ਬਰਨਾਲਾ ਅਦਾਲਤ ਦੇ ਜੇ.ਐਮ.ਆਈ.ਸੀ. ਨਾਲ ਆੱਨਲਾਇਨ ਠੱਗੀ ਦੀ ਕੋਸ਼ਿਸ਼, ਐਫ.ਆਈ.ਆਰ. ਦਰਜ਼, ਦੋਸ਼ੀ ਦੀ ਭਾਲ ਚ, ਲੱਗੀ ਪੁਲਿਸ
ਹਰਿੰਦਰ ਨਿੱਕਾ ਬਰਨਾਲਾ 30 ਮਈ 2020
ਜਿਵੇਂ ਅਧੁਨਿਕ ਯੁੱਗ ਚ, ਹਰ ਕੰਮ ਆੱਨ ਲਾਈਨ ਹੀ ਹੋਣ ਲੱਗ ਪਿਆ ਹੈ। ਉਵੇਂ ਹੀ ਠੱਗਾਂ ਨੇ ਵੀ ਠੱਗੀਆਂ ਦਾ ਕੰਮ ਆੱਨ ਲਾਈਨ ਸ਼ੁਰੂ ਕੀਤਾ ਹੋਇਆ ਹੈ। ਅਜਿਹੇ ਠੱਗ ਹੁਣ ਤੱਕ ਹਜ਼ਾਰਾਂ ਆਮ ਲੋਕਾਂ ਨੂੰ ਤਾਂ ਆਪਣਾ ਸ਼ਿਕਾਰ ਬਣਾਉਂਦੇ ਹੀ ਰਹੇ ਹਨ। ਪਰੰਤੂ ਹੁਣ ਆੱਨ ਲਾਈਨ ਠੱਗੀਆਂ ਕਰਨ ਵਾਲਿਆਂ ਦੇ ਹੌਂਸਲੇ ਇੱਨ੍ਹੇਂ ਬੁਲੰਦ ਹੋ ਚੁੱਕੇ ਹਨ ਕਿ ਠੱਗ ਨੇ ਨਿਆਂ ਦੇ ਮੰਦਿਰ ਚ, ਲੋਕਾਂ ਨੂੰ ਇਨਸਾਫ ਦੇਣ ਲਈ ਬੈਠੇ ਜੱਜ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਤੋਂ ਭੋਰਾ ਗੁਰੇਜ਼ ਨਹੀਂ ਕੀਤਾ । ਤਾਜ਼ਾ ਮਾਮਲਾ ਬਰਨਾਲਾ ਅਦਾਲਤ ਚ, ਚਲਾਨ ਭਰਨ ਦੀ ਆੜ ਵਿੱਚ ਠੱਗੀ ਦੀ ਕੋਸ਼ਿਸ਼ ਦਾ ਹੈ। ਜੱਜ ਨਾਲ ਠੱਗੀ ਦੀ ਕੋਸ਼ਿਸ਼ ਦੇ ਦੋਸ਼ ਚ ਪੁਲਿਸ ਨੇ ਘਟਨਾ ਤੋਂ 4 ਦਿਨ ਬਾਅਦ ਅਣਪਛਾਤੇ ਠੱਗ ਦੇ ਖਿਲਾਫ ਕੇਸ ਦਰਜ਼ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਅਦਾਲਤ ਵਿੱਚ ਵਹੀਕਲ ਦਾ ਚਲਾਨ ਭਰਨ ਦੀ ਆੜ ਚ, ਠੱਗੀ ਦੀ ਕੋਸ਼ਿਸ਼
ਬਰਨਾਲਾ ਅਦਾਲਤ ਦੇ ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ੍ਰੀ ਵਿਜੈ ਸਿੰਘ ਡਡਵਾਲ ਨੇ ਪੁਲਿਸ ਨੂੰ ਲਿਖਿਤ ਸ਼ਿਕਾਇਤ ਦੇ ਕੇ ਦੱਸਿਆ ਕਿ 26 ਮਈ 2020 ਦੀ ਸੁਭਾ 11:55 ਵਜੇ ਉੱਨਾਂ ਦੇ ਮੋਬਾਇਲ ਨੰਬਰ ਤੇ BH-VAHAAN ਐਪ ਤੋਂ ਆੱਨ ਲਾਇਨ , ਇੱਕ ਵਹੀਕਲ ਦੇ ਬਿਨਾਂ ਸੀਟ ਬੈਲਟ ਤੋਂ ਕੀਤੇ ਚਲਾਨ ਦਾ 500 ਰੁਪਏ ਜੁਰਮਾਨਾ ਭਰਨ ਲਈ ਮੈਸਜ ਪ੍ਰਾਪਤ ਹੋਇਆ। ਮੈਸਜ ਦੇ ਅਨੁਸਾਰ ਜਦੋਂ ਵੈਬਸਾਈਟ ਨੂੰ ਆੱਨ ਲਾਇਨ ਚੈਕ ਕੀਤਾ ਗਿਆ ਤਾਂ, ਉਨ੍ਹਾਂ ਨੂੰ ਪਤਾ ਲੱਗਿਆ ਕਿ ਕੋਈ ਅਣਪਛਾਤਾ ਬੰਦਾ ਉਨ੍ਹਾਂ ਨਾਲ ਆੱਨ ਲਾਇਨ ਫਰਾਡ ਦੀ ਕੋਸ਼ਿਸ਼ ਕਰ ਰਿਹਾ ਹੈ। ਘਟਨਾ ਦੀ ਸੂਚਨਾ ਪ੍ਰਾਪਤ ਹੁੰਦਿਆਂ ਹੀ ਹਰਕਤ ਚ, ਆਈ ਪੁਲਿਸ ਨੇ ਕੇਸ ਦਰਜ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ।
ਕੇਸ ਦਰਜ਼, ਦੋਸ਼ੀ ਦੀ ਗਿਰਫਤਾਰੀ ਜਲਦ-ਐਸਐਚਉ
ਥਾਣਾ ਸਿਟੀ-2 ਦੇ ਐਸਐਚਉ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਜੱਜ ਸਾਹਿਬ ਦੀ ਸ਼ਿਕਾਇਤ ਦੇ ਅਧਾਰ ਤੇ ਅਣਪਛਾਤੇ ਦੋਸ਼ੀ ਦੇ ਖਿਲਾਫ ਅਧੀਨ ਜੁਰਮ 420/511 ਆਈਪੀਸੀ ਅਤੇ ਆਈਟੀ ਐਕਟ 2000 ਦੀ ਸੈਕਸ਼ਨ 66 D ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਦੋਸ਼ੀ ਦੀ ਤਲਾਸ਼ ਜਾਰੀ ਹੈ, ਜਲਦ ਹੀ ਉਸ ਨੂੰ ਗਿਰਫਤਾਰ ਵੀ ਕਰ ਲਿਆ ਜਾਵੇਗਾ।
ਦੋਸ਼ੀ ਨੂੰ ਹੋ ਸਕਦੀ ਐ 3 ਸਾਲ ਦੀ ਸਜ਼ਾ
ਪ੍ਰਸਿੱਧ ਫੌਜਦਾਰੀ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਦੱਸਿਆ ਕਿ ਆਈਟੀ ਐਕਟ 2000 ਦੀ ਸੈਕਸ਼ਨ 66 D ਦੇ ਤਹਿਤ ਦੋਸ਼ੀ ਨੂੰ 3 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।