ਸੀਵਰੇਜ ਦੇ ਮੈਨਹੋਲਾਂ ਤੋਂ ਬਿਨਾਂ ਹੀ ਲਾਇਆ ਨਾਲੇ ਦੀ ਸਫਾਈ ਦਾ 48 ਲੱਖ ਰੁਪਏ ਤੋਂ ਵੱਧ ਦਾ ਟੈਂਡਰ
2 ਸਾਲ ਬਾਅਦ ਦੁੱਗਣੀ ਹੋ ਗਈ ਨਾਲਾ ਸਾਫ ਕਰਨ ਲਈ ਰੱਖੀ ਰਕਮ
ਸੁਪਰ ਸੈਕਸ਼ਨ ਤਾਂ ਦੂਰ,ਅਸੀਂ ਕਦੇ ਇੱਥੇ ਕੋਈ ਬੰਦਾ ਵੀ ਸਫ਼ਾਈ ਕਰਦਾ ਹੀ ਨਹੀਂ ਦੇਖਿਆ – ਮੁਹੱਲਾ ਨਿਵਾਸੀ
ਹੜ ਦਾ ਖ਼ਤਰਾ ਸਿਰ ਤੇ, ਸ਼ਹਿਰ ਅੰਦਰ ਨਹੀਂ ਦਿਖੀ ‘ਸੁਪਰਸੈਕਸਨ ਮਸ਼ੀਨ ਹਰਿੰਦਰ ਨਿੱਕਾ , ਬਰਨਾਲਾ 11 ਜੁਲਾਈ 2023
ਤੀਲੀ ਤੋਂ ਬਣ ਗਿਆ ਲੌਂਗ ,ਲੌਂਗ ਤੋਂ ਕੋਕਾ ਬਣ ਗਿਆ ਬਈ, ਬੇਹੱਦ ਮਕਬੂਲ ਇਹ ਪੰਜਾਬੀ ਗੀਤ ਤੇ ਠੋਕ ਦੇ ਪਹਿਰਾ ਦਿੰਦਿਆਂ ਨਗਰ ਕੌਂਸਲ ਬਰਨਾਲਾ ਵੱਲੋਂ ਸ਼ਹਿਰ ਦੇ ਸੀਵਰੇਜ ਅਤੇ ਨਿਕਾਸੀ ਨਾਲੇ ਦੀ ਸਫ਼ਾਈ ਦਾ ਠੇਕਾ, ਚਾਰ ਕੁ ਵਰ੍ਹਿਆਂ ਦੇ ਅੰਦਰ-ਅੰਦਰ ਹੀ ਲੱਗਭੱਗ 10 ਗੁਣਾ ਵਧਾ ਕੇ ਨਵਾਂ ਹੀ ਚੰਦ ਚਾੜ ਦਿੱਤਾ । ਸ਼ਹਿਰ ਦੇ ਨਿਕਾਸੀ ਨਾਲੇ ਦੀ ਲੰਬਾਈ ਵਿੱਚ ਤਾਂ ਕੋਈ ਵਾਧਾ ਨਹੀਂ ਹੋਇਆ , ਪਰ ਕੌਂਸਲ ਪ੍ਰਬੰਧਕਾਂ ਨੇ ਨਾਲੇ ਦੀ ਸਫਾਈ ਤੇ ਹੋਣ ਵਾਲੇ ਖਰਚ ਵਿੱਚ ਬੇਤਹਾਸ਼ਾ ਵਾਧਾ ਕਰ ਦਿੱਤਾ। ਚਾਰ ਕੁ ਵਰ੍ਹੇ ਪਹਿਲਾਂ ਇਹੋ ਨਿਕਾਸੀ ਨਾਲੇ ਦੀ ਸਫਾਈ ਨਗਰ ਕੌਂਸਲ 5 ਲੱਖ ਰੁਪਏ ਵਿੱਚ ਕਰਦੀ ਸੀ, ਫਿਰ ਅਗਲੇ ਸਾਲ ਇਹੋ ਰਾਸ਼ੀ ਵਿੱਚ ਕਰੀਬ ਪੰਜ ਗੁਣਾ ਵਾਧਾ ਕਰਕੇ, 25 ਲੱਖ ਤੇ ਪਹੁੰਚਾ ਦਿੱਤਾ, ਚਾਲੂ ਵਰ੍ਹੇ ਨਿਕਾਸੀ ਨਾਲੇ ਅਤੇ ਸੀਵਰੇਜ ਦੀ ਸਫਾਈ ਦਾ ਠੇਕਾ 48 ਲੱਖ 12 ਹਜ਼ਾਰ 818 ਰੁਪਏ 72 ਪੈਸੇ ਦਾ ਦੇ ਕੇ, ਲੋਕਾਂ ਦੇ ਟੈਕਸਾਂ ਦਾ ਫੰਡ ਸਫਾਈ ਠੇਕੇਦਾਰਾਂ ਤੋਂ ਦੀ ਵਾਰ ਦਿੱਤਾ। ” ਬੂਹੇ ਆਈ ਜੰਨ ਤੇ ਵਿੰਨ੍ਹੋ ਕੁੜੀ ਦੇ ਕੰਨ ” ਦੀ ਕਹਾਵਤ ਵਾਂਗੂੰ ਨਗਰ ਕੌਂਸਲ ਨੇ ਬਰਸਾਤਾਂ ਤੋਂ ਪਹਿਲਾਂ ਨਾਲੇ/ ਸੀਵਰੇਜ ਦੀ ਸਫਾਈ ਦਾ ਟੈਂਡਰ 5 ਅਪ੍ਰੈਲ 2023 ਨੂੰ ਮੰਗਿਆ ਸੀ, ਜਿਹੜਾ ਰੱਦ ਕਰ ਦਿੱਤਾ ਸੀ, ਫਿਰ 10 ਮਈ 2023 ਨੂੰ ਇਹੋ ਟੈਂਡਰ ਕਾਲ ਕੀਤਾ ਗਿਆ। ਜਿਹੜਾ 17 ਮਈ 2023 ਨੂੰ ਖੋਲ੍ਹਿਆ ਗਿਆ। ਇਹ ਟੈਂਡਰ ਹੋਰਨਾਂ ਦੋ ਫਰਮਾਂ ਵੱਲੋਂ ਕ੍ਰਮਾਨੁਸਾਰ 1.45 % ਅਤੇ ਦੂਜਾ 2 % ਘਾਟੇ ਤੇ ਪਾਇਆ ਗਿਆ ਸੀ, ਪਰੰਤੂ ਕੌਂਸਲ ਪ੍ਰਬੰਧਕਾਂ ਨੇ ਨੈਗੋਸੀਏਸ਼ਨ ਉਪਰੰਤ 3.75 % ਘਾਟੇ ਤੇ ” The H P ਕੋਆਪਰਟਿਵ ਸੋਸਾਇਟੀ ਲਿਮਿਟਡ ਮਲੋਟ ਨੂੰ ਅਲਾਟ ਕਰ ਦਿੱਤਾ ਗਿਆ। ਜਦੋਂਕਿ ਇਹ ਕੰਮ ਲਈ ਪਹਿਲਾਂ ਰੱਦ ਕੀਤੇ ਗਏ ਟੈਂਡਰ ਠੇਕੇਦਾਰਾਂ/ਫਰਮਾਂ ਵੱਲੋਂ 20 ਤੋਂ 25 % ਘਾਟੇ ਤੇ ਪਾਏ ਗਏ ਸਨ।
-ਟੈਂਡਰ ਅਲਾਟ ਹੋਣ ਤੋਂ ਮਹੀਨੇ ਬਾਅਦ ਜ਼ਾਰੀ ਕੀਤਾ ਵਰਕ ਆਰਡਰ!
ਨਗਰ ਕੌਂਸਲ ਨੇ 17 ਮਈ ਨੂੰ ਟੈਂਡਰ ਮਲੋਟ ਵਾਲੀ ਫਰਮ ਨੂੰ ਅਲਾਟ ਕਰਿਆ ਸੀ, ਪਰੰਤੂ ਕਿਸੇ ਅਗਿਆਤ ਕਾਰਣ ਦੀ ਵਜ਼੍ਹਾ ਕਰਕੇ ਸਫਾਈ ਦਾ ਕੰਮ ਸ਼ੁਰੂ ਕਰਨ ਲਈ, ਵਰਕ ਆਰਡਰ 15 ਜੂਨ 2023 ਨੂੰ ਜ਼ਾਰੀ ਕੀਤਾ ਗਿਆ। ਕੌਂਸਲ ਪ੍ਰਬੰਧਕਾਂ ਨੇ ਪਤਾ ਨਹੀਂ ਕਿਉਂ, ਟੈਂਡਰ ਅਲਾਟ ਕਰਨ ਤੋਂ ਕਰੀਬ ਇੱਕ ਮਹੀਨਾ ਬਾਅਦ ਕੰਮ ਸ਼ੁਰੂ ਕਰਵਾਇਆ। ਜਦੋਂਕਿ ਉਦੋਂ ਬਾਰਿਸ਼ ਦਾ ਸੀਜਨ ਸ਼ੁਰੂ ਹੋ ਚੁੱਕਿਆ ਸੀ।
ਹੁਣ ਮੰਡਰਾ ਰਿਹੈ ਹੜ੍ਹਾਂ ਦਾ ਖਤਰਾ, ਪਰ ਨਹੀਂ ਹੋਈ ਸਫਾਈ ਕੰਪਲੀਟ
ਪੰਜਾਬ ਦੇ ਬਹੁਤੇ ਜਿਲ੍ਹਿਆਂ ਅੰਦਰ ਬੇਸ਼ੱਕ ਹੜ੍ਹਾਂ ਦੇ ਹਾਲਤ ਹਨ ਤੇ ਬਰਨਾਲਾ ਜਿਲ੍ਹੇ ਅੰਦਰ ਵੀ ਹਾਈ ਅਲਰਟ ਜ਼ਾਰੀ ਕੀਤਾ ਹੋਇਆ ਹੈ। ਪਰੰਤੂ ਸ਼ਹਿਰ ਦੇ ਨਿਕਾਸੀ ਨਾਲੇ ਤੇ ਸੀਵਰੇਜ ਦੀ ਸਫਾਈ ਦੀ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ ਗਈ। ਨਹਿਰੂ ਚੌਂਕ ਤੋਂ ਲੈ ਕੇ , ਜ਼ੌੜੇ ਪੰਪਾਂ ਤੱਕ ਨਾਲੇ ਦੀ ਸਫਾਈ ਹਾਲੇ ਸ਼ੁਰੂ ਵੀ ਨਹੀਂ ਹੋਈ, ਨਾਲੇ ਨੇੜਲੇ ਦੁਕਾਨਦਾਰ ਮੰਗਤ ਜਿੰਦਲ ਤੇ ਹੋਰਾਂ ਨੇ ਨਾਲੇ ਦੀ ਸਫਾਈ ਨਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਉਨਾਂ ਨੇ ਹਾਲੇ ਤੱਕ ਨਾਲੇ ਦੀ ਸਫਾਈ ਹੁੰਦੀ ਨਹੀਂ ਦੇਖੀ, ਕਿਤੇ ਰਾਤ ਬਰਾਤੇ, ਮੱਥਾ ਪੋਚੀ ਕਰਕੇ, ਚਲੇ ਗਏ ਹੋਣ ਤਾਂ ਕੁੱਝ ਕਹਿ ਨਹੀਂ ਸਕਦੇ। ਫਿਰ ਵੀ ਜੇ ਰਾਤ ਸਮੇਂ ਕੋਈ ਸਫਾਈ ਹੁੰਦੀ ਤਾਂ, ਨਾਲੇ ਦੀ ਗਾਦ ਤਾਂ ਸੜ੍ਹਕ ਤੇ ਪਈ ਦਿਖੀ ਨਹੀਂ। ਉੱਧਰ ਗੰਦੇ ਨਾਲੇ ਵਾਲੀ ਗਲੀ ਦੇ ਨਾਂ ਤੇ ਮਸ਼ਹੂਰ ਗਲੀ ਨੰਬਰ 6 ਕ੍ਰਿਸ਼ਨਾ ਸਟਰੀਟ ਦੇ ਬਸ਼ਿੰਦੇ ਸੰਜੇ ਕੁਮਾਰ ਅਤੇ ਬਲਦੇਵ ਸਿੰਘ ਨੇ ਕਿਹਾ ਕਿ ਜਦੋਂ ਤੋਂ ਗਲੀ ਦਾ ਖੁੱਲਾ ਨਾਲਾ ਢਕਿਆ ਗਿਆ ਹੈ, ਉਦੋਂ ਤੋਂ ਸਪੁਰਸੈਕਸ਼ਨ ਮਸ਼ੀਨ ਤਾਂ ਛੱਡੋ, ਕੋਈ ਬੰਦਾ ਵੀ ਨਾਲੇ ਦੀ ਸਫਾਈ ਕਰਨ ਕਦੇ ਨਹੀਂ ਆਇਆ।
ਕਿੱਥੋਂ ਤੋਂ ਕਿੱਥੇ ਤੱਕ ਕਿੰਨਾਂ ਟੈਂਡਰ
-ਨਹਿਰੂ ਚੌਂਕ ਤੋਂ ਜੌੜੇ ਪੰਪਾਂ ਤੱਕ ਦਾ ੳਪਨ ਨਾਲੇ ਦੀ ਸਫਾਈ 1 ਲੱਖ 56 ਹਜ਼ਾਰ 163 ਰੁਪਏ।
-ਨਾਲੇ ਚੋਂ ਕੱਢਿਆ ਜਾਣ ਵਾਲਾ ਮਲਬਾ 6 ਕਿਲੋਮੀਟਰ ਦੂਰ ਸੁੱਟਣ ਦਾ ਖਰਚ 11 ਲੱਖ 27 ਹਜ਼ਾਰ 912 ਰੁਪਏ 42 ਪੈਸੇ।
– ਮੁੱਖ ਸੀਵਰ ਲਾਈਨ ਦੀ ਸਫਾਈ ਲਈ 25 ਲੱਖ 54 ਹਜ਼ਾਰ 877. 64 ਰੁਪਏ।
– ਲੋਡਿੰਗ-ਅਨਲੋਡਿੰਗ ਲਈ 1 ਲੱਖ 2 ਹਜਾਰ 332.14 ਰੁਪਏ ।
-ਸੈਨੀਟੇਸ਼ਨ ਦਫਤਰ ਤੋਂ ਮੇਨ ਲਸਾਡਾ ਡਰੇਨ ਤੱਕ ਦੀ ਸਫਾਈ 10 ਲੱਖ 59 ਹਜ਼ਾਰ 42.60 ਰੁਪਏ।
ਬਾਜਖਾਨਾ ਰੋਡ ਨੇੜੇ ਪੈਟਰੌਲ ਪੰਪ ਕੋਲ ਨਾਲੇ ਦੀ ਸਫਾਈ ਕਰਕੇ, ਗਾਦ ਤੇ ਢੇਰ ਨਾਲੇ ਦੇ ਕਿਨਾਰੇ ਹੀ , ਬਾਰਿਸ਼ ਸਮੇਂ ਗਾਦ ਫਿਰ ਨਾਲੇ ਵਿੱਚ ਹੀ ਖੁਰ ਜਾਣ ਲਈ ਲਗਾ ਦਿੱਤੇ ਗਏ ਹਨ.। ਜਦੋਂਕਿ ਇਹ ਗਾਦ/ਗੰਦਗੀ ਸ਼ਹਿਰ ਤੋਂ 6 ਕਿਲੋਮੀਟਰ ਦੂਰ ਸੁੱਟਣ ਲਈ, 11 ਲੱਖ 27 ਹਜ਼ਾਰ 912 ਰੁਪਏ 42 ਪੈਸੇ ਖਰਚ ਕਰਨ ਲਈ ਰੱਖੇ ਗਏ ਹਨ।
ਕੱਚਾ ਕਾਲਜ਼ ਰੋਡ ਤੋਂ ਰਾਮਬਾਗ ਰੋਡ ਨੂੰ ਜੋੜਦੀ ਕਰੀਬ 700 ਮੀਟਰ ਲਿੰਕ ਗਲੀ ਨੰਬਰ 7 ਵਿੱਚ ਨਿਕਾਸੀ ਨਾਲੇ ਦੀ ਸਫਾਈ ਲਈ ਕੋਈ ਮੈਨਹੋਲ ਹੀ ਨਹੀਂ ਮਿਲ ਰਿਹਾ। ਇਹ ਹਾਲਤ ਇਕੱਲੀ, ਇਹੋ ਗਲੀ ਦੀ ਨਹੀਂ, ਹੋਰ ਵੀ ਕਈ ਅਜਿਹੀਆਂ ਗਲੀਆਂ ਹਨ, ਜਿੰਨਾਂ ਦੇ ਚੋਂ ਲੰਘ ਰਹੇ ਨਿਕਾਸੀ ਨਾਲੇ ਦੀ ਸਫਾਈ ਲਈ ਕੋਈ ਮੈਨਹੋਲ ਹੀ ਨਹੀਂ। ਨਤੀਜੇ ਵਜੋਂ ਨਗਰ ਕੌਂਸਲ ਦੇ ਪ੍ਰਬੰਧਕਾਂ ਨੇ ਇਨ੍ਹਾਂ ਗਲੀਆਂ ਵਿੱਚ ਮੈਨਹੋਲ ਬਣਾਉਣ ਲਈ, ਇੱਕ ਹੋਰ ਲੋਕਲ ਠੇਕੇਦਾਰ ਤੋਂ ਕਰੀਬ 3 ਲੱਖ ਰੁਪਏ ਦੀ ਲਾਗਤ ਨਾਲ, ਬਿਨਾਂ ਕਿਸੇ ਟੈਂਡਰ ਤੋਂ ਹੀ ਮੂੰਹ ਜੁਬਾਨੀ ਠੇਕਾ ਦੇ ਕੇ ਕੰਮ ਸ਼ੁਰੂ ਕਰਵਾਇਆ ਗਿਆ ਹੈ। ਕਿਹਾ ਗਿਆ ਹੈ ਕਿ 150/150 ਫੁੱਟ ਦੀ ਦੂਰੀ ਤੇ ਨਿਕਾਸੀ ਨਾਲੇ ਦੀ ਸਲੈਬ ਤੋੜ ਕੇ, ਮੈਨਹੋਲ ਤਿਆਰ ਕੀਤੇ ਜਾਣ, ਤਾਂ ਜੋ ਸਫਾਈ ਹੋ ਸਕੇ। ਲੋਕ ਖੁਦ ਹੀ ਜਾਣਦੇ ਹਨ ਕਿ ਜਲਦਬਾਜੀ ਵਿੱਚ ਅਜਿਹੇ ਮੈਨਹੋਲ ਕਿਹੋ ਜਿਹੀ ਕਵਾਲਿਟੀ ਦੇ ਬਣ ਸਕਦੇ ਹਨ। ਸੂਤਰਾਂ ਮੁਤਾਬਿਕ ਕੌਂਸਲ ਪ੍ਰਬੰਧਕਾਂ ਵੱਲੋਂ ਠੇਕੇਦਾਰ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਤੇਰੇ ਵੱਲੋਂ ਮੈਨਹੋਲਾਂ ਤੇ ਕੀਤਾ ਗਿਆ ਤਿੰਨ ਲੱਖ ਰੁਪਏ ਤੱਕ ਦਾ ਖਰਚਾ, ਕਿਸੇ ਹੋਰ ਕੰਮ ਵਿੱਚੋਂ ਅਦਾ ਕਰ ਦਿੱਤਾ ਜਾਵੇਗਾ।
ਸ਼ੱਕ ਦੇ ਘੇਰੇ ਵਿੱਚ ਆਇਆ ਨਿਕਾਸੀ ਨਾਲੇ ਦੀ ਸਫਾਈ ਦਾ ਐਸਟੀਮੇਟ
ਹੈਰਾਨੀਜਨਕ ਤੱਥ ਇਹ ਵੀ ਹੈ ਕਿ ਨਗਰ ਕੌਂਸਲ ਵੱਲੋਂ ਨਿਕਾਸੀ ਨਾਲੇ ਦੀ ਸਫਾਈ ਲਈ ਟੈਂਡਰ ਮੰਗਣ ਤੋਂ ਪਹਿਲਾਂ ਐਸਟੀਮੇਟ ਵੀ ਮੌਕਾ ਮੁਆਇਨਾਂ ਕੀਤੇ ਬਿਨਾਂ ਹੀ ਤਿਆਰ ਕੀਤਾ ਗਿਆ ਹੈ। ਜੇਕਰ ਮੌਕਾ ਦੇਖਿਆ ਗਿਆ ਹੁੰਦਾ ਤਾਂ, ਹੁਣ ਨਿਕਾਸੀ ਨਾਲਾ ਗੁਜਰਦੀਆਂ ਗਲੀਆਂ ਅੰਦਰ ਮੈਨਹੋਲ ਬਣਾਉਣ ਦੀ ਲੋੜ ਨਾ ਪੈਂਦੀ। ਸ਼ਹਿਰ ਦੇ ਜਾਗਰੂਕ ਨਾਗਰਿਕ ਸਵਾਲ ਇਹ ਵੀ ਉੱਠਾ ਰਹੇ ਹਨ ਕਿ, ਜੇ ਗਲੀਆਂ ਵਿੱਚ ਮੈਨਹੋਲ ਹੀ ਨਹੀਂ ਸਨ, ਫਿਰ ਪਹਿਲਾਂ ਵੀ ਸਫਾਈ ਤੇ ਲੱਖਾਂ ਰੁਪਏ ਕਿਸ ਤਰਾਂ ਕਾਗਜਾਂ ਦਾ ਢਿੱਡ ਪੂਰਾ ਕਰਕੇ, ਖਰਚ ਹੁੰਦੇ ਰਹੇ। ਇਸ ਸਬੰਧੀ ਪੁੱਛਣ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਅਤੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਕਿਹਾ ਕਿ ਨਿਕਾਸੀ ਨਾਲੇ ਦੀ ਸਫਾਈ ਦੇ ਨਾਂ ਤੇ ਕੀਤੇ ਜਾ ਰਹੇ ਵੱਡੇ ਘਪਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂਕਿ ਸਚਾਈ ਲੋਕਾਂ ਦੇ ਸਾਹਮਣੇ ਆ ਸਕੇ।