ਸਤਿੰਦਰ ਸਰਤਾਜ ਨੇ ਸੂਫੀਆਨਾ ਅੰਦਾਜ਼ ‘ਚ ਸੁਰਾਂ ਦੀ ਸ਼ਾਮ, ਕੀਤੀ ਦੀਵਾਲੀ ਮੇਲੇ ਦੇ ਨਾਮ
ਪਦਮ ਸ਼੍ਰੀ ਰਾਜਿੰਦਰ ਗੁਪਤਾ ਮੈਡਮ ਮਧੂ ਗੁਪਤਾ ਡਿਪਟੀ ਕਮਿਸ਼ਨਰ ਪ੍ਰਣਮਦੀਪ ਕੌਰ ਸਮੇਤ ਕਈ ਹਸਤੀਆਂ ਹੋਈਆਂ ਹਾਜ਼ਰ
ਰਘਬੀਰ ਹੈਪੀ, ਬਰਨਾਲਾ 29 ਅਕਤੂਬਰ 2024
ਟਰਾਈਡੈਟ ਗਰੁੱਪ ਦੇ ਖੁੱਲ੍ਹੇ ਆਸਮਾਨ ਹੇਠ, ਤਾਰਿਆਂ ਦੀ ਛਾਂਵੇਂ ਤਿੰਨ ਦਿਨਾਂ ਦਿਵਾਲੀ ਮੇਲੇ ਦੀ ਆਖਿਰੀ ਰਾਤ ,ਮਸ਼ਹੂਰ ਗਾਇਕ ਸਤਿੰਦਰ ਸਰਤਾਜ ਵੱਲੋਂ ਲਾਈ ਸੁਰਾਂ ਦੀ ਛਹਿਬਰ ਨੇ ਅਜਿਹਾ ਸਮਾਂ ਬੰਨਿਆਂ ਕਿ ਲੋਕਾਂ ਨੂੰ ਝੂਮਣ ਲਾ ਦਿੱਤਾ। ਸੰਗੀਤ ਦੇ ਇਸ ਮਹਾਂਉਤਸਵ ਨੂੰ ਮਨਾਉਣ ਲਈ ਟ੍ਰਾਈਡੈਂਟ ਦੇ ਵਿਹੜੇ ‘ਚ 15 ਹਜ਼ਾਰ ਤੋਂ ਵੱਧ ਲੋਕ ਇੱਕੱਠੇ ਹੋਏ। ਸਰਤਾਜ ਨੇ ਆਪਣੀਆਂ ਸੂਫੀ ਗਜ਼ਲਾਂ ਅਤੇ ਮਸ਼ਹੂਰ ਗੀਤਾਂ ਦੇ ਜਾਦੂ ਨਾਲ ਲੋਕਾਂ ਨੂੰ ਠੁਮਕੇ ਲਾਉਣ ਲਈ ਮਜਬੂਰ ਕਰ ਦਿੱਤਾ। ਬਰਨਾਲਾ ਸ਼ਹਿਰ ਵਿੱਚ ਇਸ ਪ੍ਰੋਗਰਾਮ ਦੀਆਂ ਚਰਚਾਵਾਂ ਕਈ ਦਿਨਾਂ ਤੋਂ ਚਲ ਰਹੀਆਂ ਸਨ, ਜਿਸ ਕਾਰਨ ਇਵੈਂਟ ਦੌਰਾਨ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਤੋਂ ਪਹਿਲਾਂ ਅਰਨ ਮੈਮੋਰੀਅਲ ਹਾਲ ਵਿੱਚ ਤਿੰਨ ਦਿਨਾਂ ਤੋਂ ਚੱਲ ਰਹੇ ਦਿਵਾਲੀ ਮੇਲੇ ਵਿੱਚ ਵੀ ਕਾਫੀ ਭੀੜ ਭੜੱਕਾ ਵੇਖਣ ਨੂੰ ਮਿਲਿਆ।
ਸਰਤਾਜ ਦੇ ਹਿੱਟ ਗੀਤਾਂ ਨਾਲ ਮੇਲਾ ਰੌਣਕਾਂ ਨਾਲ ਭਰਪੂਰ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਸਤਿੰਦਰ ਸਰਤਾਜ ਨੇ “ਸਾਈ ਵੇ ਸਾਡੀ ਫਰਿਆਦ ਤੇਰੇ ਤਾਈ” ਗਾ ਕੇ ਪ੍ਰੋਗਰਾਮ ਨੂੰ ਰੂਹਾਨਵੀ ਰੰਗ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ “ਪਹਿਲੀ ਕਿਕ ਤੇ ਸਟਾਰਟ ਮੇਰਾ ਯਾਮਹਾ” ਅਤੇ “ਹੋਰ ਦੱਸ ਕੀ ਭਾਲਦੀ” ਵਰਗੇ ਆਪਣੇ ਹਿੱਟ ਗਾਣਿਆਂ ਨਾਲ ਪ੍ਰੋਗਰਾਮ ਨੂੰ ਅੱਗੇ ਤੋਰਿਆ । ਉਤਸ਼ਾਹੀਤ ਦਰਸ਼ਕਾਂ ਨੇ ਸਟੇਜ ਦੇ ਕੋਲ ਹੀ ਨੱਚ-ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਗਾਇਕ ਦੇ ਹਰ ਗੀਤ ਨਾਲ ਸ਼ਰੋਤੇ ਨਵੇਂ ਜੋਸ਼ ਨਾਲ ਰਿਸ਼ਤਾ ਜੋੜਦੇ ਗਏ।
ਮਹਿਮਾਨਾਂ ਦੀ ਹਾਜ਼ਰੀ ਨਾਲ ਸਮਾਗਮ ਹੋਇਆ ਖ਼ਾਸ
ਇਸ ਰੌਮਾਂਚਕ ਸ਼ਾਮ ਦੇ ਦੌਰਾਨ ਬਹੁਤ ਸਾਰੀਆਂ ਪ੍ਰਮੁੱਖ ਹਸਤੀਆਂ ਵੀ ਮੌਜੂਦ ਰਹੀਆਂ। ਟਰਾਈਡੈਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਆਪਣੀ ਧਰਮਪਤਨੀ ਮਧੂ ਗੁਪਤਾ ਨਾਲ ਹਾਜ਼ਰੀ ਭਰੀ। ਇਸ ਤੋਂ ਇਲਾਵਾ, ਬਰਨਾਲਾ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਐਸਡੀਐਮ ਗੁਰਬੀਰ ਸਿੰਘ ਕੋਹਲੀ, ਅਤੇ ਐਸਪੀਡੀ ਸੰਦੀਪ ਮੰਡ ਵੀ ਸਮਾਗਮ ਦਾ ਹਿੱਸਾ ਰਹੇ। ਐਡਵੋਕੇਟ ਰਾਹੁਲ ਗੁਪਤਾ ਅਤੇ ਡਾ. ਭਰਤ ਸਮੇਤ ਕਈ ਹੋਰ ਮਹਿਮਾਨ ਵੀ ਪ੍ਰਗਟ ਸਨ।
ਦੀਵਾਲੀ ਦੀਆਂ ਵਧਾਈਆਂ ਅਤੇ ਖੁਸ਼ੀਆਂ ਦਾ ਸਨਮਾਨ
ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਆਪਣੇ ਸੰਬੋਧਨ ਵਿਚ ਸਾਰੇ ਇਲਾਕਾ ਵਾਸੀਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਇਹ ਤਿਉਹਾਰ ਹਰ ਘਰ ਵਿਚ ਖੁਸ਼ੀ ਤੇ ਚੜ੍ਹਤ ਲਿਆਵੇ। ਉਨ੍ਹਾਂ ਨੇ ਇਸ ਗਲ ਤੇ ਜ਼ੋਰ ਦਿੱਤਾ ਕਿ ਇਵੈਂਟ ਦੇ ਮਾਹੌਲ ਨੇ ਸਿੱਧ ਕੀਤਾ ਹੈ ਕਿ ਖੁਸ਼ੀਆਂ ਸਾਂਝੀਆਂ ਕਰਨਾ ਹੀ ਜਿੰਦਗੀ ਦਾ ਅਸਲੀ ਮਕਸਦ ਹੈ।
ਸਹਿਯੋਗੀ ਅਤੇ ਸ਼ਹਿਰ ਦੀ ਭਾਰੀ ਹਾਜ਼ਰੀ
ਇਸ ਮਹਾਨੂਭਵ ਸਮਾਗਮ ਵਿਚ ਮਦਰ ਟੀਚਰ ਸਕੂਲ ਦੇ ਐਮਡੀ ਕਪਿਲ ਮਿੱਤਲ, ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਜੈਨ ਜਿਊਲਰਜ਼ ਦੇ ਰਿਸ਼ਵ ਜੈਨ ਅਤੇ ਇੰਡਸਟਰੀ ਚੇਮਬਰ ਦੇ ਪ੍ਰਧਾਨ ਵਿਕਾਸ ਗੋਇਲ ਵੀ ਸ਼ਮਿਲ ਹੋਏ। ਹੋਰ ਪ੍ਰਮੁੱਖ ਹਸਤੀਆਂ ਵਿੱਚ ਪੀਕੇ ਮਾਰਕੰਡੇ, ਰਜਨੀਸ਼ ਗੇਰਾ, ਰੁਪਿੰਦਰ ਗੁਪਤਾ, ਸਵਿਤਾ ਕਲਵਾਨੀਆ, ਅਨਿਲ ਗੁਪਤਾ, ਅਤੇ ਦੀਪਕ ਗਰਗ ਦੇ ਨਾਮ ਸ਼ਾਮਲ ਹਨ।
ਮਿਲਜੁਲ ਕੇ ਮਨਾਈ ਰਾਤ ਬਣੀ ਯਾਦਗਾਰੀ
ਅੰਤ ਵਿੱਚ, ਇਹ ਸ਼ਾਮ ਸਿਰਫ਼ ਇੱਕ ਸੰਗੀਤਕ ਪਰਫਾਰਮੈਂਸ ਨਹੀਂ ਸੀ, ਸਗੋਂ ਖੁਸ਼ੀਆਂ ਅਤੇ ਪਿਆਰ ਦੀ ਸਾਂਝ ਬਣੀ। ਇਸ ਸਮਾਗਮ ਨੇ ਸ਼ਹਿਰ ਵਿੱਚ ਲੋਕਾਂ ਦੇ ਦਿਲਾਂ ਨੂੰ ਜੋੜਿਆ ਅਤੇ ਦਿਵਾਲੀ ਦੇ ਮੌਕੇ ਨੂੰ ਵਿਸ਼ੇਸ਼ ਬਣਾਇਆ। ਸਤਿੰਦਰ ਸਰਤਾਜ ਦੀ ਗਾਇਕੀ ਨਾਲ ਜਸ਼ਨ ਮਨਾਉਣਾ ਲੋਕਾਂ ਲਈ ਇਕ ਐਸੀ ਯਾਦਗਾਰੀ ਰਾਤ ਬਣ ਗਈ, ਜਿਸਦੀ ਗੂੰਜ ਲੰਮੇ ਸਮੇਂ ਤੱਕ ਰਹੇਗੀ।