ਹਰਿੰਦਰ ਨਿੱਕਾ , ਪਟਿਆਲਾ 01 ਅਗਸਤ 2023
ਥਾਣਾ ਸਦਰ ਰਾਜਪੁਰਾ ਦੇ ਇਲਾਕੇ ‘ਚੋਂ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ,ਇੱਕ ਟਰੱਕ ਵਿੱਚੋਂ ਗਊਆਂ ਦਾ ਮਾਸ ਬਰਾਮਦ ਕੀਤਾ ਹੈ। ਪੁਲਿਸ ਨੇ ਦੋ ਨਾਮਜਦ ਦੋਸ਼ੀਆਂ ਨੂੰ ਟਰੱਕ ਸਣੇ ਗ੍ਰਿਫਤਾਰ ਕਰਕੇ,ਉਨ੍ਹਾਂ ਖਿਲਾਫ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੂੰ ਟਰੱਕ ਵਿੱਚ ਗਊਆਂ ਦਾ ਮਾਸ ਲੈ ਕੇ ਜਾਣ ਦੀ ਸੂਚਨਾ ਗਊ ਰਕਸ਼ਾ ਦਲ ਪੰਜਾਬ ਦੇ ਸੈਕਟਰੀ ਨੇ ਦਿੱਤੀ ਸੀ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਵਿੰਦਰ ਕੁਮਾਰ ਪੁੱਤਰ ਸਰੇਸ਼ ਕੁਮਾਰ ਵਾਸੀ ਰੋਸ਼ਨ ਕਲੋਨੀ ਰਾਜਪੁਰਾ ਨੇ ਦੱਸਿਆ ਕਿ ਮੁਦਈ ਗਊ ਰਕਸ਼ਾ ਦਲ ਪੰਜਾਬ ਦਾ ਸੈਕਟਰੀ ਹੈ। ਉਸ ਨੂੰ ਇਤਲਾਹ ਮਿਲੀ ਕਿ ਦੋਸ਼ੀ ਆਪਣੇ ਟਰੱਕ ਨੰ. J K- 04E – 9683 ਵਿੱਚ ਵਿੱਚ ਗਊਆਂ ਮਾਰ ਕੇ ,ਉਨ੍ਹਾਂ ਦਾ ਮਾਸ ਲੋਡ ਕਰਕੇ ਲੈ ਕੇ ਜਾ ਰਹੇ ਹਨ। ਸੂਚਨਾ ਭਰੋਸੇਯੋਗ ਹੋਣ ਕਰਕੇ, ਥਾਣਾ ਸਦਰ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋ ਬਸੰਤਪੁਰਾ ਪਾਸ ਨਾਕਾਬੰਦੀ ਕਰਕੇ, ਉਕਤ ਟਰੱਕ ਨੂੰ ਰੋਕਿਆ ਗਿਆ। ਦੌਰਾਨ ਏ ਤਲਾਸ਼ੀ ਪੁਲਿਸ ਟੀਮ ਨੂੰ ਟਰੱਕ ਵਿੱਚੋਂ ਗਊਆਂ ਦਾ ਮਾਸ ਬਰਾਮਦ ਹੋਇਆ। ਟਰੱਕ ਸਵਾਰ ਦੋ ਵਿਅਕਤੀਆਂ ਦੀ ਪਛਾਣ ਇਮਤਿਆਜ ਅਹਿਮਦ ਪੁੱਤਰ ਗੁਲਾਮ ਹਸਨ ਅਤੇ ਅਬਦੁਲ ਰਹਿਮਾਨ ਪੁੱਤਰ ਸਰੀਫ ਦੋਵੇਂ ਵਾਸੀ ਪਿੰਡ ਕਲਸ ,ਥਾਣਾ ਕੇਰਨ ਜਿਲ੍ਹਾ ਕੁਪਵਾੜਾ ਕਸ਼ਮੀਰ ਦੇ ਤੌਰ ਤੇ ਹੋਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਪੁਲਿਸ ਨੇ ਰਵਿੰਦਰ ਕੁਮਾਰ ਰਾਜਪੁਰਾ ਦੇ ਬਿਆਨ ਪਰ, ਇਮਤਿਆਜ ਅਹਿਮਦ ਅਤੇ ਅਬਦੁਲ ਰਹਿਮਾਨ ਦੇ ਖਿਲਾਫ ਅਧੀਨ ਜੁਰਮ 429/295-A IPC ਅਤੇ Sec 5,8 Cow Slaughter Act ਤਹਿਤ ਐਫ.ਆਈ.ਆਰ. ਦਰਜ਼ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।