ਦੀ ਲਾਇਬ੍ਰੇਰੀ ਹੋਰ ਅਮੀਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਪੰਜਾਬੀ ਸਾਹਿਤ ਨੂੰ ਬਹੁਤ ਪਿਆਰ ਕਰਦੇ ਅਤੇ ਕਿਤਾਬਾਂ ਪੜ੍ਹਦੇ ਰਹਿੰਦੇ ਹਨ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪ੍ਰੋ. ਗੁਰਭਜਨ ਗਿੱਲ ਦੇ ਪਾਠਕ ਹਨ ਅਤੇ ਨਿਜੀ ਸੰਪਰਕ ਵਿੱਚ ਹਨ। ਹੁਣ ਉਨ੍ਹਾਂ ਦੀਆਂ ਇਨ੍ਹਾਂ ਸਾਰੀਆਂ ਕਿਤਾਬਾਂ ਨੂੰ ਲਾਇਬ੍ਰੇਰੀ ਵਿਚ ਵੇਖਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਤੋਂ ਪੰਜਾਬ ਦੇ ਸਮੂਹ ਵਿਧਾਨਕਾਰ ਤੇ ਸਬੰਧਿਤ ਸਟਾਫ ਲਾਭ ਉਠਾ ਸਕੇਗਾ।
ਪ੍ਰੋ. ਗਿੱਲ ਨੇ ਆਪਣੇ ਸ਼ਬਦ ਸੁਨੇਹੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀਆਂ ਕਿਤਾਬਾਂ ਉਸ ਥਾਂ ਪੁੱਜ ਗਈਆਂ ਹਨ ਜਿੱਥੇ ਸਾਰੇ ਪੰਜਾਬ ਅਤੇ ਪੰਜਾਬੀਆਂ ਦੀ ਨੁਮਾਇੰਦਗੀ ਕਰਦੀਆਂ ਰੋਸ਼ਨ ਦਿਮਾਗਾਂ ਵਾਲੀਆਂ ਹਸਤੀਆਂ ਬੈਠਦੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਚੰਗਾ ਲੱਗੇਗਾ ਜੇਕਰ ਸਾਰੇ ਵਿਧਾਇਕ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਪੜ੍ਹਕੇ ਬਾਕੀ ਵਤਨੀਆਂ ਲਈ ਮਿਸਾਲ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਹੁਣ ਸਾਰੀ ਦੁਨੀਆਂ ਵਿਚ ਲਾਈਵ ਚੱਲਦੀ ਹੈ ਅਤੇ ਵਿਧਾਇਕਾਂ ਵੱਲੋਂ ਬੋਲੇ ਸ਼ਬਦਾਂ ਨੂੰ ਲੋਕੀਂ ਗੰਭੀਰਤਾ ਨਾਲ ਲੈਂਦੇ ਹਨ, ਇਸ ਲਈ ਚੰਗੇ ਸ਼ਬਦਾਂ ਦੀ ਚੋਣ ਲਈ ਕਿਤਾਬਾਂ ਹੀ ਉੱਤਮ ਦੋਸਤ ਹਨ।
ਜ਼ਿਕਰਯੋਗ ਹੈ ਕਿ ਪ੍ਰੋ. ਗੁਰਭਜਨ ਗਿੱਲ ਤੋਂ ਇਲਾਵਾ ਉੱਘੇ ਕਵੀਆਂ ਸੰਤ ਰਾਮ ਉਦਾਸੀ, ਸੁਰਜੀਤ ਪਾਤਰ, ਬਾਬਾ ਨਜਮੀ ਤੇ ਬੂਟਾ ਸਿੰਘ ਚੌਹਾਨ ਦੇ ਸ਼ੇਅਰ ਮੁੱਖ ਮੰਤਰੀ ਪੰਜਾਬ ਸਃ ਭਗਵੰਤ ਸਿੰਘ ਮਾਨ ਪਹਿਲਾਂ ਪਾਰਲੀਮੈਂਟ ਵਿੱਚ ਤੇ ਹੁਣ ਅਕਸਰ ਆਪਣੇ ਭਾਸ਼ਣਾਂ ਅਤੇ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਬੋਲਦੇ ਹਨ। ਵਿਧਾਨ ਸਭਾ ਦੀ ਲਾਇਬ੍ਰੇਰੀ ਲਈ ਦਿੱਤੀਆਂ ਗਈਆਂ ਕਿਤਾਬਾਂ ‘ਚ ਗੁਰਭਜਨ ਗਿੱਲ ਦੀਆਂ ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ), ਸੁਰਖ਼ ਸਮੁੰਦਰ (ਕਾਵਿ ਸੰਗ੍ਰਹਿ), ਦੋ ਹਰਫ਼ ਰਸੀਦੀ (ਗ਼ਜ਼ਲ ਸੰਗ੍ਰਹਿ), ਅਗਨ ਕਥਾ (ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲ ਸੰਗ੍ਰਹਿ), ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਤੇ ਪੰਜਾਬੀਅਤ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲ ਸੰਗ੍ਰਹਿ), ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲ ਸੰਗ੍ਰਹਿ), ਗੁਲਨਾਰ (ਗ਼ਜ਼ਲ ਸੰਗ੍ਰਹਿ), ਮਿਰਗਾਵਲੀ (ਗ਼ਜ਼ਲ ਸੰਗ੍ਰਹਿ), ਰਾਵੀ (ਗ਼ਜ਼ਲ ਸੰਗ੍ਰਹਿ), ਸੁਰਤਾਲ (ਗ਼ਜ਼ਲ ਸੰਗ੍ਰਹਿ), ਚਰਖ਼ੜੀ (ਕਵਿਤਾਵਾਂ), ਪਿੱਪਲ ਪੱਤੀਆਂ (ਗੀਤ ਸੰਗ੍ਰਹਿ) ਅਤੇ ਜਲ ਕਣ (ਰੁਬਾਈਆਂ) ਕਾਵਿ ਪੁਸਤਕਾਂ ਸ਼ਾਮਲ ਹਨ।