ਹਰਿੰਦਰ ਨਿੱਕਾ , ਬਰਨਾਲਾ 11 ਜੂਨ 2023
ਐਫ.ਆਈ.ਆਰ. ਨੰਬਰ ਜੀਰੋ ! ਸੁਣਨ ਵਿੱਚ ਬੇਸ਼ੱਕ ਇਹ ਗੱਲ ਜਿਆਦਾਤਰ ਪਾਠਕਾਂ ਨੂੰ ਅਜੀਬੋ-ਗਰੀਬ ਲੱਗ ਸਕਦੀ ਹੈ,ਪਰੰਤੂ ਹੈ ਬਿਲਕੁਲ ਸੋਲਾ ਆਨੇ ਸੱਚ । ਇਹ ਐਫ.ਆਈ.ਆਰ. ਜਬਰ ਜਿਨਾਹ ਦੇ ਸੰਗੀਨ ਜੁਰਮ ਤਹਿਤ ਬਰਨਾਲਾ ਜਿਲ੍ਹੇ ਦੇ ਥਾਣਾ ਟੱਲੇਵਾਲ ਵਿਖੇ ਇੱਕ ਫੌਜੀ ਜਵਾਨ ਦੇ ਖਿਲਾਫ ਦਰਜ ਹੋਈ ਹੈ। ਇਸ ਐਫ.ਆਈ.ਆਰ. ਦੀ ਤਫਤੀਸ਼ ਹੁਣ ਹਰਿਆਣਾ ਸੂਬੇ ਦੇ ਸਿਰਸਾ ਸ਼ਹਿਰ ਦੀ ਪੁਲਿਸ ਕਰੇਗੀ। ਬੇਸ਼ੱਕ ਦੇਰ ਨਾਲ ਹੀ ਸਹੀ, ਐਫ.ਆਈ.ਆਰ. ਦਰਜ ਹੋਣ ਨਾਲ,ਪੀੜਤ ਲੜਕੀ ਨੇ ਇਨਸਾਫ ਲੈਣ ਲਈ ਸ਼ੁਰੂ ਕੀਤੀ ਆਪਣੀ ਲੜਾਈ ਵਿੱਚ ਪਹਿਲਾ ਪੜਾਅ ਪਾਰ ਜਰੂਰ ਕਰ ਲਿਆ ਹੈ ।
ਦਰਅਸਲ ਬਰਨਾਲਾ ਜਿਲ੍ਹੇ ਦੇ ਥਾਣਾ ਟੱਲੇਵਾਲ ਅਧੀਨ ਪੈਂਦੇ ਇੱਕ ਪਿੰਡ ਦੀ ਰਹਿਣ ਵਾਲੀ ਲੜਕੀ ਦਾ ਇਲਜਾਮ ਹੈ ਕਿ 25 ਅਗਸਤ 2022 ਨੂੰ ਸਿਰਸਾ ਸ਼ਹਿਰ ਦੇ ਸਰਤਾਜ ਹੋਟਲ ‘ਚ ਬਠਿੰਡਾ ਜਿਲ੍ਹੇ ਦੇ ਪਿੰਡ ਕਮਾਲੂ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਉਰਫ ਲੱਖੀ ਫੌਜੀ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਆਪਣੇ ਜਾਲ ਵਿੱਚ ਫਸਾ ਕੇ ਜਬਰ ਜਿਨਾਹ ਕੀਤਾ ਸੀ। ਪਰੰਤੂ ਨਾਮਜਦ ਦੋਸ਼ੀ ਵੱਲੋਂ ਪੀੜਤ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦੇਣ ਤੋਂ ਬਾਅਦ ਇਸ ਸਬੰਧੀ ਪੀੜਤਾ ਨੇ ਪਹਿਲੀ ਸ਼ਕਾਇਤ 31 ਅਕਤੂਬਰ 2022 ਨੂੰ ਬਰਨਾਲਾ ਪੁਲਿਸ ਕੋਲ ਪੇਸ਼ ਹੋ ਕੇ ਕੀਤੀ। ਬਲਾਤਕਾਰ ਦੀ ਘਟਨਾ ਦਾ ਵਕੂਆ ਬਰਨਾਲਾ ਜਿਲ੍ਹੇ ਦਾ ਨਾ ਹੋਣ ਕਾਰਣ, ਦੁਰਖਾਸਤ ਤੇ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ। ਫਿਰ ਪੀੜਤ ਲੜਕੀ ਨੇ ਦੂਜੀ ਸ਼ਕਾਇਤ 16 ਵਰਵਰੀ 2023 ਨੂੰ ਐਸ.ਐਸ.ਪੀ. ਬਰਨਾਲਾ ਨੂੰ ਦਿੱਤੀ। ਜਿਸ ਦੀ ਪੜਤਾਲ ਮੁੱਖ ਅਫਸਰ ਥਾਣਾ ਟੱਲੇਵਾਲ ਵੱਲੋਂ ਅਮਲ ਵਿੱਚ ਲਿਆਂਦੀ ਗਈ।
ਪੜਤਾਲੀਆ ਰਿਪੋਰਟ ਨੂੰ ਕਾਨੂੰਨੀ ਰਾਇ ਹਾਸਿਲ ਕਰਨ ਲਈ ਡੀ.ਏ. ਲੀਗਲ ਜਿਲ੍ਹਾ ਅਦਾਲਤ ਬਰਨਾਲਾ ਪਾਸ ਭੇਜਿਆ ਗਿਆ। ਡਿਪਟੀ ਡੀ.ਏ. ਲੀਗਲ ਨੇ 5 ਜੂਨ ਨੂੰ ਆਪਣੀ ਰਿਪੋਰਟ ਵਿੱਚ ਦੋਸ਼ੀ ਖਿਲਾਫ ਅਧੀਨ ਜੁਰਮ ਅ/ਧ 376 (2)(N) ਆਈ.ਪੀ.ਸੀ. ਤਹਿਤ ਦਰਜ਼ ਕਰਨ ਲਈ ਲਿਖਿਆ। ਕਾਨੂੰਨੀ ਰਾਇ ਮਿਲਦਿਆਂ ਹੀ ਐਸ.ਐਸ.ਪੀ. ਸੰਦੀਪ ਮਲਿਕ ਨੇ ਥਾਣਾ ਟੱਲੇਵਾਲ ਵਿਖੇ ਜੀਰੋ ਐਫ.ਆਈ.ਆਰ. ਦਰਜ਼ ਕਰਨ ਦਾ ਹੁਕਮ ਦੇ ਦਿੱਤਾ। ਪੁਲਿਸ ਨੇ ਕੁਲਵਿੰਦਰ ਸਿੰਘ ਉਰਫ ਲੱਖੀ ਫੌਜੀ ਵਾਸੀ ਕਮਾਲੂ ਦੇ ਖਿਲਾਫ ਅ/ਧ 376 (2)(N) ਆਈ.ਪੀ.ਸੀ. ਦਰਜ ਕਰ ਦਿੱਤੀ। ਇਹ ਐਫ.ਆਈ.ਆਰ. ਦਰਜ਼ ਕਰਕੇ ਅਗਲੀ ਤਫਤੀਸ਼ ਲਈ ਥਾਣਾ ਟੱਲੇਵਾਲ ਪੁਲਿਸ ਨੇ ਇਹ ਕੇਸ ਵਕੂਆ ਵਾਲੀ ਥਾਂ ਹਰਿਆਣਾ ਰਾਜ ਦੇ ਥਾਣਾ ਸਿਟੀ ਸਿਰਸਾ (ਜਿਲਾ ਸਿਰਸਾ ) ਨੂੰ ਭੇਜ ਦਿੱਤਾ। ਜਿਸ ਦੀ ਪੂਰੀ ਕਾਨੂੰਨੀ ਕਰਾਵਾਈ ਹੁਣ ਥਾਣਾ ਟੱਲੇਵਾਲ ‘ਚ ਦਰਜ਼ ਐਫ.ਆਈ.ਆਰ. ਨੂੰ ਸਬੰਧਿਤ ਥਾਣੇ ਦਾ ਨੰਬਰ ਦੇ ਕੇ ਅੱਗੇ ਤੋਰਿਆ ਜਾਵੇਗਾ। ਜੁਰਮ 376 (2)(N) ਉਸ ਦੋਸ਼ੀ ਖਿਲਾਫ ਦਰਜ ਹੁੰਦਾ ਹੈ, ਜੋ ਵਿਅਕਤੀ ਸਰਕਾਰੀ ਕਰਮਚਾਰੀ ਹੋਣ ਦੇ ਤੌਰ ਤੇ ਆਪਣੇ ਰੁਤਬੇ ਦਾ ਪ੍ਰਭਾਵ ਜਾਂ ਦਬਾਅ ਬਣਾ ਕੇ ਕਿਸੇ ਔਰਤ ਨਾਲ ਜਬਰ ਜਿਨਾਹ ਕਰਦਾ ਹੈ।
ਕੀ ਹੈ ਜੀਰੋ ਐਫ.ਆਈ.ਆਰ.?
ਜਦੋਂ ਕੋਈ ਵਿਅਕਤੀ ਸੰਗੀਨ ਜੁਰਮ ਦੀ ਸ਼੍ਰੇਣੀ ਵਿੱਚ ਆਉਂਦੇ ਅੱਤਿਆਚਾਰ ਦੀ ਸ਼ਕਾਇਤ ਵਕੂਆ ਵਾਲੇ ਖੇਤਰ ਤੋਂ ਬਾਹਰੀ ਪੁਲਿਸ ਥਾਣੇ ਵਿੱਚ ਕਰੇ । ਯਾਨੀ ਅੱਤਿਆਰਚ ਦਾ ਵਕੂਆ ,ਉਸ ਥਾਣਾ ਖੇਤਰ ਦਾ ਨਾ ਬਣਦਾ ਹੋਵੇ । ਪਰੰਤੂ ਕੇਸ ਦਰਜ਼ ਕਰਕੇ, ਤਫਤੀਸ਼ ਕਰਨੀ ਲਾਜਿਮੀ ਹੋਵੇ ਤਾਂ ਅਜਿਹੀ ਹਾਲਤ ਵਿੱਚ ਕਾਨੂੰਨ ਅਨੁਸਾਰ ,ਜੀਰੋ ਐਫ.ਆਈ.ਆਰ. ਦਰਜ ਕਰਕੇ, ਵਕੂਆ ਵਾਲੇ ਥਾਣੇ ਨੂੰ ਭੇਜ ਦਿੱਤੀ ਜਾਂਦੀ ਹੈ। ਤਾਂਕਿ ਪੀੜਤ ਵਿਅਕਤੀ ਨੂੰ ਇਨਸਾਫ ਦਿਵਾਉਣਾ ਯਕੀਨੀ ਬਣਾਇਆ ਜਾ ਸਕੇ।