ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 1 ਅਗਸਤ 2023
ਜ਼ਿਲ੍ਹਾ ਫਾਜ਼ਿਲਕਾ ਵਿੱਚ ਦਰਿਆ ਸਤਲੁਜ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ/ਇਲਾਕਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ, ਸਿਹਤ ਸੰਭਾਲ, ਪਸ਼ੂ ਸੰਭਾਲ ਅਤੇ ਸਪੈਸਲ ਗਿਰਦਾਵਰੀਆਂ ਸਬੰਧੀ ਰੀਵਿਊ ਮੀਟਿੰਗ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਵਨੀਤ ਕੌਰ ਅਤੇ ਐੱਸ.ਡੀ.ਐੱਮ. ਸ੍ਰੀ. ਨਿਕਾਸ ਖੀਂਚੜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ ਦੀ ਰਿਪੋਰਟ ਅਨੁਸਾਰ ਹੁਸੈਨੀਵਾਲਾ ਹੈੱਡ ਵਰਕਸ ਤੋਂ 68015 ਕਿਊਸਿਕ ਪਾਣੀ ਆ ਰਿਹਾ ਹੈ ਜੋ ਕਿ ਪਹਿਲਾ ਨਾਲੋਂ ਕਾਫੀ ਘੱਟ ਹੈ ਤੇ ਅਗਲੇ ਕੁੱਝ ਦਿਨਾਂ ਵਿੱਚ ਪਾਣੀ ਦਾ ਪੱਧਰ ਹੋਰ ਘਟਣ ਦੀ ਉਮੀਦ ਹੈ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਤੋਂ ਪਸ਼ੂਆਂ ਲਈ ਚਾਰੇ, ਫੀਡ,ਖੜ੍ਹੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਫਲੂ ਰੋਗ, ਚਮੜੀ ਰੋਗਾਂ ਆਦਿ ਅਤੇ ਪਸ਼ੂਆਂ ਦੇ ਇਲਾਜ ਸਮੇਤ ਵੱਖ-ਵੱਖ ਰਾਹਤ ਕਾਰਜਾਂ ਦੀ ਜਾਣਕਾਰੀ ਲਈ ਅਤੇ ਸਮੀਖਿਆ ਕੀਤੀ।
ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸਪੈਸਲ ਗਿਰਦਾਵਰੀ ਦਾ ਕੰਮ 15 ਅਗਸਤ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਪਿੰਡ ਮੌਜਮ ਅਤੇ ਤੇਜਾ ਰੁਹੇਲਾ ਨਜ਼ਦੀਕ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਡਰੇਨਜ਼ ਵਿਭਾਗ ਨੂੰ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਾਣੀ ਘਟਣ ਉਪਰੰਤ ਲਿੰਕ ਸੜਕਾਂ ਦੀ ਰਿਪੇਅਰ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਅਤੇ ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਨੁਕਸਾਨ ਪੁੱਜਾ ਹੈ ਉਸਦਾ ਮੁਆਵਜ਼ਾ ਜਲਦੀ ਤੋਂ ਜਲਦੀ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖੇਤਾਂ ਵਿੱਚ ਪਾਣੀ ਸੁੱਕਣ ਉਪਰੰਤ ਕਿਸਾਨਾਂ ਨੂੰ ਝੋਨੇ/ਬਾਸਮਤੀ ਦੀ ਪਨੀਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਹੜ੍ਹ ਰਾਹਤ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ, ਕਰਮਚਾਰੀਆਂ ਦੇ ਕੰਮਾਂ ਦੀ ਸਰਾਹਨਾ ਕੀਤੀ ਤੇ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਸਮਰਪਿਤ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣ।