ਰਘਵੀਰ ਹੈਪੀ, ਬਰਨਾਲਾ, 13 ਜੁਲਾਈ
ਆਮ ਜਨਤਾ ‘ਚ ਆਨਲਾਈਨ ਸੇਵਾਵਾਂ ਰਾਹੀਂ ਸਰਕਾਰੀ ਸਕੀਮਾਂ ਦਾ ਲਾਹਾ ਆਸਾਨ ਤਰੀਕੇ ਨਾਲ ਲੈਣ ਦੇ ਰੁਝਾਨ ਨੂੰ ਵਧਾਉਣ ਲਈ ਭਾਰਤ ਸਰਕਾਰ ਵਲੋਂ 25 ਜੁਲਾਈ ਤੋਂ 31 ਜੁਲਾਈ ਤੱਕ ‘ਡਿਜੀਟਲ ਇੰਡੀਆ ਵੀਕ’ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਸਬੰਧੀ ਫਾਰਮ ਆਨਲਾਈਨ ਭਰੇ ਜਾਂਦੇ ਹਨ ਅਤੇ ਲਾਭਪਾਤਰੀ ਨੇ ਕੇਵਲ ਅਖੀਰ ਵਿਚ ਆਪਣਾ ਸਰਟੀਫਿਕੇਟ ਲੈਣ ਲਈ ਸਬੰਧਿਤ ਦਫਤਰ ਜਾਣਾ ਹੁੰਦਾ ਹੈ ਪ੍ਰੰਤੂ ਜਾਣਕਾਰੀ ਦੀ ਕਮੀ ਕਾਰਨ ਲੋਕ ਏਜੰਟਾਂ ਕੋਲ ਜਾਂਦੇ ਹਨ ਅਤੇ ਉਨ੍ਹਾਂ ਦੀ ਖੱਜਲ-ਖੁਆਰੀ ਵਧ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਕਈ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਨ ਲਈ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਡਿਜੀਟਲ ਇੰਡੀਆ ਵੀਕ ਅਤੇ ਪਹੁੰਚ ਕਿਤਾਬ ਦੀਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਵਾਉਣ ਲਈ ਸਾਰੇ ਵਿਭਾਗ ਇਕੱਠੇ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਉਪਰਾਲੇ ਪਹੁੰਚ ਨੂੰ ਹੁਣ ਮੋਬਾਈਲ ਐਪ ਦਾ ਰੂਪ ਦੇ ਦਿੱਤਾ ਗਿਆ ਹੈ ਅਤੇ ਹੁਣ ਇਸ ਐਪ ਰਾਹੀਂ ਲੋਕ ਸਰਕਾਰੀ ਵਿਭਾਗਾਂ ਦੀ ਜਾਣਕਾਰੀ ਆਸਾਨੀ ਨਾਲ ਲੈ ਸਕਦੇ ਹਨ ।
ਉਨ੍ਹਾਂ ਕਿਹਾ ਡਿਜੀਟਲ ਇੰਡੀਆ ਵੀਕ ‘ਚ ਭਾਗ ਲੈਣ ਲਈ https://www.nic.in/diw2023- reg/ ਉੱਤੇ ਲੌਗ ਇਨ ਕੀਤਾ ਜਾਵੇ। ਇਸ ਤੋਂ ਬਾਅਦ ਭਾਰਤ ਸਰਕਾਰ ਵਲੋਂ ਵੱਖ ਵੱਖ ਸਕੀਮਾਂ ਸਬੰਧੀ ਕਾਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਵੇਰਵਾ ਰਜਿਸਟਰਡ ਮੋਬਾਈਲ ਨੰਬਰ ਉੱਤੇ ਪ੍ਰਾਪਤ ਹੋਵੇਗਾ ਜਿਸ ਵਿਚ ਹਿੱਸਾ ਲੈਣ ‘ਤੇ ਭਾਰਤ ਸਰਕਾਰ ਵਲੋਂ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪੱਧਰ ਉੱਤੇ ਨੋਡਲ ਅਫਸਰ ਨਿਯੁਕਤ ਕਰਨ ਜਿਨ੍ਹਾਂ ਵਲੋਂ ਇਸ ਸਬੰਧੀ ਵੇਰਵੇ ਭਰੇ ਜਾਣਗੇ।
ਬੈਠਕ ‘ਚ ਜ਼ਿਲ੍ਹਾ ਇੰਫੋਰਮੈਟਿਕ੍ਸ ਅਫਸਰ ਮੁਹੰਮਦ ਕਾਸ਼ਿਫ਼, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੇਆਵਾਸਪ੍ਰੀਤ ਕੌਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੀਰੂ ਗਰਗ ਤੇ ਹੋਰ ਅਫ਼ਸਰ ਸ਼ਾਮਲ ਸਨ।