ਸਰਕਾਰ ਨੂੰ ਸਮੇਂ ਸਿਰ ਰੋਕਥਾਮ ਕਦਮ ਨਾ ਚੁੱਕਣ ਲਈ ਲਤਾੜਿਆ
ਗਗਨ ਹਰਗੁਣ, ਪਟਿਆਲਾ, 10 ਜੁਲਾਈ 2023ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਦੇ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ।
ਪ੍ਰਨੀਤ ਕੌਰ ਨੇ ਪਟਿਆਲਾ ਦੀ ਵੱਡੀ ਨਦੀ ਦੇ ਨਾਲ ਲੱਗਦੇ ਸੰਜੇ ਕਲੋਨੀ ਅਤੇ ਘਲੋਰੀ ਗੇਟ ਸਮੇਤ ਹੋਰ ਇਲਾਕਿਆਂ ਦਾ ਦੌਰਾ ਕੀਤਾ।
ਸ਼ਹਿਰ ਦੇ ਵੱਖ-ਵੱਖ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ, “ਇਹ ਦੇਖ ਕੇ ਬਹੁਤ ਦੁੱਖ ਹੋਇਆ ਹੈ ਕਿ ਪਿਛਲੇ 2-3 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਦੇਸ਼ ਭਰ ਵਿਚ ਤਬਾਹੀ ਮਚਾਈ ਹੋਈ ਹੈ। ਇਨ੍ਹਾਂ ਬਾਰਸ਼ਾਂ ਨਾਲ ਪਟਿਆਲਾ ਦੇ ਕਈ ਇਲਾਕੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਕਈ ਥਾਵਾਂ ‘ਤੇ ਪਾਣੀ ਭਰਨ ਕਾਰਨ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਮੈਂ ਸਥਿਤੀ ਦਾ ਜਾਇਜ਼ਾ ਲੈਣ ਲਈ ਇਨ੍ਹਾਂ ਵਿੱਚੋਂ ਕੁਝ ਖੇਤਰਾਂ ਦਾ ਦੌਰਾ ਕੀਤਾ ਅਤੇ ਮੈਂ ਪ੍ਰਸ਼ਾਸਨ ਨੂੰ ਪਾਣੀ ਭਰਨ ਦੀ ਸਮੱਸਿਆ ਨੂੰ ਸਕਸ਼ਨ ਪੰਪਾਂ ਦੀ ਵਰਤੋਂ ਕਰਕੇ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।”
ਪ੍ਰਨੀਤ ਕੌਰ ਨੇ ਅੱਗੇ ਕਿਹਾ, “ਮੈਂ ਵੱਡੀ ਨਦੀ ਦਾ ਵੀ ਦੌਰਾ ਕੀਤਾ ਹੈ, ਜਿਸਦਾ ਪੱਧਰ ਲਗਾਤਾਰ ਵਰਖਾ ਕਾਰਨ ਵੱਧ ਰਿਹਾ ਹੈ ਜੋ ਕਿ ਥੋੜਾ ਚਿੰਤਾਜਨਕ ਹੈ ਅਤੇ ਮੈਂ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਉਹ ਇਲਾਕਾ ਖਾਲੀ ਕਰਵਾਉਣ ਅਤੇ ਸੁਰੱਖਿਅਤ ਪਨਾਹਗਾਹਾਂ ਵਿੱਚ ਜਾਣ ਵਿੱਚ ਪ੍ਰਸ਼ਾਸਨ ਦੀ ਮਦਦ ਕਰਨ।”
ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਦੀਆਂ ਤਿਆਰੀਆਂ ਬਾਰੇ ਪੁੱਛੇ ਜਾਣ ‘ਤੇ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, ”ਸ਼ਹਿਰ ਦੀਆਂ ਕਈ ਥਾਵਾਂ ‘ਤੇ ਪਾਣੀ ਭਰ ਜਾਣ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਦੀ ਫੇਲ੍ਹ ਤਿਆਰੀ ਨੂੰ ਪੂਰੀ ਤਰ੍ਹਾਂ ਨਾਲ ਨੰਗਾ ਕਰ ਦਿੱਤਾ ਹੈ। ਇਨ੍ਹੇ ਦਿਨ ਪਹਿਲਾਂ ਤੋਂ ਭਾਰੀ ਬਾਰਿਸ਼ ਦੇ ਆਏ ਅਲਰਟਾਂ ਦੇ ਬਾਵਜੂਦ ਸਰਕਾਰ ਕੋਈ ਵੀ ਰੋਕਥਾਮ ਉਪਾਅ ਕਰਨ ਵਿੱਚ ਅਸਫਲ ਰਹੀ ਹੈ। ਪਹਿਲਾਂ ਸ਼ਹਿਰ ਵਿੱਚ ਸਿਰਫ਼ 15-20 ਮਿੰਟ ਪਾਣੀ ਖੜ੍ਹਾ ਰਹਿੰਦਾ ਸੀ ਕਿਉਂਕਿ ਸਾਡੀ ਸਰਕਾਰ ਵੇਲੇ ਜੈਕਬ ਡਰੇਨ ਦੀ ਨਿਯਮਤ ਤੌਰ ‘ਤੇ ਸਫ਼ਾਈ ਹੁੰਦੀ ਸੀ ਪਰ ਅਜਿਹਾ ਨਾ ਹੋਣ ਕਾਰਨ ਵੱਡੇ ਪੱਧਰ ‘ਤੇ ਪਾਣੀ ਭਰ ਗਿਆ ਹੈ ਅਤੇ ਇਸ ਵਾਰ ਪਟਿਆਲੇ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ।”
ਪ੍ਰਨੀਤ ਕੌਰ ਦੇ ਨਾਲ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਸੰਦੀਪ ਮਲਹੋਤਰਾ, ਗਿੰਨੀ ਨਾਗਪਾਲ ਆਦਿ ਲੋਕ ਮੌਜੂਦ ਸਨ।