ਅਸ਼ੋਕ ਵਰਮਾ ਬਠਿੰਡਾ,30 ਮਈ 2020
ਬਠਿੰਡਾ ’ਚ ਅੱਜ ਇੱਕ ਨੌਜਵਾਨ ਦੀ ਭੇਦ ਭਰੇ ਢੰਗ ਨਾਲ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਸ਼ਹਿਰ ਦੀ ਅਨਾਜ ਮੰਡੀ ਵਿੱਚ ਇੱਕ ਨੌਜਵਾਨ ਦੀ ਅੱਧ ਨੰਗੀ ਹਾਲਤ ਵਿੱਚ ਸੜਕ ਤੇ ਪਈ ਅੱਧ ਨੰਗੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ ਇਸ ਨੌਜਵਾਨ ਦੇ ਸਰੀਰ ਅਤੇ ਸਿਰ ‘ਤੇ ਡੂੰਘੇ ਜਖਮ ਸਨ । ਜਿਸ ਤੋਂ ਜਾਪਦਾ ਹੈ ਕਿ ਉਸ ਨੂੰ ਬੁਰੀ ਤਰਾਂ ਕੁੱਟਣ ਮਾਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਇੱਥੇ ਲਿਆ ਕੇ ਸੁੱਟ ਦਿੱਤਾ ਗਿਆ। ਫਿਲਹਾਲ ਮਿ੍ਰਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਅਤੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਪੁਲਿਸ ਡੌਗ ਸਕੁਐਡ ਅਤੇ ਫਿੰਗਰ ਪਿ੍ਰੰਟ ਟੀਮ ਵੀ ਮੌਕੇ ‘ਤੇ ਪਹੁੰਚ ਗਈ ਜਿਸ ਨੇ ਘਟਨਾ ਦਾ ਜਾਇਜਾ ਲੈਣ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸਹਾਰਾ ਜਨ ਸੇਵਾ ਦੇ ਵਰਕਰਾਂ ਦੀ ਮਦਦ ਨਾਲ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਹੈ। ਫਿਲਹਾਲ ਪੁਲਿਸ ਨੇ ਮਿ੍ਰਤਕ ਦੀ ਪਛਾਣ ਕਰਨ ਤੋਂ ਇਲਾਵਾ ਉਸ ਦੀ ਲਾਸ਼ ਸੁੱਟਣ ਵਾਲੇ ਲੋਕਾਂ ਦੀ ਭਾਲ ਸੁਰੂ ਕਰ ਦਿੱਤੀ ਹੈ।
ਪੁਲਿਸ ਘਟਨਾ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ। ਦਰਅਸਲ, ਸ਼ਨੀਵਾਰ ਸਵੇਰੇ ਕਰੀਬ ਛੇ ਵਜੇ, ਸਹਾਰਾ ਜਨਸੇਵਾ ਨੂੰ ਸੂਚਨਾ ਮਿਲੀ ਕਿ ਸਥਾਨਕ ਦਾਣਾ ਮੰਡੀ ਰੋਡ ‘ਤੇ ਇਕ ਨੌਜਵਾਨ ਦੀ ਲਾਸ਼ ਪਈ ਹੈ। ਸੂਚਨਾ ਮਿਲਣ ‘ਤੇ ਸੰਸਥਾ ਦੇ ਵਰਕਰ ਹਰਬੰਸ ਸਿੰਘ, ਮਨੀਕਰਨ ਸ਼ਰਮਾ ਅਤੇ ਰਜਿੰਦਰ ਕੁਮਾਰ ਮੌਕੇ‘ ਤੇ ਪਹੁੰਚੇ ਜਿੰਨ੍ਹਾਂ ਤੁਰੰਤ ਥਾਣਾ ਕੋਤਵਾਲੀ ਪੁਲਿਸ ਅਤੇ ਸਿਵਲ ਹਸਪਤਾਲ ਪੁਲਿਸ ਚੌਕੀ ਨੂੰ ਸੂਚਿਤ ਕੀਤਾ। ਥਾਣਾ ਇੰਚਾਰਜ ਇੰਸਪੈਕਟਰ ਦਵਿੰਦਰ ਸਿੰਘ ਸਮੇਤ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸੁਰੂ ਕਰ ਦਿੱਤੀ। ਮਿ੍ਰਤਕ ਨੌਜਵਾਨ ਨੇ ਦਾੜ੍ਹੀ ਰੱਖੀ ਹੋਈ ਸੀ ਅਤੇ ਉਸਨੇ ਸਿਰਫ ਪੁੱਠੀ ਟੀ-ਸ਼ਰਟ ਪਾਈ ਹੋਈ ਸੀ ਜਦੋਂਕਿ ਨਿੱਕਰ ਲਾਸ਼ ਦੇ ਨਜ਼ਦੀਕ ਹੀ ਪਈ ਸੀ। ਨੌਜਵਾਨ ਦੇ ਸ਼ਰੀਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ, ਜਦੋਂਕਿ ਇੱਕ ਬਾਂਹ ਅਤੇ ਪੱਟ ਟੁੱਟਿਆ ਹੋਇਆ ਸੀ। ਇਸ ਤੋਂ ਇਲਾਵਾ ਸਿਰ ‘ਤੇ ਡੂੰਘੀਆਂ ਸੱਟਾਂ ਵੀ ਲੱਗੀਆਂ ਹਨ।
ਅਜਿਹਾ ਲੱਗਦਾ ਹੈ ਕਿ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਉਸਨੂੰ ਅਣਪਛਾਤੇ ਲੋਕਾਂ ਦੀ ਤਰਫੋਂ ਰਾਹ‘ ਤੇ ਸੁੱਟ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਜਗ੍ਹਾ ‘ਤੇ ਲਾਸ਼ ਨੂੰ ਕਦੋਂ ਸੁੱਟਿਆ ਗਿਆ ਅਤੇ ਕਿਸ ਵਕਤ ਕਤਲ ਕੀਤਾ ਗਿਆ ਹੈ। ਪੁਲਿਸ ਮਾਮਲੇ ਦੇ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਨੌਜਵਾਨ ਕੋਲੋਂ ਅਜਿਹੀ ਕੋਈ ਚੀਜ ਨਹੀਂ ਮਿਲੀ, ਜਿਸ ਤੋਂ ਉਸ ਦੀ ਪਛਾਣ ਹੋ ਸਕੇ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਕਿਹਾ ਕਿ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਇਸ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਥਾਣਾ ਇੰਚਾਰਜ ਇੰਸਪੈਕਟਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਤ ਦਾ ਅਸਲ ਕਾਰਨਾਂ ਦਾ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ।