ਜੇ.ਐਸ . ਚਹਿਲ, ਬਰਨਾਲਾ 01 ਅਗਸਤ 2023
ਬੀਤੇ ਸਮੇਂ ਦੌਰਾਨ ਲੰਡਨ ਵਿਖੇ ਭਾਰਤੀ ਦੂਤਘਰ ਅੱਗੇ ਰੋਸ ਪ੍ਰਦਰਸਨ ਦੌਰਾਨ ਸਾੜੇ ਗਏ ਭਾਰਤੀ ਝੰਡੇ ਦੀ ਅੱਗ ਦਾ ਸੇਕ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਤੱਕ ਪਹੁੰਚ ਗਿਆ। ਇਸ ਸੰਬੰਧ ਵਿੱਚ ਐਨ ਆਈ ਏ ਦੀ ਟੀਮ ਵਲੋਂ ਸਥਾਨਕ ਪੁਲਿਸ ਅਫਸਰਾਂ ਦੀ ਮੌਜੂਦਗੀ ਵਿੱਚ ਸੰਬੰਧਿਤ ਪਰਿਵਾਰ ਤੋਂ ਲਗਭਗ ਪੰਜ ਘੰਟਿਆਂ ਤੱਕ ਪੁੱਛਗਿੱਛ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਰੋਸ਼ ਵਿੱਚ ਇੰਗਲੈਂਡ ਦੀ ਸਿੱਖ ਸੰਗਤ ਵਲੋਂ ਬੀਤੀ ਕਰੀਬ 19 ਮਾਰਚ ਨੂੰ ਲੰਡਨ ਵਿਖੇ ਭਾਰਤੀ ਦੂਤਾਵਾਸ ਅੱਗੇ ਰੋਸ਼ ਮੁਜ਼ਾਹਰਾ ਕਰਦਿਆਂ ਭਾਰਤੀ ਕੌਮੀ ਝੰਡੇ ਦਾ ਅਪਮਾਣ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹਰਕਤ ਵਿੱਚ ਆਈਆਂ ਭਾਰਤੀ ਏਜੰਸੀਆਂ ਵਲੋਂ ਇਸ ਰੋਸ਼ ਸਮਾਗਮ ਵਿੱਚ ਕਥਿਤ ਤੌਰ ਸ਼ਾਮਿਲ ਭਾਰਤੀ ਲੋਕਾਂ ਦੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਉਹਨਾ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸੇ ਸੰਬੰਧ ਵਿੱਚ ਐਨ ਆਈ ਏ ਦੀ ਟੀਮ ਵਲੋਂ ਮਾਨਸਾ -ਬਰਨਾਲਾ ਜ਼ਿਲ੍ਹੇ ਦੀ ਹੱਦ ਤੇ ਪੈਂਦੇ ਬਰਨਾਲਾ ਦੇ ਆਖ਼ਰੀ ਪਿੰਡ ਪੰਧੇਰ ਵਿਖੇ ਭੋਲਾ ਸਿੰਘ ਦੇ ਪਰਿਵਾਰ ਤੋਂ ਲਗਭਗ ਪੰਜ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਭੋਲਾ ਸਿੰਘ ਦਾ ਲੜਕਾ ਸੁਰਿੰਦਰ ਸਿੰਘ ਹੈਪੀ ਬੀਤੇ ਕਰੀਬ 12 ਸਾਲ ਤੋਂ ਇੰਗਲੈਂਡ ਵਿਖੇ ਰਹਿ ਰਿਹਾ ਹੈ ਅਤੇ ਉਹ ਇੰਗਲੈਂਡ ਦਾ ਪੱਕਾ ਵਸਨੀਕ ਹੈ ਅਤੇ 19 ਮਾਰਚ ਨੂੰ ਲੰਡਨ ਵਿਖੇ ਹੋਏ ਰੋਸ਼ ਪ੍ਰਦਰਸਨ ਦੌਰਾਨ ਸੁਰਿੰਦਰ ਸਿੰਘ ਹੈਪੀ ਦੇ ਇਸ ਰੋਸ਼ ਪ੍ਰਦਰਸਨ ਵਿੱਚ ਹੋਣ ਬਾਰੇ ਕਿਹਾ ਜਾ ਰਿਹਾ ਹੈ। ਭਾਰਤੀ ਜਾਂਚ ਏਜੰਸੀ ਐਨ ਆਈ ਏ ਵਲੋਂ ਸਵੇਰੇ ਕਰੀਬ 6 ਵਜੇ ਪਿੰਡ ਪੰਧੇਰ ਵਿਖੇ ਪਹੁੰਚ ਕੇ 11 ਵਜੇ ਤੱਕ ਜਿੱਥੇ ਸੁਰਿੰਦਰ ਸਿੰਘ ਹੈਪੀ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਉੱਥੇ ਹੀ ਉਹਨਾ ਪਰਿਵਾਰ ਜਰੀਏ ਇੰਗਲੈਂਡ ਰਹਿੰਦੇ ਸੁਰਿੰਦਰ ਸਿੰਘ ਹੈਪੀ ਨਾਲ ਵੀ ਫੋਨ ਤੇ ਗੱਲਬਾਤ ਕੀਤੀ।