ਮਾਨਸਾ ਪੁਲਿਸ ਨੇ ਅੱਗ ਵਰ੍ਹਾਉਂਦੀ ਗਰਮੀ ‘ਚ ‘ਤੱਤੀ ਸੜਕ’ ਤੇ ਜੰਮ ਕੇ ਘੜੀਸੇ ਠੇਕਾ ਮੁਲਾਜਮ
ਅਸ਼ੋਕ ਵਰਮਾ , ਮਾਨਸਾ 10 ਜੂਨ 2023
ਮਾਨਸਾ ਪੁਲੀਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਕੈਬਨਿਟ ਦੀ ਆਮਦ ਮੌਕੇ ਆਪਣੀਆਂ ਮੰਗਾਂ ਮਨਵਾਉਣ ਲਈ ਪੁੱਜੇ ਠੇਕਾ ਮੁਲਾਜ਼ਮਾਂ ਦੀ ਅੱਗ ਵਰ੍ਹਾਉਦੀ ਗਰਮੀ ਦੌਰਾਨ ਤਪਦੀ ਸੜਕ ਤੇ ਜੰਮ ਕੇ ਧੂਹ ਘੜੀਸ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ ਤੋਂ ਖਦੇੜ ਕੇ ਵੱਖ-ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ। ਇਸ ਮੌਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਕਾਰਕੁਨਾਂ ਵਿੱਚ ਰੋਸ ਹੀ ਏਨਾ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਕਾਬੂ ਕਰਨ ਦੇ ਚੱਕਰ ਵਿੱਚ ਪੁਲਿਸ ਦੇ ਪਸੀਨੇ ਛੁੱਟ ਗਏ। ਪੰਜਾਬ ਪੁਲਿਸ ਦਾ ਇੱਕ ਐਸ ਪੀ ਤਾਂ ਠੇਕਾ ਮੁਲਾਜ਼ਮਾਂ ਨੂੰ ਸੜਕ ਤੋਂ ਹਟਾਉਣ ਦੇ ਚੱਕਰਾਂ ਵਿਚ ਬਾਰ ਬਾਰ ਮੁੜ੍ਹਕਾ ਪੂੰਝਦਾ ਦਿਖਾਈ ਦਿੱਤਾ। ਆਊਟਸੋਰਸ ਅਤੇ ਇਨਲਿਸਟਮੈਂਟ ਕੰਪਨੀਆਂ ਅਧੀਨ ਕੰਮ ਕਰਦੇ ਠੇਕਾ ਮਲਾਜਮ ਪੰਜਾਬ ਸਰਕਾਰ ਤੋਂ ਆਪਣੇ ਚੋਣ ਵਾਅਦੇ ਮੁਤਾਬਕ ਰੈਗੂਲਰ ਕਰਨ ਦੀ ਮੰਗ ਕਰ ਰਹੇ ਸਨ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮਾਨਸਾ ਕੈਬਨਿਟ ਮੀਟਿੰਗ ਰੱਖੀ ਗਈ ਸੀ ਜਿਸ ਦੇ ਮੱਦੇਨਜ਼ਰ ਇਹ ਠੇਕਾ ਮਲਾਜਮ ਆਪਣਾ ਦੁੱਖ ਸੁਨਾਉਣ ਲਈ ਪੁੱਜੇ ਸਨ। ਮਾਨਸਾ ਲੋਕ ਲਹਿਰਾਂ ਵਾਲਾ ਖਿੱਤਾ ਹੋਣ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਪੁਲੀਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਇਸ ਤੋਂ ਇਲਾਵਾ ਮਹਿਲਾ ਪੁਲਿਸ ਦੰਗਾ ਰੋਕੂ ਵਾਹਨ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੀਆਂ ਗੱਡੀਆਂ ਦੇ ਨਾਲ-ਨਾਲ ਪੰਜਾਬ ਪੁਲਿਸ ਦੀਆਂ ਸਪੈਸ਼ਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਸਨ। ਜਦੋਂ ਠੇਕਾ ਮਲਾਜਮ ਇੱਕ ਜਗਾ ਤੇ ਇਕੱਤਰ ਹੋਏ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਠੇਕਾ ਮੁਲਾਜ਼ਮਾਂ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਪਣੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਆਏ ਹਨ।
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਤੋਂ ਅਸਮਰੱਥਾ ਜਤਾਈ ਤਾਂ ਉਨ੍ਹਾਂ ਮੁੱਖ ਮੰਤਰੀ ਖਿਲਾਫ ਨਾਅਰਿਆਂ ਦਾ ਦੌਰ ਚਲਾ ਦਿੱਤਾ। ਰੋਹ ’ਚ ਭਰੇ ਪੀਤੇ ਠੇਕਾ ਮੁਲਾਜਮਾਂ ਨੇ ਪੁਲਿਸ ਵੱਲੋਂ ਲਾਈਆਂ ਰੋਕਾਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਕਾਫੀ ਤਿੱਖੀਆਂ ਝੜਪਾਂ ਹੋਈਆਂ। ਇਸੇ ਦੌਰਾਨ ਠੇਕਾ ਮੁਲਾਜਮ ਜੱਥੇ ਦੇ ਰੂਪ ’ਚ ਸੜਕ ਮੱਲ ਕੇ ਬੈਠ ਗਏ , ਜਿੰਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਜਬਰਦਸਤੀ ਚੁੱਕ ਕੇ ਲੈ ਗਈ । ਠੇਕਾ ਮੁਲਾਜਮਾਂ ਨੂੰ ਕਾਬੂ ਕਰਨ ਦੇ ਪੁਲਸੀਆ ਯਤਨਾਂ ਦੌਰਾਨ ਇੱਕ ਠੇਕਾ ਕਾਮਾ ਬੇਹੋਸ਼ ਹੋਇਆ। ਜਿਸ ਨੂੰ ਉਸ ਦੇ ਸਾਥੀਆਂ ਨੇ ਤੁਰੰਤ ਸੰਭਾਲਿਆ। ਠੇਕਾ ਕਾਰਕੁੰਨ ਪੰਜਾਬ ਸਰਕਾਰ ਅਤੇ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰਹੇ। ਪੁਲਿਸ ਦੀ ਧੂਹ ਘੜੀਸ ਦੇ ਝੰਬੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਬੱਸ ਇਹੋ ਐ! ਬਦਲਾਅ ।
ਜਦੋਂ ਸਥਿਤੀ ਵਿਗੜਦੀ ਦਿਸੀ ਤਾਂ ਪੰਜਾਬ ਪੁਲਿਸ ਅਤੇ ਦੰਗਾ ਵਿਰੋਧੀ ਦਲ ਦੇ ਮੁਲਾਜਮ , ਮੁਜਾਹਰਾਕਾਰੀਆਂ ਨੂੰ ਟੁੱਟ ਕੇ ਪੈ ਗਏ ਅਤੇ ਉਹਨਾਂ ਨੂੰ ਲੋਹੜੇ ਦੀ ਗਰਮੀ ਦੌਰਾਨ ਸੜਕ ਤੇ ਘਸੀਟਣਾ ਸ਼ੁਰੂ ਕਰ ਦਿੱਤਾ। ਠੇਕਾ ਮੁਲਾਜ਼ਮਾਂ ਨੂੰ ਕਾਬੂ ਕਰਨ ਦੇ ਚੱਕਰਾਂ ‘ਚ ਪੁਲਿਸ ਵਿੱਚ ਐਨਾ ਜ਼ਿਆਦਾ ਜੋਸ਼ ਸੀ ਇਕ ਪੁਲਸ ਮੁਲਾਜ਼ਮ ਜਿਸ ਕੋਲ ਏਕੇ 47 ਸੀ, ਵੀ ਰੋਸ ਜਤਾਉਣ ਵਾਲਿਆਂ ਨੂੰ ਚੁੱਕਣ ਲੱਗਿਆ। ਇੱਕ ਠੇਕਾ ਮਲਾਜ਼ਮਾਂ ਨੇ ਦੱਸਿਆ ਕਿ ਰਾਈਫਲ ਹੋਣ ਕਰਕੇ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਪਰ ਬਚਾਅ ਹੋ ਗਿਆ । ਉਨ੍ਹਾਂ ਆਖਿਆ ਕਿ ਉਹ ਤਾਂ ਆਪਣੀ ਗੱਲ ਮੁੱਖ ਮੰਤਰੀ ਕੋਲ ਰੱਖਣ ਆਏ ਸਨ , ਪਰ ਪੁਲਿਸ ਜਬਰ ਤੇ ਉਤਰ ਆਈ ।
ਇਸ ਮੌਕੇ ਠੇਕਾ ਕਾਮਿਆਂ ਨੇ ਖਰੀਆਂ ਖਰੀਆਂ ਸੁਣਾਈਆਂ ਕਿ ਪੁਲਿਸ ਮੁਲਾਜਮ ਉਨ੍ਹਾਂ ਨਾਲ ਦੁਸ਼ਮਣਾਂ ਦੀ ਤਰਾਂ ਵਿਹਾਰ ਕਰ ਰਹੇ ਹਨ । ਜਦੋਂਕਿ ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਆਖਿਆ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕੇ ਕੱਲੇ-ਕੱਲੇ ਠੇਕਾ ਮਲਾਜਮ ਨੂੰ ਮਹਿਕਮਿਆਂ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ , ਪਰ ਗੱਦੀ ਤੇ ਬੈਠਣ ਤੋਂ ਬਾਅਦ ਸਰਕਾਰ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰ ਰਹੀ ਹੈ। ਠੇਕਾ ਮੁਲਾਜਮ ਆਗੂ ਜਗਸੀਰ ਸਿੰਘ ਭੰਗੂ, ਸਤਨਾਮ ਸਿੰਘ ਖਿਆਲਾ, ਗੁਰਵਿੰਦਰ ਸਿੰਘ ਪੰਨੂ, ਜਗਰੂਪ ਸਿੰਘ ਲਹਿਰਾ ਦਾ ਕਹਿਣਾ ਸੀ ਕਿ ਪੁਲਿਸ ਜਿੰਨਾਂ ਮਰਜੀ ਜਬਰ ਕਰ ਲਵੇ , ਉਹ ਈਨ ਨਹੀਂ ਮੰਨਣਗੇ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਇਸ ਤੋਂ ਵੀ ਤਿੱਖਾ ਵਿਰੋਧ ਕੀਤਾ ਜਾਏਗਾ ।