ਸੋਨੀ ਪਨੇਸਰ ਬਰਨਾਲਾ, 30 ਮਈ 2020
ਨਕਲੀ ਬੀਜਾਂ ਦੀ ਸਪਲਾਈ ਰੋਕਣ ਅਤੇ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਬੀਜ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਪੁਲੀਸ ਬਰਨਾਲਾ ਵੱਲੋਂ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਵਿੱਢੀ ਸਾਂਝੀ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਬੀਜ ਸਟੋਰਾਂ ’ਤੇ ਛਾਪੇਮਾਰੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਕਪਤਾਨ ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਕਿਸਾਨਾਂ ਦੀ ਨਕਲੀ ਬੀਜਾਂ ਨਾਲ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਕਲੀ ਬੀਜਾਂ ਦੀ ਸਪਲਾਈ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਛਾਪੇਮਾਰੀ ਲਈ ਖੇਤੀਬਾੜੀ ਵਿਭਾਗ ਵੱਲੋਂ ਸ਼ਹਿਣਾ, ਬਰਨਾਲਾ ਅਤੇ ਮਹਿਲ ਕਲਾਂ ਬਲਾਕਾਂ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਦੀ ਸੁਰੱਖਿਆ ਲਈ ਬਲਜੀਤ ਸਿੰਘ ਉਪ ਕਪਤਾਨ ਪੁਲੀਸ (ਸੀਏਡਬਲਿਯੂ) ਬਰਨਾਲਾ, ਮੈਡਮ ਪ੍ਰਗਿਯਾ ਜੈਨ (ਏਐਸਪੀ) ਮਹਿਲ ਕਲਾਂ ਅਤੇ ਰਵਿੰਦਰ ਸਿੰਘ ਰੰਧਾਵਾ ਉਪ ਕਪਤਾਨ ਪੁਲੀਸ, ਤਪਾ ਦੀ ਨਿਗਰਾਨੀ ਹੇਠ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ।
ਸ੍ਰੀ ਗੋਇਲ ਨੇ ਆਖਿਆ ਕਿ ਬਰਨਾਲਾ ਪੁਲੀਸ ਅਜਿਹੀਆਂ ਮੁਹਿੰਮਾਂ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਸੁਰੱਖਿਆ ਅਤੇ ਮਿਆਰੀ ਉਤਪਾਦ ਮੁਹੱਈਆ ਕਰਾਉਣ ਲਈ ਵਚਨਬੱਧ ਹੈ।