ਹਰਪ੍ਰੀਤ ਕੌਰ ਬਬਲੀ, ਸੰਗਰੂਰ, 19 ਜੁਲਾਈ 2023
ਨੇੜਲੇ ਪਿੰਡ ਕਾਂਝਲਾ ਦੇ ਨੌਜਵਾਨ ਲੱਖਵਿੰਦਰ ਸਿੰਘ ਉਰਫ ਕਾਕਾ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਮਿ੍ਤਕ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਵੱਲੋਂ ਪੁਲਿਸ ਚੌਂਕੀ ਬਡਰੁੱਖਾਂ ਦੇ ਅੱਗੇ ਲਗਾਏ ਧਰਨੇ ਵਿੱਚ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਪਾਰਟੀ ਦੇ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਤੇ ਜਥੇਦਾਰ ਸ਼ਾਹਬਾਜ ਸਿੰਘ ਡਸਕਾ ਸਮੇਤ ਪਾਰਟੀ ਦੇ ਹੋਰ ਆਗੂਆਂ ਵੱਲੋਂ ਸ਼ਮੂਲੀਅਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਇਨਸਾਫ ਦਿਵਾਉਣ ਲਈ ਹਰ ਸੰਭਵ ਹਮਾਇਤ ਦਾ ਭਰੋਸਾ ਦਿੱਤਾ ਗਿਆ | ਇਸ ਦੌਰਾਨ ਆਗੂਆਂ ਨੇ ਪੁਲਿਸ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਜਾਂਚ ਪੜਤਾਲ ਜਲਦੀ ਤੋਂ ਜਲਦੀ ਕਰਵਾ ਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਿਹਾ |
ਜਥੇਦਾਰ ਰਾਮਪੁਰਾ ਨੇ ਦੱਸਿਆ ਕਿ ਪੁਲਿਸ ਵੱਲੋਂ ਨਜਾਇਜ ਅਸਲੇ ਨਾਲ ਖੁਦਕਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ, ਜਦੋਂਕਿ ਮਿ੍ਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਧਰਨੇ ‘ਤੇ ਬੈਠੇ ਸੈਂਕੜੇ ਲੋਕਾਂ ਦਾ ਮੰਨਣਾ ਹੈ ਕਿ ਲੱਖਵਿੰਦਰ ਸਿੰਘ ਉਰਫ ਕਾਕਾ ਦਾ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕਤਲ ਕੀਤਾ ਗਿਆ ਹੈ ਅਤੇ ਇਸ ਸਾਜਿਸ਼ ਵਿੱਚ ਕਾਂਸਟੇਬਲ ਰਵਿੰਦਰ ਕੌਰ, ਜੋ ਕਿ ਥਾਣਾ ਲੌਂਗੋਵਾਲ ਵਿਖੇ ਤੈਨਾਤ ਹੈ ਅਤੇ ਉੱਚ ਪੁਲਿਸ ਅਧਿਕਾਰੀ ਦਾ ਹੱਥ ਹੈ | ਪਰਿਵਾਰ ਦੇ ਦੱਸਣ ਮੁਤਾਬਿਕ ਲੱਖਵਿੰਦਰ ਸਿੰਘ ਅਤੇ ਕਾਂਸਟੇਬਲ ਰਵਿੰਦਰ ਕੌਰ ਵਿੱਚ ਪ੍ਰੇਮ ਸੰਬੰਧ ਸਨ ਅਤੇ ਰਵਿੰਦਰ ਕੌਰ ਲੱਖਵਿੰਦਰ ਸਿੰਘ ਨੂੰ ਧੋਖਾ ਦੇ ਰਹੀ ਸੀ, ਜਿਸਦੇ ਚਲਦੇ ਜਾਂ ਤਾਂ ਲੱਖਵਿੰਦਰ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕੀਤਾ ਗਿਆ ਹੈ ਜਾਂ ਉਸਦਾ ਕਤਲ ਕਰਕੇ ਆਤਮ ਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜਥੇਦਾਰ ਰਾਮਪੁਰਾ ਨੇ ਕਿਹਾ ਕਿ ਲੱਖਵਿੰਦਰ ਸਿੰਘ ਉਰਫ ਕਾਕਾ ਕਾਂਝਲਾ ਨੌਜਵਾਨ ਦਿਲਾਂ ਦੀ ਧੜਕਨ ਸੀ | ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਉਹ ਇੱਕ ਸੁਲਝਿਆ ਹੋਇਆ ਇਨਸਾਨ ਸੀ ਅਤੇ ਨੌਜਵਾਨਾਂ ਨੂੰ ਚੰਗੀ ਸਿਹਤ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਸੀ | ਜਥੇਦਾਰ ਰਾਮਪੁਰਾ ਨੇ ਕਿਹਾ ਕਿ ਜਿੱਥੇ ਇੱਕ ਪਰਿਵਾਰ ਨੇ ਆਪਣਾ ਨੌਜਵਾਨ ਪੁੱਤ ਖੋਹਿਆ ਹੈ, ਉੱਥੇ ਹੀ ਇਹ ਮਾਮਲੇ ਸੈਂਕੜੇ ਲੋਕਾਂ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ | ਇਸ ਲਈ ਇਸ ਕੇਸ ਦੀ ਉੱਚ ਪੱਧਰੀ ਜਾਂਚ ਕਰਕੇ ਸੱਚਾਈ ਸਭ ਦੇ ਸਾਹਮਣੇ ਲਿਆਂਦੀ ਜਾਵੇ ਅਤੇ ਜੋ ਵੀ ਦੋਸ਼ੀ ਪਾਏ ਜਾਂਦੇ ਹਨ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ |
ਇਸ ਮੌਕੇ ਉਨ੍ਹਾਂ ਦੇ ਨਾਲ ਸਤਨਾਮ ਸਿੰਘ ਰੱਤੋਕੇ ਮੀਡੀਆ ਇੰਚਾਰਜ ਹਲਕਾ ਸੁਨਾਮ, ਯੂਥ ਆਗੂ ਗੁਰਪ੍ਰੀਤ ਸਿੰਘ ਦੁੱਗਾਂ, ਹਰਪ੍ਰੀਤ ਸਿੰਘ ਬਡਰੁੱਖਾਂ, ਕਿਰਨਦੀਪ ਸਿੰਘ ਵੀ ਮੌਜੂਦ ਸਨ |