ਕੰਨਾਂ ਦੇ ਕਾਂਟੇ ਤੇ ਮੱਥੇ ਵਾਲਾ ਟਿੱਕਾ ਖੋਹ ਕੇ ਦੋਸ਼ੀ ਹੋਏ ਫਰਾਰ ,
ਥਾਣੇ ਪਹੁੰਚਿਆ ਪੀੜਤ ਪਰਿਵਾਰ
ਹਰਿੰਦਰ ਨਿੱਕਾ ਬਰਨਾਲਾ 31 ਮਈ 2020
ਆਪਣੇ ਪਤੀ ਨਾਲ ਮੋਟਰ ਸਾਈਕਲ ਤੇ ਸਵਾਰ ਹੋ ਕੇ ਜਾ ਰਹੀ ਇੱਕ ਔਰਤ ਨੂੰ ਪੰਜ ਜਣਿਆਂ ਨੇ ਘੇਰ ਕੇ ਕੰਨਾਂ ਦੇ ਕਾਂਟੇ ਤੇ ਮੱਥੇ ਵਾਲਾ ਟਿੱਕਾ ਖੋਹ ਲਿਆ। ਵਿਰੋਧ ਕਰਨ ਤੇ ਦੋਸ਼ੀਆਂ ਨੇ ਹਲਵਾਈਆਂ ਵਾਲੇ ਖੁਰਚਣੇ ਨਾਲ ਪਰਿਵਾਰ ਨੂੰ ਡਰਾਇਆ ਅਤੇ ਹੱਥੋ-ਪਾਈ ਕਰਕੇ ਕੁੱਟਮਾਰ ਵੀ ਕੀਤੀ , ਇਨ੍ਹਾਂ ਹੀ ਨਹੀਂ ਇੱਕ ਔਰਤ ਦੇ ਕਪੜੇ ਵੀ ਫਾੜ ਦਿੱਤੇ। ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਕੌਰ ਦੇ ਪਤੀ ਬੀਰਬਲ ਸਿੰਘ ਨਿਵਾਸੀ ਛਾਜਲਾ ਨੇ ਦੱਸਿਆ ਕਿ ਉਹ 29 ਮਈ ਦੀ ਬਾਅਦ ਦੁਪਹਿਰ ਕਰੀਬ 3 ਕੁ ਵਜੇ ਆਪਣੇ ਨਾਨਕੇ ਘਰ ਪਿੰਡ ਕੋਟਦੁੱਨਾ ਤੋਂ ਮੋਟਰ ਸਾਈਕਲ ਤੇ ਪਰਿਵਾਰ ਦੇ ਹੋਰ ਮੈਂਬਰਾਂ ਸਣੇ ਜਾ ਰਿਹਾ ਸੀ।
ਜਦੋਂ ਉਹ ਕੋਟਦੁੱਨਾਂ ਤੋਂ ਰਜਵਾਹੇ ਵਾਲੇ ਪਾਸਿਉਂ ਸਾਹੋਕੇ ਵੱਲ ਜਾ ਰਹੇ ਸੀ ਤਾਂ, ਪਹਿਲਾਂ ਤੋਂ ਝਾੜ ਮਲਿਆਂ ਚ, ਛੁਪ ਕੇ ਬੈਠੇ ਕੋਟਦੁੱਨਾਂ ਦੇ ਹੀ ਰਹਿਣ ਵਾਲੇ ਸੋਨੀ ਸਿੰਘ ਤੇ ਉਸਦੇ ਚਾਰ ਹੋਰ ਅਣਪਛਾਤੇ ਸਾਥੀਆਂ ਨੇ ਮੇਰੀ ਮਾਸੀ ਦੇ ਮੁੰਡੇ ਅਮਨਦੀਪ ਸਿੰਘ ਨੂੰ ਘੇਰ ਕੇ ਉਸਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਰੌਲਾ ਪਾਉਣ ਤੇ ਮੈਂ ਵੀ ਪਿੱਛੇ ਮੁੜ ਕੇ ਘਟਨਾ ਵਾਲੀ ਥਾਂ ਤੇ ਆਪਣੀ ਪਤਨੀ ਅਤੇ ਬੱਚਿਆਂ ਸਣੇ ਪਹੁੰਚ ਗਿਆ। ਸੋਨੀ ਅਤੇ ਉਸਦੇ ਸਾਥੀਆਂ ਨੇ ਸਾਡੇ ਨਾਲ ਹੱਥੋਪਾਈ ਕਰਕੇ ਸੋਨੇ ਦੇ ਗਹਿਣੇ, ਜਿਨ੍ਹਾਂ ਚ, ਕੰਨਾਂ ਦੇ ਕਾਂਟੇ ਅਤੇ ਮੱਥੇ ਵਾਲਾ ਟਿੱਕਾ ਸ਼ਾਮਿਲ ਹੈ, ਲੁੱਟ ਲਏ ਅਤੇ ਵਿਰੋਧ ਕਰਨ ਤੇ ਦੋਸ਼ੀਆਂ ਨੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਅਤੇ ਮਾਸੀ ਮਹਿੰਦਰ ਕੌਰ ਦੇ ਕੱਪੜੇ ਵੀ ਫਾੜ ਦਿੱਤੇ। ਸਾਰੇ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਮੋਟਰ ਸਾਈਕਲ ਫਰਾਰ ਹੋ ਗਏ। ਬੀਰਬਲ ਸਿੰਘ ਨੇ ਦੱਸਿਆ ਕਿ ਉਹ ਸਾਰੇ ਵਾਰਦਾਤ ਵਾਲੀ ਥਾਂ ਤੋਂ ਸਿੱਧਾ ਧਨੌਲਾ ਥਾਣੇ ਪਹੁੰਚ ਗਏ। ਪਰੰਤੂ ਪੁਲਿਸ ਵਾਲਿਆਂ ਨੇ ਦੋਸ਼ੀਆਂ ਦੀ ਤਲਾਸ਼ ਜਾਂ ਤੁਰੰਤ ਕੋਈ ਕਾਰਵਾਈ ਕਰਨ ਦੀ ਬਜਾਏ, ਹਸਪਤਾਲ ਦਾਖਿਲ ਹੋਣ ਲਈ ਭੇਜ਼ ਦਿੱਤਾ।
3 ਦੋਸ਼ੀ ਗਿਰਫਤਾਰ , ਹੋਰਾਂ ਦੀ ਤਲਾਸ਼ ਜਾਰੀ !
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੋਨੀ ਸਿੰਘ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਪੁੱਛਗਿੱਛ ਲਈ ਪੁਲਿਸ ਨੇ ਹਿਰਾਸਤ ਚ, ਲੈ ਲਿਆ। ਇਹ ਜਾਣਕਾਰੀ ਬੀਰਬਲ ਸਿੰਘ ਨੇ ਬਰਨਾਲਾ ਟੂਡੇ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਫੋਨ ਦੇ ਸੂਚਿਤ ਕਰਕੇ ਥਾਣੇ ਦੋਸ਼ੀਆਂ ਦੀ ਸ਼ਿਨਾਖਤ ਲਈ ਅੱਜ ਬੁਲਾਇਆ ਹੈ।
ਉੱਧਰ ਮਾਮਲ ਦੇ ਤਫਤੀਸ਼ ਅਧਿਕਾਰੀ ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਪੀੜਤਾ ਨਿਰਮਲ ਕੌਰ ਦੇ ਬਿਆਨ ਤੇ ਸੋਨੀ ਸਿੰਘ ਤੇ ਉਸ ਦੇ 4 ਹੋਰ ਸਾਥੀਆਂ ਖਿਲਾਫ ਥਾਣਾ ਧਨੌਲਾ ਵਿਖੇ ਅਧੀਨ ਜੁਰਮ 379 B/ 323 IPC ਦੇ ਤਹਿਤ ਕੇਸ ਦਰਜ਼ ਕਰਕੇ ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ 3 ਦੋਸ਼ੀਆਂ ਨੂੰ ਗਿਰਫਤਾਰ ਕਰਨ ਬਾਰੇ ਪੁੱਛਣ ਤੇ ਕਿਹਾ ਕਿ ਹਾਲੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ, ਪਰੰਤੂ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਜਰੂਰ ਕਰ ਲਿਆ ਜਾਵੇਗਾ।