ਸਾਲ 2022-23 ਦੌਰਾਨ 65.57 ਲੱਖ ਦੀ ਸਬਸਿਡੀ ਦਿੱਤੀ
ਰਘਵੀਰ ਹੈਪੀ , ਬਰਨਾਲਾ, 9 ਜੁਲਾਈ 2023
ਪੰਜਾਬ ਸਰਕਾਰ ਵੱਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਰਾਹੀਂ ਵੱਖ ਵੱਖ ਸਕੀਮਾਂ ਤਹਿਤ ਸਬਸਿਡੀ ਮੁਹੱਈਆ ਕਰਾਈ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਬਾਗ਼ਬਾਨੀ, ਫੁੱਲਾਂ ਦੀ ਕਾਸ਼ਤ ਆਦਿ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਤਹਿਤ ਭੂਮੀ ਤੇ ਜਲ ਸੰਭਾਲ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਵੀ ਇਨ੍ਹਾਂ ਸਕੀਮਾਂ ਦਾ ਲਾਭ ਲੋਕਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਭੂਮੀ ਰੱਖਿਆ ਅਫਸਰ ਬਰਨਾਲਾ ਇੰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ‘ਪਰ ਡਰਾਪ ਮੋਰ ਕਰਾਪ’ ਥੀਮ ਤਹਿਤ ਕ੍ਰਿਸ਼ੀ ਸਿੰਜਾਈ ਯੋਜਨਾ ਚਲਾਈ ਜਾ ਰਹੀ ਹੈ, ਜਿਸ ਤਹਿਤ ਬਾਗ਼ਬਾਨੀ/ਗੈਂਰ ਬਾਗ਼ਬਾਨੀ ਫ਼ਸਲਾਂ ਲਈ ਤੁਪਕਾ/ਫੁਹਾਰਾ ਸਿੰਜਾਈ ਦੇ ਪ੍ਰੋਜੈਕਟਾਂ ਲਈ 80 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਛੋਟੇ ਕਿਸਾਨ (5 ਏਕੜ ਤੋਂ ਘੱਟ), ਕਿਸਾਨ ਔਰਤਾਂ ਤੇ ਐੱਸਸੀ ਵਰਗ ਲਈ 90 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵਿੱਤੀ ਸਾਲ 2022-23 ਵਿੱਚ ਕੁੱਲ ਖਰਚ 84.20 ਲੱਖ ਕੀਤਾ ਗਿਆ, ਜਦੋਂਕਿ 65.57 ਲੱਖ ਦੀ ਸਬਸਿਡੀ ਦਿੱਤੀ ਗਈ। ਇਸ ਤਹਿਤ 49 ਹੈਕਟੇਅਰ ਰਕਬਾ ਕਵਰ ਕੀਤਾ ਗਿਆ। ਇਸੇ ਤਰ੍ਹਾਂ ਚਾਲੂ ਸਾਲ 2023-24 ਵਿੱਚ ਹੁਣ ਤੱਕ 8.63 ਲੱਖ ਖਰਚਾ ਕੀਤਾ ਗਿਆ, ਜਦੋਂਕਿ 7.16 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ, ਜਿਸ ਅਧੀਨ ਹੁਣ ਤੱਕ 5 ਹੈਕਟੇਅਰ ਰਕਬਾ ਕਵਰ ਕੀਤਾ ਜਾ ਚੁੱਕਾ ਹੈ। ਇਹ ਸਬਸਿਡੀ ਬਾਗ਼ਾਂ/ਸਬਜ਼ੀਆਂ/ਮੱਕੀ, ਦਾਲਾਂ, ਅਨਾਜ, ਗੰਨੇ ਆਦਿ ’ਤੇ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਐੱਸਟੀਪੀ ਬਰਨਾਲਾ ਤੋਂ ਸੋਧਿਆ ਹੋਇਆ ਪਾਣੀ ਖੇਤਾਂ ਤੱਕ ਪਹੁੰਚਾਉਣ ਦਾ ਪਾਈਪਲਾਈਨ ਪ੍ਰਾਜੈਕਟ ’ਤੇ ਹੁਣ ਤੱਕ 459.70 ਲੱਖ ਰੁਪਏ ਖਰਚੇ ਗਏ ਹਨ, ਜੋ ਕਿ 100 ਫੀਸਦੀ ਸਰਕਾਰੀ ਸਹਾਇਤਾ ਵਾਲਾ ਪ੍ਰਾਜੈਕਟ ਹੈ। ਇਸ ਪ੍ਰਾਜੈਕਟ ਤਹਿਤ ਆਉਂਦੇ ਸੀਜ਼ਨ ਤੱਕ ਸੋਧਿਆ ਪਾਣੀ ਖੇਤਾਂ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ।